ਸ੍ਰੀ ਅੰਮ੍ਰਿਤਸਰ: 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇਗੰਢ ਲੰਘੇ ਦਿਨ ਖਾਲਸਾ ਪੰਥ ਅਤੇ ਗੁਰ ਸੰਗਤਿ ਦੀ ਤਰਫੋਂ ਚਾਰ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਸਾਂਝੇ ਤੌਰ ਉੱਤੇ ਮਨਾਈ ਗਈ। ਇਸ ਮੌਕੇ ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ ਕੀਤਾ ਗਿਆ।
26 ਜਨਵਰੀ 1986 ਦੇ ਸਰਬੱਤ ਖਾਲਸਾ ਦੀ 40ਵੀਂ ਵਰੇਗੰਢ ਸਾਂਝੇ ਤੌਰ ਉੱਪਰ ਮਨਾਉਣ ਤੋਂ ਬਾਅਦ ਇਹਨਾ ਜਥੇਬੰਦੀਆਂ ਦੀ ਇਹ ਦੂਸਰੀ ਜਨਤਕ ਸਾਂਝੀ ਇਕੱਤਰਤਾ ਸੀ। ਇਸ ਮੌਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ, ਸ੍ਰੀ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਅਤੇ ਹੋਰਨਾ ਸੰਘਰਸ਼ ਪੱਖੀ ਸਖਸ਼ੀਅਤਾਂ ਦੀ ਇਕੱਤਰਤਾ ਹੋਈ ਜਿੱਥੇ ਗੁਰਬਾਣੀ ਦਾ ਰਸ ਭਿੰਨਾ ਬੀਰ ਰਸੀ ਕੀਰਤਨ ਗਾਇਨ ਕੀਤਾ ਗਿਆ। ਦੀਵਾਨ ਦੀ ਸਮਾਪਤੀ ਉਪਰੰਤ ਸਮੂਹ ਸੰਗਤਾਂ ਵੱਲੋਂ ਕਾਫਲੇ ਦੇ ਰੂਪ ਵਿੱਚ ਅਕਾਲ ਤਖਤ ਸਾਹਿਬ ਵੱਲ ਰਵਾਨਗੀ ਪਾਈ ਗਈ।
ਅਕਾਲ ਤਖਤ ਸਾਹਿਬ ਦੇ ਸਨਮੁੱਖ ਭਾਈ ਸਤਨਾਮ ਸਿੰਘ ਝੰਜੀਆਂ ਵੱਲੋਂ ਅਰਦਾਸ ਕੀਤੀ ਗਈ ਜਿਸ ਦੌਰਾਨ ਜੰਗੇ ਆਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਭਵਿੱਖ ਵਾਸਤੇ ਨੀਤੀ ਦਸਤਾਵੇਜ ਜਾਰੀ ਕਰਨ ਦੀ ਇਜਾਜਤ ਮੰਗੀ ਗਈ।
ਪੰਚ ਪ੍ਰਧਾਨੀ ਜਥੇ ਵੱਲੋਂ ਭਾਈ ਦਲਜੀਤ ਸਿੰਘ, ਦਲ ਖਾਲਸਾ ਵੱਲੋਂ ਭਾਈ ਪਰਮਜੀਤ ਸਿੰਘ ਮੰਡ, ਅਕਾਲ ਫੈਡਰੇਸ਼ਨ ਵੱਲੋਂ ਭਾਈ ਨਰਾਇਣ ਸਿੰਘ ਚੌੜਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਭਾਈ ਮਹਾਂਵੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਸਤਖਤਾਂ ਵਾਲਾ ਇਹ ਨੀਤੀ ਦਸਤਾਵੇਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਪਰਮਜੀਤ ਸਿੰਘ ਗਾਜ਼ੀ, ਭਾਈ ਹਰਪਾਲ ਸਿੰਘ ਬਲੇਰ, ਐਡਵੋਕੇਟ ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਪਰਮਜੀਤ ਸਿੰਘ ਮੰਡ ਤੇ ਭਾਈ ਮਹਾਵੀਰ ਸਿੰਘ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ।

ਇਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਸਾਹਮਣੇ ਕੀਤੀ ਗਈ ਪੱਤਰਕਾਰ ਵਾਰਤਾ ਦੌਰਾਨ ਦਸਤਾਵੇਜ ਜਾਰੀ ਕਰਨ ਵਾਲੀਆਂ ਸਖਸ਼ੀਅਤਾਂ ਵੱਲੋਂ ਇਸ ਨੀਤੀ ਦਸਤਾਵੇਜ ਦੇ ਚੋਣਵੇਂ ਹਿੱਸੇ ਪੱਤਰਕਾਰ ਵਾਰਤਾ ਦੌਰਾਨ ਪੜ੍ਹ ਕੇ ਸੁਣਾਏ ਗਏ।
⊕ ਖਾਲਿਸਤਾਨ: ਸਿਧਾਂਤ, ਵਿਰਾਸਤ ਅਤੇ ਭਵਿੱਖ (ਨੀਤੀ ਦਸਤਾਵੇਜ) – 29 ਅਪਰੈਲ 2026 [ਪੂਰਾ ਦਸਤਾਵੇਜ ਹਾਸਿਲ ਕਰੋ]
ਇਸ ਦਸਤਾਵੇਜ ਵਿਚ ਕਿਹਾ ਗਿਆ ਹੈ ਕਿ: “੨੯ ਅਪਰੈਲ ੨੦੨੬ ਨੂੰ ਖਾਲਿਸਤਾਨ ਐਲਾਨਨਾਮੇ ਦੀ ੪੦ਵੀਂ ਵਰ੍ਹੇਗੰਢ ਮੌਕੇ ਅਸੀਂ ਹਜਾਰਾਂ ਜਾਂਬਾਜ ਸਿੰਘਾਂ, ਬੀਬੀਆਂ ਤੇ ਭੁਝੰਗੀਆਂ ਦੀ ਸ਼ਹਾਦਤ, ਕੁਰਬਾਨੀ ਤੇ ਜੰਗੀ ਕਾਰਨਾਮਿਆਂ ਨੂੰ ਸਿਜਦਾ ਕਰਦੇ ਹੋਏ, ਸੁਤੰਤਰਤਾ ਪਰਾਪਤੀ ਲਈ ਮਿਥੇ ਰਾਜਸੀ ਨਿਸ਼ਾਨੇ ਖਾਲਿਸਤਾਨ ਲਈ ਲੜੇ ਜਾ ਰਹੇ ‘ਪੰਥਕ ਧਰਮ ਯੁਧ’ ਵਿਚ ਆਪਣਾ ਯੋਗਦਾਨ ਪਾਉਣ ਦਾ ਦ੍ਰਿੜ੍ਹ ਨਿਸਚਾ ਪ੍ਰਗਟ ਕਰਦੇ ਹਾਂ।”
