
ਚੰਡੀਗੜ੍ਹ (7 ਨਵੰਬਰ, 2014): ਪੰਜਾਬ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐਲ. ਐਸ.) ਦੇ ਮੁਖੀ ਹਰਮਿੰਦਰ ਸਿੰਘ ਉਰਫ਼ ਮਿੰਟੂ ਅਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਙ ਪੁਲਿਸ ਮੁਖੀ ਸੁਮੇਧ ਸੈਣੀ ਨੇ ਅੱਜ ਇਥੇ ਪੁਲਿਸ ਹੈੱਡਕੁਆਟਰ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ 10 ਕੇਸਾਂ ਵਿਚ ਲੋੜੀਂਦਾ ਸੀ।
ਪੁਲਿਸ ਦਾਅਵੇ ਅਨੁਸਾਰ ਪੰਜਾਬ ਪੁਲਿਸ ਨੇ ਉਸਦਾ ਟਿਕਾਣਾ ਪਤਾ ਲਗਾ ਕੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਉਸ ਨੂੰ ਥਾਈਲੈਂਡ ਵਿਚ ਕਾਬੂ ਕੀਤਾ ਅਤੇ ਅੱਜ ਥਾਈਲੈਂਡ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਨਵੀਂ ਦਿੱਲੀ ਲਿਆਂਦਾ ਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਡੀਜੀਪੀ ਸੈਣੀ ਨੇ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਮਜ਼ਬੂਤ ਕਰਨ ਅਤੇ ਵਿਦੇਸ਼ ਆਧਾਰਿਤ ਸੰਪਰਕਾਂ ਨਾਲ ਸਿੱਧੇ ਸਬੰਧ ਸਥਾਪਿਤ ਕਰਨ ਤੇ ਅੱਤਵਾਦੀ ਗਤੀਵਿਧੀਆਂ ਵਾਸਤੇ ਫੰਡ ਇਕੱਠੇ ਕਰਨ ਲਈ ਸਰਗਰਮ ਸੀ। ਪਾਕਿਸਤਾਨ ਵਿਚ ਰਹਿੰਦਿਆਂ ਉਹ 2010 ਵਿਚ ਯੂਰਪ ਗਿਆ ਅਤੇ ਜੂਨ 2013 ਵਿਚ ਪਾਕਿਸਤਾਨ ਤੋਂ ਯੂਰਪ ਦੇ ਵੱਡੇ ਟੂਰ ਲਈ ਰਵਾਨਾ ਹੋਇਆ ਤੇ 11 ਮਹੀਨੇ ਜੂਨ 2013 ਤੋਂ 2014 ਤੱਕ ਇਟਲੀ, ਬੈਲਜੀਅਮ, ਜਰਮਨੀ, ਫਰਾਂਸ ਅਤੇ ਹੋਰ ਯੂਰਪੀ ਮੁਲਕਾਂ ਵਿਚ ਘੁੰਮਦਾ ਹੋਇਆ ਮਈ 2014 ਵਿਚ ਦੱਖਣ ਪੂਰਬੀ ਏਸ਼ੀਆ ਵਿਚ ਪਹੁੰਚ ਗਿਆ।
ਇਸ ਮਗਰੋਂ ਮਿੰਟੂ ਕੰਬੋਡੀਆ, ਲਾਓਸ ਤੇ ਬਰਮਾ ਘੁੰਮਿਆ, ਜਿਸ ਮਗਰੋਂ ਉਸਨੇ ਥਾਈਲੈਂਡ ਵਿਚ ਆਪਣਾ ਟਿਕਾਣਾ ਕਾਇਮ ਕਰ ਲਿਆ। ਸਾਲ 2013 ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇਸ ਮੁਖੀ ਨੇ ਪੰਜਾਬ ਵਿਚ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੇ ਯਤਨਾਂ ਦਾ ਇਕ ਵੱਡਾ ਪ੍ਰੋਗਰਾਮ ਉਲੀਕਿਆ ਸੀ, ਜਿਸ ਤਹਿਤ ਉੱਘੇ ਹਿੰਦੂ ਆਗੂਆਂ ਦੀ ਹੱਤਿਆ ਕਰਨ ਦੀ ਯੋਜਨਾਬੰਦੀ ਕੀਤੀ ਸੀ।