ਲੰਡਨ (27 ਦਸੰਬਰ, 2015): ਬਰਤਾਨੀਆਂ ਦੀਆਂ ਸਿੱਖ ਜੱਥੇਬੰਦੀਆਂ ਦੀ ਸਾਂਝੀ ਸੰਸਥਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਨੇ ਪੁਰਤਗਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੰਟਰਪੋਲ ਵੱਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ।

ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵੱਲੋਂ ਪੁਰਤਗਾਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਈ ਪਰਮਜੀਤ ਸਿੰਘ ਪੰਮਾ ਨੂੰ ਇੰਗਲੈਂਡ ਵਾਪਸ ਭੇਜਣ ਦੀ ਕਾਰਵਾਈ ਕਰੇ ਕਿਉਂਕਿ ਭਾਰਤ ਵਿੱਚ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਖਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਈ ਪੰਮਾ ਦੀ ਗ੍ਰਿਫਤਾਰੀ, ਅਜ਼ਾਦੀ ਪਸੰਦ ਸਿੱਖਾਂ, ਸਿੱਖ ਮੀਡੀਆ ਅਤੇ ਸਿੱਖ ਗੁਰਦੁਆਰਿਆਂ ਖਿਲਾਫ ਦਸਤਾਵੇਜ਼ ਪੇਸ਼ ਕਰਨਾ ਤੇ ਨਾਲ ਹੀ ਦੂਜੇ ਪਾਸੇ ਕੁਝ ਸਿੱਖਾਂ ਨਾਲ ਮੁਲਾਕਾਤ ਕਰਨੀ ਭਾਰਤ ਸਰਕਾਰ ਦੇ ਦੋਹਰੇ ਕਿਰਦਾਰ ਨੂੰ ਬੇਨਕਾਬ ਕਰਦਾ ਹੈ।
ਪੰਜਾਬੀ ਅਕਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ ਆਗੂਆਂ ਨੇ ਕਿਹਾ ਭਾਰਤ ਸਰਕਾਰ ਦੀਆਂ ਇਹ ਕੁਚਾਲਾਂ ਸਿੱਖਾਂ ਨੂੰ ਸੁਚੇਤ ਕਰਦੀਆਂ ਹਨ ਕਿ ਭਾਰਤ ਸਰਕਾਰ ਸਿੱਖਾਂ ਪ੍ਰਤੀ ਨਾ ਕਦੇ ਈਮਾਨਦਾਰ ਸੀ, ਨਾ ਅੱਜ ਹੈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗੀ। ਭਾਰਤੀ ਸਰਕਾਰੀ ਤਾਕਤਾਂ ਵੱਲੋਂ ਸਿੱਖਾਂ ਪ੍ਰਤੀ ਜ਼ਾਲਮਾਨਾ ਪਹੁੰਚ 1947 ਤੋਂ ਹੀ ਨਿਰੰਤਰ ਜਾਰੀ ਹੈ।
ਪਰਮਜੀਤ ਸਿੰਘ ਨੂੰ ਪੰਜਾਬ ਪੁਲਿਸ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ ਕਤਲ ਸਮੇਤ ਤਿੰਨ ਕੇਸਾਂ ਵਿੱਚ ਭਾਰਤ ਲਿਜਾਣਾ ਚਾਹੁੰਦੀ ਹੈ ਜਦੋਂ ਕਿ ਇਹਨਾਂ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਅਦਾਲਤਾਂ ਵੱਲੋਂ ਬਾਇੱਜ਼ਤ ਬਰੀ ਕੀਤੇ ਜਾ ਚੁੱਕੇ ਹਨ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਿੱਚ ਸ਼ਾਮਿਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ. ਕੇ. ਭਾਈ ਅਮਰੀਕ ਸਿੰਘ ਗਿੱਲ, ਅਖੰਡ ਕੀਰਤਨੀ ਜਥਾ ਯੂ. ਕੇ. ਭਾਈ ਬਲਬੀਰ ਸਿੰਘ ਜਥੇਦਾਰ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਯੂਨਾਈਟਿਡ ਖਾਲਸਾ ਦਲ ਯੂ. ਕੇ. ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਕੁਲਵੰਤ ਸਿੰਘ ਢੇਸੀ, ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ. ਕੇ. ਭਾਈ ਗੁਰਦੇਵ ਸਿੰਘ ਚੌਹਾਨ, ਇੰਟਰਨੈਸ਼ਨਲ ਪੰਥਕ ਦਲ ਭਾਈ ਰਘਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਦੇ ਭਾਈ ਗੁਰਦਿਆਲ ਸਿੰਘ ਅਟਵਾਲ, ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸ਼ਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਭਾਈ ਮਨਮੋਹਣ ਸਿੰਘ ਖਾਲਸਾ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦਾ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ, ਸਮੂਹ ਸਿੱਖ ਜਥੇਬੰਦੀਆਂ ਨੂੰ ਭਾਰਤ ਹਾਵਾਲਗੀ ਦੇ ਯਤਨਾਂ ਦਾ ਵਿਰੋਧ ਕੀਤਾ।
ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਸੌਂਪੇ ਗਏ ਦਸਤਾਵੇਜ਼ ਵਿੱਚ ਭਾਈ ਪਰਮਜੀਤ ਸਿੰਘ ਪੰਮਾ ਦਾ ਨਾਮ ਵੀ ਦਰਜ ਹੈ।