“ਗੁਰੂ ਖਾਲਸਾ ਪੰਥ ਦੇ ਸੇਵਾਦਾਰ ਤੇ ਇਸ ਜੰਗ-ਏ-ਅਜਾਦੀ ਦੇ ਸਿਪਾਹੀ ਹੋਣ ਨਾਤੇ ਸਤਿਗੁਰੂ ਨਾਨਕ ਸਾਹਿਬ ਸਚੇ ਪਾਤਿਸਾਹ ਜੀ ਦੇ ਹਜੂਰ ਅਰਦਾਸ ਕਰਦੇ ਹਾਂ ਕਿ ਸਾਨੂੰ ਪੰਥਕ ਧਰਮ ਯੁਧ ਦੇ ਮਾਰਗ ਉੱਤੇ ਚਲਣ ਲਈ ਸੋਝੀ-ਸਮਰਥਾ-ਸਿਰੜ ਅਤੇ ਏਕਤਾ-ਇਤਫਾਕ ਬਖਸ਼ੋ।”
ਮੌਜੂਦਾ ਹਾਲਾਤ ਬਾਰੇ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ “ਪੂਰੀ ਦੁਨੀਆਂ ਵਿਚ ਖਿੰਡਾਓ ਦਾ ਦੌਰ ਹੈ। ਵਪਾਰਕ ਜੰਗ, ਰਾਜਸੀ ਫੌਜੀ ਜੰਗ, ਤਕਨੀਕ ਦੀ ਜੰਗ, ਬਿਰਤਾਂਤ ਦੀ ਜੰਗ ਆਦਿਕ ਜੰਗਾਂ ਕਾਰਨ ਵਿਸ਼ਵ ਦੀਆਂ ਰਾਜਸੀ ਤੇ ਆਰਥਕ ਪਰਣਾਲੀਆਂ ਵੱਡੀਆਂ ਤਬਦੀਲੀਆਂ ਵਿਚੋਂ ਗੁਜਰ ਰਹੀਆਂ ਹਨ।”
“ਇੰਡੀਆ ਨੂੰ ‘ਸੰਵਿਧਾਨਕ ਹਿੰਦੂਤਵੀ ਸਾਮਰਾਜ’ ਬਣਾਉਣ ਲਈ ਰਾਜਤੰਤਰ ਵਿਚ ਸੰਸਥਾਗਤ ਅਤੇ ਕਾਨੂੰਨੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖਰੀਆਂ ਪਛਾਣਾਂ ਨੂੰ ਮੇਸਣ ਲਈ ਦਮਨ ਚੱਕਰ ਪਰਚੰਡ ਕੀਤਾ ਜਾ ਰਿਹਾ ਹੈ।”
“ਬਿਪਰ ਇੰਡੀਅਨ ਸਾਮਰਾਜ ਵੱਲੋਂ ਸਿਖਾਂ ਦੇ ਸੰਸਥਾਨਾਂ ਨੂੰ ਬੇ-ਸਾਖ ਕਰਨ ਅਤੇ ਅਗਵਾਈ ਨੂੰ ਖਿੰਡਾਉਣ ਦੀ ਨੀਤੀ ਅਨੁਸਾਰ ਵਿਆਪਕ ਰਣਨੀਤਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸਿਖ ਇਸ ਵੇਲੇ ਗੰਭੀਰ ਸੂਖਮ ਤੇ ਸਥੂਲ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ।”
“ਅਜਿਹੇ ਫੈਸਲਾਕੁੰਨ ਮਰਹਲੇ ’ਤੇ ਇਹ ਲਾਜਮੀ ਹੈ ਕਿ ਸਿਖ ਰਾਜਨੀਤੀ ਬਾਰੇ ਹੋ ਰਹੀਆਂ ਵਿਚਾਰ-ਚਰਚਾਵਾਂ ਮਹਿਜ ਵੋਟ ਰਾਜਨੀਤੀ ਅਤੇ ‘ਸੂਬੇਦਾਰੀ’ ਹਾਸਲ ਕਰਨ ਲਈ ਸਿਆਸੀ ਜੋੜ-ਤੋੜ ਤੱਕ ਹੀ ਸੀਮਤ ਨਾ ਰਹਿ ਜਾਣ ਸਗੋਂ ਅਸੀਂ ਜੰਗ-ਏ-ਅਜਾਦੀ ਲਈ ਆਪਣੇ ਅਗਵਾਈ ਦੇ ਢਾਂਚਿਆਂ ਬਾਰੇ ਆਤਮ-ਚਿੰਤਨ ਕਰੀਏ, ਰਾਜ ਪਰਾਪਤੀ ਵੱਲ ਵਧਣ ਲਈ ਸਾਂਝੀ ਰਣਨੀਤੀ ਘੜੀਏ ਅਤੇ ਇਹ ਵਿਚਾਰੀਏ ਕਿ ਭਵਿੱਖ ਵਿਚ ਆਪਣੀ ਕਿਸਮਤ ਕਿਵੇਂ ਘੜਨੀ ਹੈ।”
