ਅੰਮਿ੍ਤਸਰ (6 ਦਸੰਬਰ, 2015): ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਪੰਜਾਬ ‘ਚ ਪੁਲਿਸ ਵੱਲੋਂ ਬਣਾਏ ਝੂਠੇ ਮੁਕਾਬਲਿਆਂ ਦਾ ਪਰਦਾਫਾਸ਼ ਕੀਤੇ ਜਾਣ ‘ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੰਗ ਕੀਤੀ ਕਿ ਇਨ੍ਹਾਂ ਝੂਠੇ ਪੁਲਿਸ ਮੁਕਾਬਲ਼ਿਆਂ ਦੀ ਜਾਂਚ ਲਈ ਸਚਾਈ ਕਮਿਸ਼ਨ (ਟਰੁਥ ਕਮਿਸ਼ਨ) ਬਣਾਇਆ ਜਾਵੇ ।

ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਕਾਲੀ-ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ‘ਚ ਇਸ ਨੂੰ ਸ਼ਾਮਿਲ ਕਰਨ ਕਿ ਸਰਕਾਰ ਬਣਾਉਣ ‘ਤੇ ਇਹ ਕਮਿਸ਼ਨ ਨੂੰ ਬਣਾਇਆ ਜਾਵੇਗਾ ।
ਪੀਰ ਮੁਹੰਮਦ ਨੇ ਕਿਹਾ ਕਿ ਬਾਦਲ ਦਲ ਨੇ ਇਸ ਤੋਂ ਪਹਿਲਾਂ 1997 ‘ਚ ਆਪਣੇ ਚੋਣ ਮਨੋਰਥ ਪੱਤਰ ‘ਚ ਮੰਨਿਆ ਸੀ ਕਿ ਉਹ ਇਹ ਕਮਿਸ਼ਨ ਬਣਾਉਣਗੇ ਪਰ ਦੋ ਵਾਰ ਲਗਾਤਾਰ ਸਰਕਾਰ ਬਣਾਉਣ ਦੇ ਬਾਵਜੂਦ ਅਕਾਲੀ ਦਲ ਵੱਲੋਂ ਇਹ ਕਮਿਸ਼ਨ ਨਹੀਂ ਬਣਾਇਆ ਗਿਆ ।
ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਦੇ ਦਿੱਤੇ ਗਏ ਅੰਕੜੇ ਨੂੰ ਅੱਜ ਸਰਕਾਰੀ ਤੌਰ ਪ੍ਰਮਾਣਿਕਤਾ ਮਿਲੀ ਹੈ ਅਤੇ ਫੈਡਰੇਸ਼ਨ ਇਹ ਮਾਮਲਾ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲੈ ਕੇ ਜਾਵੇਗਾ ।