ਚੰਡੀਗੜ੍ਹ: ਪੀਜੀਆਈ ਚੰਡੀਗੜ ਦੇ ਜਿਗਰ ਰੋਗ ਵਿਭਾਗ ਨੇ ਖ਼ਰਾਬ ਜਿਗਰ ਦਾ ਸਟੈੱਮ ਸੈੱਲ ਥੈਰੇਪੀ ਨਾਲ ਸਫ਼ਲ ਇਲਾਜ ਕਰ ਕੇ ਮੈਡੀਕਲ ਖੇਤਰ ਵਿੱਚ ਇੱਕ ਹੋਰ ਵੱਡਾ ਮਾਅਰਕਾ ਮਾਰਿਆ ਹੈ। ਅੱਸੀ ਫ਼ੀਸਦੀ ਤੱਕ ਖ਼ਰਾਬ ਹੋ ਚੁੱਕੇ ਜਿਗਰ ਦੇ ਇਲਾਜ ਲਈ ਟਰਾਂਸਪਲਾਂਟ ਦੀ ਜ਼ਰੂਰਤ ਨਹੀਂ ਰਹੀ। ਜਿਗਰ ਰੋਗ ਵਿਭਾਗ ਵਿੱਚ ਜਿਗਰ ਦੇ 165 ਮਰੀਜ਼ਾਂ ਦਾ ਇਲਾਜ ਕਰਨ ਤੋਂ ਬਾਅਦ ਇਸ ਤਕਨੀਕ ਨੂੰ ਇੱਕ ਕੌਮਾਂਤਰੀ ਰਸਾਲੇ ‘ਹੈਪਟਾਲੋਜੀ ਐਂਡ ਅਲਕੋਹਲ ਹੈਪਟਾਈਟਸ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸਟੈੱਮ ਸੈੱਲ ਥੈਰੇਪੀ ’ਤੇ ਸਿਰਫ਼ ਤਿੰਨ ਹਜ਼ਾਰ ਰੁਪਏ ਖ਼ਰਚ ਆ ਰਿਹਾ ਹੈ ਜਦਕਿ ਜਿਗਰ ਟਰਾਂਸਪਲਾਂਟ ’ਤੇ ਪੰਦਰਾਂ ਲੱਖ ਰੁਪਏ ਲੱਗ ਜਾਂਦੇ ਹਨ। ਵਿਸ਼ਵ ਭਰ ਵਿੱਚ ਜਿਗਰ ਅਤੇ ਸ਼ੱਕਰ ਰੋਗ ਦਾ ਸਟੈੱਮ ਸੈੱਲ ਰਾਹੀਂ ਇਲਾਜ ਦੀ ਵਿਧੀ ਖੋਜਣ ਦਾ ਸਿਹਰਾ ਪੀਜੀਆਈ ਸਿਰ ਸਜਿਆ ਹੈ।
ਹੈਪਟਾਲੋਜੀ ਵਿਭਾਗ ਦੇ ਪ੍ਰੋ. ਵਰਿੰਦਰਾ ਸਿੰਘ ਨੇ ਨਵੀਂ ਤਕਨੀਕ ਸਾਹਮਣੇ ਲਿਆਂਦੀ ਹੈ। ਉਨ੍ਹਾਂ ਇਸ ਤਕਨੀਕ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਦੱਸਿਆ ਕਿ ਸਟੈੱਮ ਸੈੱਲ ਥੈਰੇਪੀ ਤਕਨੀਕ ਸਸਤੀ ਅਤੇ ਸਰਲ ਹੈ। ਨਵੀਂ ਤਕਨੀਕ ਨਾਲ ਸ਼ਰਾਬ ਵੱਧ ਪੀਣ ਅਤੇ ਕਿਸੇ ਵੀ ਹੋਰ ਤਰ੍ਹਾਂ ਜਿਸ ਵਿੱਚ ਕਾਲਾ ਮੋਤੀਆ ਸ਼ਾਮਲ ਹੈ, ਦੇ ਮਰੀਜ਼ਾਂ ਦਾ ਸਫ਼ਲ ਇਲਾਜ ਸੰਭਵ ਹੋ ਸਕਿਆ ਹੈ। ਸਟੈੱਮ ਸੈੱਲ ਥੈਰੇਪੀ ਰਾਹੀਂ ਜਿਗਰ ਦੇ ਮਰੀਜ਼ ਨੂੰ ਗਰਾਨੂੰਲੋਸਾਈਟ ਨਾਂ ਦੇ ਛੇ ਟੀਕੇ ਪੰਜ ਦਿਨਾਂ ਲਈ ਰੀੜ੍ਹ ਦੀ ਹੱਡੀ ਵਿੱਚ ਸਵੇਰੇ-ਸ਼ਾਮ ਲਾਏ ਜਾਂਦੇ ਹਨ। ਇੱਕ ਟੀਕੇ ਦਾ ਮੁੱਲ ਤਿੰਨ ਸੌ ਰੁਪਏ ਹੈ। ਇਸ ਤਕਨੀਕ ਦੀ ਖ਼ਾਸੀਅਤ ਇਹ ਹੈ ਕਿ ਇਹ ਟੀਕੇ ਰੀੜ੍ਹ ਦੀ ਹੱਡੀ ਵਿੱਚ ਨਵੀਂ ਬੋਨ ਮੈਰੋ ਬਣਾ ਕੇ ਉਸ ਨੂੰ ਜਿਗਰ ਤਕ ਪਹੁੰਚਾ ਦਿੰਦੇ ਹਨ।