“ਸੋ ਅੱਜ ਸਾਡੇ ਵੱਲੋਂ ਲਏ ਗਏ ਫੈਸਲਿਆਂ ਦੀ ਗੂੰਜ ਆਉਣ ਵਾਲੇ ਲੰਮੇ ਭਵਿੱਖ ਤੱਕ ਸੁਣਾਈ ਦੇਵੇਗੀ—ਬਿਲਕੁਲ ਉਵੇਂ ਹੀ, ਜਿਵੇਂ ੧੯੪੭ ਤੋਂ ਪਹਿਲਾਂ ਲਏ ਗਏ ਫੈਸਲਿਆਂ ਦੇ ਨਤੀਜੇ ਸਾਹਮਣੇ ਆਏ ਸਨ।”
ਇਸ ਦਸਤਾਵੇਜ ਵਿਚ ਸਭ ਤੋਂ ਪਹਿਲਾਂ ਖਾਲਿਸਤਾਨ ਦੀ ਜੰਗ-ਏ-ਆਜਾਦੀ ਵਿਚ ਸ਼ਹਾਦਤਾਂ ਪ੍ਰਾਪਤ ਕਰਨ ਵਾਲਿਆਂ ਅਤੇ ਯੋਗਦਾਨ ਪਾਉਣ ਵਾਲਿਆਂ ਨੂੰ ਯਾਦ ਕੀਤਾ ਗਿਆ ਹੈ। ਉਸ ਤੋਂ ਬਾਅਦ 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਬੁਨਿਆਦੀ ਇਕਰਾਰ ਅਤੇ ਮਾਨਤਾਵਾਂ ਸਾਂਝੀਆਂ ਕੀਤੀਆਂ ਗਈਆਂ ਹਨ।
ਇਸ ਉਪਰੰਤ ਦਸਤਾਵੇਜ ਵਿੱਚ ‘ਜੰਗ-ਏ-ਆਜਾਦੀ ਦੇ ਅਹਿਮ ਅਸਰ’ ਬਿਆਨੇ ਗਏ ਹਨ ਅਤੇ ਉਸ ਤੋਂ ਬਾਅਦ ‘ਪੰਥਕ ਨਿਸ਼ਾਨੇ’ ਬਾਰੇ ਸਾਂਝੀ ਸਮਝ ਦਰਜ ਕੀਤੀ ਗਈ ਹੈ।
ਇਸ ਉਪਰੰਤ ਦਸਤਾਵੇਜ ਵਿੱਚ ‘ਧਰਮ ਯੁੱਧ ਦਾ ਸਿਧਾਂਤ ਤੇ ਰਣਨੀਤੀ’ ਅਤੇ ‘ਧਰਮ ਯੁੱਧ ਦੀ ਅਗਵਾਈ’ ਬਾਰੇ ਸਪਸ਼ਟਤਾ ਦਰਜ ਕੀਤੀ ਗਈ ਹੈ।
ਇਸ ਤੋਂ ਅਗਾਹ ‘ਬਿਪਰ ਇੰਡੀਅਨ ਸਮਰਾਜ ਬਨਾਮ ਗੁਰੂ ਖਾਲਸਾ ਪੰਥ’ ਸਿਰਲੇਖ ਹੇਠ ‘1947 ਵਿੱਚ ਬ੍ਰਿਟਿਸ਼ ਇੰਡੀਆ ਦਾ ਬਿਪਰ ਇੰਡੀਆ ਦਾ ਰੂਪ ਧਾਰਨ ਕਰਨਾ’ ਅਤੇ ‘ਬਿਪਰ ਇੰਡੀਅਨ ਸਾਮਰਾਜ ਦਾ ਖਾਸਾ’ ਦਰਜ ਕੀਤਾ ਗਿਆ ਹੈ।
ਦਸਤਾਵੇਜ ਦੇ ਅਗਲੇ ਭਾਗ, ਜਿਸ ਦਾ ਸਿਰਲੇਖ ‘ਗੁਰੂ ਖਾਲਸਾ ਪੰਥ ਦੀ ਬਿਪਰ ਇੰਡੀਆ ਸਮਰਾਜ ਨਾਲ ਜੰਗ ਦੇ ਬੁਨਿਆਦੀ ਕਾਰਨ’, ਵਿਚ ‘ਸੰਗਰਾਮ ਦਾ ਸਿਧਾਂਤਕ ਤੇ ਸੰਸਥਾਗਤ ਆਧਾਰ’ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ‘ਪਿਛਲੇ 