ਤਰਨ ਤਾਰਨ (27 ਦਸੰਬਰ, 2015): ਪਿੰਡ ਮਰਹਾਨਾ ਦੇ ਗੁਰਦੁਆਰਾ ਸਾਹਿਬ ਰਾਠੀਕੇ ਦੇ ਪ੍ਰਬੰਧ ‘ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਕਬਜ਼ਾ ਕਰਨ ਵਿਰੁੱਧ ਵਿੱਚ ਪਿੰਡ ਦੇ ਲੋਕਾਂ ਨੇ ਕੌਮੀ ਸ਼ਾਹ ਮਾਰਗ-54 ‘ਤੇ ਰੋਸ ਵਜੋਂ ਧਰਨਾ ਲਾ ਕੇ ਸੜਕ ‘ਤੇ ਆਵਾਜਾਈ ਜ਼ਾਮ ਕਰ ਦਿੱਤੀ।
ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਮਾਮਲੇ ਵਿੱਚ ਪਿੰਡ ਦੋ ਧੜਿਆਂ ਵਿਚ ਵੰਡਿਆ ਗਿਆ ਹੈ ਜਿਸ ਤਹਿਤ ਅੰਦੋਲਨ ਕਰਦਾ ਧੜਾ ਇਸ ਗੁਰਦੁਆਰੇ ਦਾ ਪ੍ਰਬੰਧ ਪਿੰਡ ਵਾਸੀਆਂ ਦੀ ਕੋਈ ਸਾਂਝੀ ਕਮੇਟੀ ਬਣਾ ਕੇ ਉਸ ਨੂੰ ਦੇਣ ਦੀ ਮੰਗ ਕਰ ਰਿਹਾ ਹੈ ਜਦਕਿ ਗੁਰਦੁਆਰੇ ’ਤੇ ਕਾਬਜ਼ ਧੜੇ ਵਲੋਂ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤਾ ਗਿਆ ਹੈ।

ਮੌਕੇ ’ਤੇ ਗੁਰਦੁਆਰੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਕਬਜ਼ਾ ਕਰੀ ਬੈਠੇ ਹਨ ਅਤੇ ਦੂਸਰੇ ਪਾਸੇ ਪਿੰਡ ਵਾਸੀ ਸੜਕ ’ਤੇ ਧਾਰਨ ਦੇ ਕੇ ਆਪਣੇ ਮੰਗ ਨੂੰ ਮਨਵਾਉਣ ਲਈ ਅੰਦੋਲਨ ਕਰ ਰਹੇ ਹਨ।
ਇਸ ਹਾਲਾਤ ਨਾਲ ਨਿਪਟਣ ਲਈ ਪ੍ਰਸ਼ਾਸ਼ਨ ਨੂੰ ਕਾਫ਼ੀ ਮੁਸ਼ੱਕਤ ਕਰਨੀ ਪੲੀ। ਆਵਾਜਾਈ ਨੂੰ ਆਮ ਵਾਂਗ ਕਰਨ ਲਈ ਬਦਲਵੇਂ ਪ੍ਰਬੰਧ ਕਰਨੇ ਪਏ ਜਿਸ ਨਾਲ ਮੁਸਾਫਰਾਂ ਨੂੰ ਦਿਨ ਭਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਇਸ ਧਰਨੇ ਵਾਲੀ ਥਾਂ ’ਤੇ ਸਵੇਰੇ ਪੰਜ ਵਜੇ ਆ ਗਏ ਅਤੇ ਆਖਰੀ ਖਬਰਾਂ ਲਿਖੇ ਜਾਣ ਤੱਕ ਲੋਕਾਂ ਦਾ ਇਹ ਵਿਰੋਧ ਜਾਰੀ ਸੀ। ਮੌਕੇ ’ਤੇ ਸਿਵਲ ਪ੍ਰਸ਼ਾਸਨ ਦੇ ਇਲਾਵਾ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।
ਅੰਦੋਲਨ ਕਰਦੇ ਪਿੰਡ ਵਾਸੀਆਂ ਦੀ ਅਗਵਾਈ ਬੀਰਦਵਿੰਦਰ ਸਿੰਘ ਅਤੇ ਬੀਬੀ ਭੁਪਿੰਦਰ ਕੌਰ ਵਲੋਂ ਕੀਤੀ ਜਾ ਰਹੀ ਹੈ ਜਦਕਿ ਦੂਜੇ ਧੜੇ ਦੀ ਅਗਵਾਈ ਪਿੰਡ ਵਾਸੀ ਮਨਜੀਤ ਸਿੰਘ ਕਰ ਰਿਹਾ ਹੈ। ਇਸ ਗੁਰਦੁਆਰੇ ਦੇ ਨਾਂ ’ਤੇ ਕੋਈ 25 ਏਕੜ ਜ਼ਮੀਨ ਦੀ ਮਾਲਕੀ ਹੈ।
ਗੁਰਦੁਆਰੇ ਦਾ ਪ੍ਰਬੰਧ ਪਿੰਡ ਵਾਸੀਆਂ ਨੂੰ ਦੇਣ ਦੇ ਅੰਦੋਲਨ ਦੀ ਹਮਾਇਤ ਕਾਂਗਰਸ ਪਾਰਟੀ ਦੇ ਆਗੂ ਹਰਮਿੰਦਰ ਸਿੰਘ ਗਿੱਲ ਸਮੇਤ ਸਰਹਾਲੀ ਦੇ ਇਕ ਸਾਬਕਾ ਸਰਪੰਚ ਅਤੇ ਹਾਕਮ ਅਕਾਲੀ ਦਲ ਖਿਲਾਫ਼ ਇਲਾਕੇ ਅੰਦਰ ਸਰਗਰਮ ਵਿਅਕਤੀ ਗੁਰਮਹਾਂਵੀਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਸ੍ਰ. ਗਿੱਲ ਅਤੇ ਗੁਰਮਹਾਂਵੀਰ ਸਿੰਘ ਨੇ ਅੱਜ ਵੀ ਲੋਕਾਂ ਦੇ ਧਰਨੇ ਵਿਚ ਆ ਕੇ ਸੰਬੋਧਨ ਕੀਤਾ।
ਪਿੰਡ ਦੇ ਮਨਜੀਤ ਸਿੰਘ ਨੂੰ ਹਾਕਮ ਅਕਾਲੀ ਦਲ ਦੇ ਪੱਟੀ ਹਲਕੇ ਨਾਲ ਸਬੰਧਤ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਹਮਾਇਤ ਹਾਸਲ ਦੱਸੀ ਜਾਂਦੀ ਹੈ।