ਇਸ ਨਾਲ ਖ਼ਰਾਬ ਜਿਗਰ ਦੀ ਥਾਂ ਨਵਾਂ ਜਿਗਰ ਆਪਣਾ ਸਥਾਨ ਬਣਾ ਲੈਂਦਾ ਹੈ। ਇਸ ਨੂੰ ਜਿਗਰ ਦੀ ਮੁੜ ਸੁਰਜੀਤੀ ਦਾ ਨਾਂ ਦਿੱਤਾ ਜਾ ਰਿਹਾ ਹੈ। ਟੀਕ ਨਾਲ ਮਰੀਜ਼ ਦੇ ਅੰਦਰਲਾ ਬੋਨ ਮੈਰੋ ਆਮ ਨਾਲੋਂ ਕਈ ਗੁਣਾ ਤੇਜ਼ੀ ਨਾਲ ਵਧਦਾ ਹੈ। ਪੀਜੀਆਈ ਵਿੱਚ ਦਸ ਦੇ ਕਰੀਬ ਮਰੀਜ਼ਾਂ ਦਾ ਜਿਗਰ ਟਰਾਂਸਪਲਾਂਟ ਹੋ ਚੁੱਕਿਆ ਹੈ। ਇਸ ’ਤੇ ਲੱਖਾਂ ਰੁਪਏ ਦਾ ਖ਼ਰਚ ਆ ਰਿਹਾ ਹੈ ਅਤੇ ਇਸ ਤੋਂ ਬਾਅਦ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਭਾਰਤ ਸਰਕਾਰ ਨੇ ਇਸ ਨਵੀਂ ਤਕਨੀਕ ਨੂੰ ਉਤਸ਼ਾਹਿਤ ਕਰਨ ਵਾਸਤੇ 84 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਵਿੱਚੋਂ ਅੱਧੀ ਰਕਮ ਸਿਰਫ਼ ਨਸ਼ਿਆਂ ਕਾਰਨ ਜਿਗਰ ਰੋਗ ਦਾ ਦੁੱਖ ਭੋਗ ਰਹੇ ਮਰੀਜ਼ਾਂ ਵਾਸਤੇ ਹੈ।
ਡਾ. ਵਰਿੰਦਰ ਸਿੰਘ ਦਾ ਦੱਸਣਾ ਹੈ ਕਿ ਸਟੈੱਮ ਸੈੱਲ ਥੈਰੇਪੀ ਦੀ ਦੁਬਾਰਾ ਜ਼ਰੂਰਤ ਪੈਣ ’ਤੇ ਏਨੇ ਖ਼ਰਚ ਨਾਲ ਹੀ ਦੁਬਾਰਾ ਤੋਂ ਇਲਾਜ ਕਰਨਾ ਵੀ ਸੰਭਵ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਇੱਕ ਸਰਵੇਖਣ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 2.3 ਲੱਖ ਜਿਗਰ ਦੇ ਮਰੀਜ਼ ਹਨ ਅਤੇ ਇਹ ਗਿਣਤੀ ਮੁਲਕ ਭਰ ਵਿੱਚ ਸਭ ਤੋਂ ਵੱਧ ਹੈ। ਇਨ੍ਹਾਂ ਵਿੱਚੋਂ ਤੀਜਾ ਹਿੱਸਾ ਨਸ਼ੇ ਕਰਨ ਕਰਕੇ ਬਿਮਾਰੀ ਦੀ ਮਾਰ ਹੇਠ ਆਏ ਹਨ। ਡਾ. ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਟੈੱਮ ਸੈੱਲ ਥੈਰੇਪੀ ਜਿਗਰ ਦੀ ਸਮੱਸਿਆ ਕਾਰਨ ਪੇਟ ’ਚ ਪਾਣੀ ਭਰਨ ਅਤੇ ਮਰੀਜ਼ ਦੇ ਬੇਹੋਸ਼ ਹੋ ਜਾਣ ਦਾ ਇਲਾਜ ਵੀ ਬਰਾਬਰ ਹੀ ਕਰਦੀ ਹੈ। ਪੀਜੀਆਈ ਵਿੱਚ ਸ਼ੂਗਰ ਦਾ ਇਲਾਜ ਵੀ ਇਸ ਥੈਰੇਪੀ ਨਾਲ ਹੋ ਰਿਹਾ ਹੈ। ਸ਼ੂਗਰ ਦੇ ਇਲਾਜ ਲਈ ਸਟੈੱਮ ਸੈੱਲ ਥੈਰੇਪੀ ਥੋੜ੍ਹੀ ਜ਼ਿਆਦਾ ਗੁੰਝਲਦਾਰ ਅਤੇ ਮਹਿੰਗੀ ਹੈ।