40 ਸਾਲਾਂ ਵਿੱਚ ਬਿਪਰ ਇੰਡੀਅਨ ਸਟੇਟ ਦੇ ਹਮਲੇ ਦੀ ਪ੍ਰਕ੍ਰਿਤੀ ਤੇ ਪ੍ਰਭਾਵ’ ਦਰਸਾਏ ਗਏ ਹਨ ਅਤੇ ਉਸ ਤੋਂ ਬਾਅਦ ‘ਸਿੱਖਾਂ ਨੂੰ ਗੁਲਾਮੀ ਦੇ ਹਾਲਾਤ ਵਿੱਚ ਰੱਖਣ ਅਤੇ ਆਗੂ ਰਹਿਤ ਕਰਨ ਦੀ ਬਿਪਰ ਇੰਡੀਆ ਸਾਮਰਾਜ ਦੀ ਰਣਨੀਤੀ ਦੇ ਪੈਂਤੜੇ’ ਦਰਜ ਕੀਤੇ ਗਏ। ਇਸ ਤੋਂ ਬਾਅਦ ‘ਇੰਡੀਅਨ ਸਮਰਾਜ ਦੇ ਹਮਲੇ ਪ੍ਰਥਾਏ ਖਾਲਸਾ ਜੀਓ ਦੀ ਸਾਂਝੀ ਘਾਲਣਾ’ ਦਾ ਜਿਕਰ ਕੀਤਾ ਗਿਆ ਹੈ।
ਇਸ ਤੋਂ ਅਗਾਂਹ ਦਸਤਾਵੇਜ਼ ਵਿੱਚ ‘ਵਰਤਮਾਨ ਸਥਿਤੀ, ਸੰਭਾਵਨਾਵਾਂ ਅਤੇ ਚੁਣੌਤੀਆਂ’ ਸਿਰਲੇਖ ਹੇਠ ‘ਨਵੇਂ ਵਿਸ਼ਵ ਵਿਆਪੀ ਪ੍ਰਬੰਧ ਦੇ ਪਰਸੰਗ ਵਿੱਚ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਰਾਜਨੀਤੀ ਦੇ ਅਜੋਕੇ ਹਾਲਾਤ’ ਦਰਜ ਕਰਦਿਆਂ ‘ਪੰਜਾਬ ਅਤੇ ਪੰਥ ਲਈ ਸੰਭਾਵਨਾਵਾਂ ਅਤੇ ਚੁਣੌਤੀਆਂ’ ਦਰਜ ਕੀਤੀਆਂ ਗਈਆਂ।
ਇਸ ਤੋਂ ਅਗਾਂਹ ਦਸਤਾਵੇਜ ਵਿੱਚ ‘ਪੰਜਾਬ ਦੇ ਮਹੱਤਵ’ ਦਾ ਜਿਕਰ ਕਰਦਿਆਂ ਪੰਜਾਬ ਦਾ ‘ਭੂਗੋਲਿਕ ਤੇ ਰਾਜਨੀਤਿਕ ਮਹੱਤਵ’ ਪੰਜਾਬ ਦਾ ‘ਗੁਰਮਤਿ ਅਧਾਰਤ ਸੱਭਿਅਤਾ ਦੇ ਵਿਕਾਸ ਦੀ ਤਵਾਰੀਖੀ ਧਰਤੀ’ ਹੋਣ ਵਜੋਂ ਮਹੱਤਵ ਅਤੇ ਪੰਜਾਬ ਦਾ ‘ਕੁਦਰਤੀ ਸਰੋਤਾਂ ਦੀ ਜਰਖੇਜ ਧਰਤੀ’ ਹੋਣ ਵਜੋਂ ਮਹੱਤਵ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਇਸ ਦਸਤਾਵੇਜ ਵਿੱਚ ‘ਖਾਲਿਸਤਾਨ ਸਿਧਾਂਤ, ਖਾਸਾ ਅਤੇ ਗੁਣ’ ਸਿਰਲੇਖ ਹੇਠ ਸਭ ਤੋਂ ਪਹਿਲਾਂ ‘ਰਾਜ ਤੰਤਰ ਦੀ ਗੁਰਮਤਿ ਅਧਾਰਤ ਪ੍ਰਣਾਲੀ ਤੇ ਆਦਰਸ਼ਾਂ ਬਾਬਤ ਪੰਜਾਬ ਦੇ ਸਾਂਝੇ ਭਾਈਚਾਰੇ ਨਾਲ ਇਕਰਾਰ’ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ‘ਖਾਲਿਸਤਾਨ– ਗੁਰਦੁਆਰਾ ਪਰੰਪਰਾ ਅਤੇ ਨਿਸ਼ਕਾਮ ਸੇਵਾ ਦਾ ਵਿਆਪਕ ਰੂਪ’ ਅਤੇ ‘ਖਾਲਿਸਤਾਨ ਦੇ ਕੁਝ ਗੁਣ’ ਸਿਰਲੇਖਾਂ ਹੇਠ ਸਾਂਝੀ ਸਮਝ ਦਰਜ ਕੀਤੀ ਗਈ ਹੈ।
