ਕੋਟਕਪੂਰਾ: ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਦਾ ਦੂਜੇ ਦਿਨ ਵੀ ਸਸਕਾਰ ਨਹੀਂ ਹੋ ਸਕਿਆ। ਨਾਮ ਚਰਚਾ ਘਰ ਵਿੱਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਨੇ ਲਾਸ਼ ਨੂੰ ਫਰਿੱਜ ਵਿੱਚ ਰੱਖ ਦਿੱਤਾ। ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਦੀ ਆਰਥਿਕ ਮਦਦ ਅਤੇ ਪਰਿਵਾਰ ਕੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ, ਜਦੋਂਕਿ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ’ਤੇ ਬਜ਼ਿਦ ਹਨ।

ਡੇਰਾ ਪ੍ਰੇਮੀਆਂ ਨੇ ਅੱਜ ਦੁਪਹਿਰ ਵੇਲੇ ਸ਼ਹਿਰ ਵਿੱਚ ਰੋਸ ਪ੍ਰਦਸ਼ਰਨ ਕਰਨ ਦੀ ਤਿਆਰੀ ਵੱਟ ਲਈ ਸੀ। ਦੂਜੇ ਜ਼ਿਲ੍ਹਿਆਂ ਤੋਂ ਪ੍ਰੇਮੀਆਂ ਦਾ ਇਕੱਠ ਕੋਟਕਪੂਰੇ ਵੱਲ ਆ ਰਿਹਾ ਸੀ। ਜਦੋਂ ਇਹ ਸੂਚਨਾ ਪ੍ਰਸ਼ਾਸਨਿਕ ਗਲਿਆਰੇ ਤੱਕ ਪੁੱਜੀ ਤਾਂ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਤੁਰੰਤ ਡੇਰੇ ਦੀ 45 ਮੈਂਬਰੀ ਕਮੇਟੀ ਦੇ ਕੁੱਝ ਮੈਂਬਰਾਂ ਨੂੰ ਗੱਲਬਾਤ ਲਈ ਸੱਦਿਆ। ਕਮੇਟੀ ਮੈਂਬਰ ਮਹਿੰਦਰਪਾਲ ਬਿੱਟ, ਗੁਰਦੇਵ ਸਿੰਘ ਤੇ ਜਗਜੀਤ ਸਿੰਘ ਨਾਲ ਬਠਿੰਡਾ ਰੇਂਜ ਦੇ ਡੀਆਈਜੀ ਫ਼ਰੀਦਕੋਟ ਦੇ ਜ਼ਿਲ੍ਹਾ ਪੁਲੀਸ ਮੁਖੀ ਸੁਖਵਿੰਦਰ ਸਿੰਘ ਮਾਨ ਤੇ ਸ੍ਰੀ ਮੁਕਤਸਰ ਸਾਹਿਬ ਦੇ ਐਸਪੀ ਬਲਜੀਤ ਸਿੰਘ ਸਿੱਧੂ ਨੇ ਭਰੋਸਾ ਦੁਆਇਆ ਕਿ ਪੁਲੀਸ ਕੇਸ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈ। ਤਫ਼ਤੀਸ਼ ਦੌਰਾਨ ਕੁਝ ਅਹਿਮ ਜਾਣਕਾਰੀ ਪੁਲੀਸ ਨੂੰ ਮਿਲੀ ਹੈ। ਪੁਲੀਸ ਨੂੰ ਆਸ ਹੈ ਕਿ ਜਲਦੀ ਹੀ ਅਹਿਮ ਤੱਥ ਸਾਹਮਣੇ ਆਉਣਗੇ। ਮੀਟਿੰਗ ਵਿੱਚ ਡੇਰਾ ਪ੍ਰੇਮੀਆਂ ਨੇ ਪ੍ਰਸ਼ਾਸਨ ਕੋਲ ਮੰਗ ਰੱਖੀ ਕਿ ਜਾਂਚ ਤੇਜ਼ੀ ਨਾਲ ਕੀਤੀ ਜਾਵੇ।