ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਫਤਹਿਗੜ੍ਹ ਸਾਹਿਬ ਵਿਖੇ ਹੋਈ। ਇਸ ਮੌਕੇ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇੱਕ ਪੱਤਰ ਭੇਜ ਕੇ ਅਮਰੀਕਾ ਇਮੀਗ੍ਰੇਸ਼ਨ ਵਿਭਾਗ ਨੂੰ ਇਹ ਦੱਸਣ ਦਾ ਯਤਨ ਕੀਤਾ ਜਾਵੇਗਾ ਕਿ ਸਿੱਖ ਪਾਕਿਸਤਾਨ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕਰਨ ਲਈ ਜਾਂਦੇ ਹਨ। ਇਸ ਲਈ ਜੇਕਰ ਉਨ੍ਹਾਂ ਦੇ ਪਾਸਪੋਰਟ ’ਤੇ ਪਾਕਿਸਤਾਨ ਦੇ ਵੀਜ਼ੇ ਦੀ ਮੋਹਰ ਲੱਗੀ ਹੋਵੇ ਤਾਂ ਉਨ੍ਹਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਨਾ ਦੇਖਿਆ ਜਾਵੇ।

ਕੈਲੇਫੋਰਨੀਆਂ ਦੇ ਯੂਨੀਅਨ ਸਿਟੀ ਵਿੱਚ ਸੁਖਮਨੀ ਸਾਹਿਬ ਦੇ ਗੁਟਕੇ ਨੂੰ ਪਾੜ ਕੇ ਸੁੱਟਣ ਦੀ ਘਟਨਾ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਅਟਾਰੀ ਰੇਲਵੇ ਸਟੇਸ਼ਨ, ਇੰਟਰਨੈਸ਼ਨਲ ਏਅਰਪੋਰਟ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਹੋਰ ਘਰੇਲੂ ਹਵਾਈ ਅੱਡਿਆਂ ’ਤੇ ਉੱਥੋਂ ਦੀਆਂ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਜਾਵੇਗੀ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੂਆਂ ਨੂੰ ਸਿੱਖੀ ਦੇ ਪਵਿੱਤਰ ਅਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸ਼ਹਿਰਾਂ ਵਿੱਚ ਜਿੰਨੇ ਵੀ ਗੁਰਦੁਆਰੇ ਹਨ, ਉੱਥੇ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਰਜਿਸਟਰੇਸ਼ਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਬਾਰੇ ਵੇਰਵੇ ਇਕੱਤਰ ਕੀਤੇ ਜਾਣਗੇ।