ਦਸਤਾਵੇਜ਼ ਦਾ ਅਖੀਰੀ ਭਾਗ ‘ਭਵਿੱਖਤ ਕਦਮਾਂ ਲਈ ਨੀਤੀਗਤ ਸੇਧਾਂ’ ਹੈ ਜਿਸ ਤਹਿਤ ਕੁਲ 14 ਨੁਕਤੇ ਦਰਜ ਕੀਤੇ ਗਏ ਹਨ।
ਪਹਿਲੇ ਨੁਕਤੇ ਵਿੱਚ ਕਿਹਾ ਗਿਆ ਹੈ ਕਿ “ਅਸੀਂ ੧੯੪੭ ਵਿਚ ਫਿਰੰਗੀ ਵੱਲੋਂ ਦੱਖਣ ਏਸ਼ੀਆ ਦੇ ਇਸ ਖਿਤੇ ਦੀ ਹਿੰਦੂ ਤੇ ਮੁਸਲਿਮ ਦੋ ਕੌਮਾਂ ਦੇ ਸਿਧਾਂਤ ਦੇ ਅਧਾਰ ਉੱਤੇ ਕੀਤੀ ਗਈ ਵੰਡ ਨੂੰ ਗਲਤ ਮੰਨਦੇ ਹਾਂ। ਅਸੀਂ ਸ੍ਰੀ ਅੰਮ੍ਰਿਤਸਰ ਐਲਾਨਨਾਮੇ ਵਿਚ ਦਰਜ ਭਾਵਨਾ ਅਨੁਸਾਰ ਦੱਖਣ ਏਸ਼ੀਆ ਦੇ ਇਸ ਖਿਤੇ ਨੂੰ ਵੱਖ-ਵੱਖ ਮਤਿ-ਮਜ੍ਹਬ, ਵਿਸ਼ਵਾਸ਼ਾਂ-ਮਾਨਤਾਵਾਂ, ਸਭਿਆਚਾਰਕ ਕੌਮਾਂ, ਨਸਲਾਂ ਤੇ ਇਤਿਹਾਸਕ ਰਾਜਾਂ-ਰਿਆਸਤਾਂ ਵਾਲਾ ਵੰਨ-ਸੁਵੰਨਤਾ ਭਰਪੂਰ ਖਿੱਤਾ ਮੰਨਦੇ ਹਾਂ। ਇਸ ਲਈ ਇਸ ਖਿਤੇ ਦੀ ਮੁੜ ਘਾੜਤ ਕੀਤੀ ਜਾਣੀ ਜਰੂਰੀ ਸਮਝਦੇ ਹਾਂ ਤਾਂ ਕਿ ਇਥੇ ਦੀਆਂ ਵੱਖ-ਵੱਖ ਪਹਿਚਾਣਾਂ ਵਾਲੇ ਸਮੂਹ ਸੁਤੰਤਰਤਾ ਦਾ ਨਿਘ ਮਾਣ ਸਕਣ।”
ਦੂਜਾ ਨੁਕਤਾ ‘ਖਾਲਿਸਤਾਨ ਦੀ ਮਾਨਤਾ ਪਰਾਪਤ ਕਰਨ ਲਈ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਨਾਲ ਕੀਤੇ ਜਾ ਰਹੇ ਕੂਟਨੀਤਿਕ ਯਤਨਾਂ ਨੂੰ ਸੰਸਥਾਗਤ ਰੂਪ ਦਿੱਤਾ ਜਾਵੇ’ ਦਾ ਹੈ।
ਤੀਜੇ ਨੁਕਤੇ ‘ਵਿਸ਼ਵ ਭਾਈਚਾਰੇ ਦੇ ਸਨਮੁਖ ਸੁਤੰਤਰ ਖਾਲਿਸਤਾਨ ਦੇ ਆਦਰਸ਼ਾਂ, ਸਿਧਾਂਤਾਂ ਅਤੇ ਨੈਤਿਕ ਅਸੂਲਾਂ ਨੂੰ ਬੁਲੰਦ ਅਵਾਜ ਵਿਚ ਪੇਸ਼ ਕਰਨ ਲਈ ਸੰਗਰਾਮ ਕਰ ਰਹੇ ਹੋਰ ਜਨ-ਸਮੂਹਾਂ, ਸੰਗਰਾਮ ਪੱਖੀ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਨਾਲ ਸੰਬੰਧ ਮਜਬੂਤ ਕਰਨ ਲਈ ਅਤੇ ਸਹਿਯੋਗ ਲਈ ਸਥਾਈ ਪ੍ਰਣਾਲੀਆਂ ‘ ਵਿਕਸਤ ਕਰਨ ਦੀ ਨੀਤੀਗਤ ਸੇਧ ਦਿੱਤੀ ਗਈ।
ਦਸਤਾਵੇਜ ਵਿਚ ਦਰਜ ਨੀਤੀਗਤ ਸੇਧਾਂ ਦੇ ਬਾਕੀ ਨੁਕਤੇ ਇਸ ਪ੍ਰਕਾਰ ਹਨ:
“ਬਿਪਰ ਇੰਡੀਅਨ ਸਾਮਰਾਜ ਵੱਲੋਂ ਹੋ ਰਹੇ ਜੁਲਮ ਵਿਚ ਸ਼ਾਮਲ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਲਈ ਪੰਜਾਬ ਵਿਚ ਮਨੁੱਖੀ ਅਧਿਕਾਰ ਉਲੰਘਣਾਵਾਂ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਸਬੰਧੀ ਦਸਤਾਵੇਜੀਕਰਨ ਕਰਕੇ ਸਬੂਤ ਇਕੱਠੇ ਕਰਨ, ਸੰਭਾਲਣ ਅਤੇ ਵਿਸ਼ਵ ਪੱਧਰ ਤਕ ਪੈਰਵਾਈ ਕਰਨ ਹਿਤ ਸੰਸਥਾਗਤ ਪ੍ਰਣਾਲੀ ਵਿਕਸਤ ਕੀਤੀ ਜਾਵੇ।”
“ਅਜਾਦ ਖਾਲਿਸਤਾਨ ਦੇ ਵਿਧਾਨ ਤੇ ਸ਼ਾਸਨ ਲਈ ਬੁਨਿਆਦੀ ਪਰਣਾਲੀਆਂ ਦੀ ਰੂਪ-ਰੇਖਾ ਦਾ ਵਿਸਥਾਰਤ ਦਸਤਾਵੇਜ ਤਿਆਰ ਕੀਤਾ ਜਾਵੇ।”
“ਸਾਂਝੀ ਪੰਥਕ ਤਾਕਤ ਦੇ ਵਿਕਾਸ ਲਈ ਸਪਸ਼ਟ ਰਣਨੀਤਕ ਸੇਧਾਂ ਤਿਆਰ ਕਰਕੇ ਦਸਤਾਵੇਜ ਜਾਰੀ ਕੀਤਾ ਜਾਵੇ।”
“ਸੰਸਾਰ ਭਰ ਦੀ ਗੁਰ-ਸੰਗਤਿ ਅਤੇ ਪੰਜਾਬ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਾਂਝੀਆਂ ਚਣੌਤੀਆਂ ਤੇ ਸੰਭਾਵਨਾਵਾਂ ਦੇ ਵਿਚਾਰ ਹਿਤ ਨਿਯਮਿਤ ਸੰਵਾਦ ਲਈ ਪਰਣਾਲੀ ਵਿਕਸਤ ਕੀਤੀ ਜਾਵੇ।”
“ਜੰਗ-ਏ-ਅਜਾਦੀ ਦੇ ਬੀਤੇ ਤੇ ਮੌਜੂਦਾ ਅਮਲ ਦੀ ਅੰਦਰੂਨੀ ਪੜਚੋਲ ਲਈ ਪਰਣਾਲੀ ਵਿਕਸਤ ਕੀਤੀ ਜਾਏ।”
“ਮੌਜੂਦਾ ਅਸਥਿਰ ਦੌਰ ਵਿਚ ਸੰਗਤ ਦੀ ਅਗਵਾਈ ਅਤੇ ਸਾਂਝੇ ਫੈਸਲਿਆਂ ਉੱਤੇ ਨਿਸ਼ਠਾ ਕਾਇਮ ਰੱਖਣ ਲਈ ‘ਪੰਚ-ਪਰਧਾਨੀ’ ਅਤੇ ‘ਗੁਰਮਤਾ’ ਜੁਗਤ ਅਨੁਸਾਰ ਖਾਲਿਸਤਾਨ ਦੀ ਅਗਵਾਈ ਦਾ ਇਕ ਸਾਂਝਾ ਅਤੇ ਸੰਗਤੀ ਮੰਚ ਸਥਾਪਤ ਕੀਤਾ ਜਾਵੇ, ਜਿਸ ਵਿਚ ਹਰ ਜਥੇ ਦੀ ਖੁਦਮੁਖਤਿਆਰ ਹਸਤੀ ਕਾਇਮ ਰਹੇ।”
“ਗੁਰੂ ਖਾਲਸਾ ਪੰਥ ਨੂੰ ਸਹੀ ਰੂਪ ਵਿਚ ਜਥੇਬੰਦ ਕਰਨ ਲਈ ਗੁਰਸੰਗਤਿ ਦੇ ਅੰਦਰੂਨੀ ਜਥਿਆਂ ਦੀ ਬਣਤਰ ਨੂੰ ਰਵਾਇਤੀ ਖਾਲਸਾਈ ਜੁਗਤ ਅਨੁਸਾਰ ਮੁੜ-ਸੁਰਜੀਤ ਕਰਨ ਲਈ ਯਤਨ ਕੀਤੇ ਜਾਣ।”
“ਜੰਗ-ਏ-ਅਜਾਦੀ, ਪੰਥਕ ਸੰਸਥਾਨਾਂ ਤੇ ਜਥਿਆਂ ਲਈ ਸਹੀ ਅਗਵਾਈ ਨੂੰ ਉਭਾਰਨ ਅਤੇ ਆਮ ਗੁਰਸੰਗਤਿ ਵਿਚ ਪੰਥਕ ਚਰਿੱਤਰ ਦੀ ਘਾੜਤ ਘੜਨ ਲਈ ਸਿਖ ਜਥੇਬੰਦੀਆਂ ਅਤੇ ਸੰਸਥਾਨਾਂ ਵਿਚ ਸਖਸ਼ੀ ਅਤੇ ਪੰਥਕ ਰਹਿਤ ਅਧਾਰਤ ਜੀਵਨ ਜੁਗਤਿ ਨੂੰ ਉਤਸ਼ਾਹਿਤ ਕੀਤਾ ਜਾਵੇ।”
“ਬਿਪਰ ਇੰਡੀਅਨ ਸਾਮਰਾਜ ਦੇ ਸੰਵਿਧਾਨਕ ਦਾਇਰੇ ਤੋਂ ਬਾਹਰ ਖਾਲਸਾ ਜੀਓ ਦੀ ਸੁਤੰਤਰ ਪਾਤਸ਼ਾਹੀ ਨੂੰ ਵਿਕਸਿਤ ਕਰਨ ਅਤੇ ‘ਖਾਲਸਾ ਜੀ ਕੇ ਬੋਲੇ ਬਾਲੇ’ ਦੇ ਸਦੀਵੀ ਪੰਥਕ ਨਿਸ਼ਾਨੇ ਹਿਤ ਜਮੀਨੀ ਪੱਧਰ ’ਤੇ ‘ਮੀਰੀ-ਪੀਰੀ’ ਦੇ ਸਿਧਾਂਤ ਅਨੁਸਾਰ ਨੌਜਵਾਨਾਂ ਅਤੇ ਗੁਰ-ਸੰਗਤਿ ਦੇ ਸਰਗਰਮ ਸਥਾਨਕ ਖੁਦਮੁਖਤਿਆਰ ਜਥਿਆਂ ਨੂੰ ਉਭਾਰਿਆ ਅਤੇ ਸੰਗਠਿਤ ਕੀਤਾ ਜਾਵੇ।”
“ਮਨ ਅਤੇ ਮਤਿ ਉੱਤੇ ਗਾਲਬ ਲੌਕਿਕ ਪਦਾਰਥਪ੍ਰਸਤ ਅਤੇ ਰਾਜਪ੍ਰਸਤ ਫਲਸਫੇ ਨੂੰ ਤੋੜਨ ਲਈ ਗੁਰਮਤਿ ਗਿਆਨ ਪ੍ਰਣਾਲੀਆਂ ਅਤੇ ਵਿਦਿਆਲਿਆਂ ਨੂੰ ਨਵਿਆਉਂਦਿਆਂ ਪੰਥਕ ਚੇਤਨਾ ਅਤੇ ਵਿਚਾਰਧਾਰਕ ਸਪਸ਼ਟਤਾ ਨੂੰ ਮਜਬੂਤ ਕਰਨ ਵਾਲੀਆਂ ਸਿਖਿਆ ਪ੍ਰਣਾਲੀ ਵਿਕਸਤ ਕੀਤੀ ਜਾਵੇ।”
“ਗੁਰਮਤਿ ਅਧਾਰਤ ਵਿਸ਼ਵਦਰਿਸ਼ਟੀ ਦੇ ਵਿਕਾਸ ਅਤੇ ਪਰਚਾਰ ਲਈ ਸੰਸਾਰ ਪੱਧਰ ’ਤੇ ਸੰਸਥਾਗਤ ਉਪਰਾਲੇ ਕੀਤੇ ਜਾਣ।”
29 ਅਪਰੈਲ 2026 ਦੇ ਸਮਾਗਮ ਦੀਆਂ ਕੁਝ ਚੋਣਵੀਆਂ ਤਸਵੀਰਾਂ:










