ਅੰਮ੍ਰਿਤਸਰ: ਦੋ ਪਹੀਆ ਵਾਹਨ ਚਾਲਕਾਂ ਦੇ ਚਿਹਰਾ ਢਕ ਕੇ ਸਕੂਟਰ/ ਮੋਟਰਸਾਈਕਲ ਚਲਾਉਣ ‘ਤੇ ਅੰਮ੍ਰਿਤਸਰ ਕਮਿਸ਼ਨਰ ਵਲੋਂ ਲਾਈ ਪਾਬੰਦੀ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਸ਼ਹਿਰ ‘ਚ ਦੋ ਦਿਨਾਂ ਵਿਚ 46 ਮੋਟਰ ਸਾਈਕਲ ਸਵਾਰਾਂ ਨੂੰ ਰੋਕਿਆ ਗਿਆ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੁਤਾਬਕ, ਪਾਬੰਦੀ ਸੀਆਰ.ਪੀ.ਸੀ. ਦੀ ਧਾਰਾ 144 ਦੇ ਤਹਿਤ ਲਾਈ ਗਈ ਹੈ। ਹਿੰਦੂਵਾਦੀ ਆਗੂ ਜਗਦੀਸ਼ ਗਗਨੇਜਾ ‘ਤੇ ਹਮਲੇ ਤੋਂ ਬਾਅਦ ਇਹ ਪਾਬੰਦੀ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਜਲੰਧਰ ਵਿਖੇ ਆਰ.ਐਸ.ਐਸ. ਆਗੂ ਗਗਨੇਜਾ ‘ਤੇ ਗੋਲੀਆਂ ਚਲਾਈਆਂ ਸਨ, ਮੋਟਰਸਾਈਕਲ ਸਵਾਰਾਂ ਦੇ ਚਿਹਰੇ ਰੁਮਾਲ ਨਾਲ ਢਕੇ ਹੋਏ ਸਨ।
ਨੌਵੈਲਟੀ ਚੌਂਕ ਵਿਖੇ ਪੁਲਿਸ ਮੁਲਾਜ਼ਮਾਂ ਨੇ ਢਕੇ ਚਿਹਰੇ ਵਾਲੇ ਵਾਹਨ ਸਵਾਰਾਂ ਦੀ ਆਪਣੇ ਮੋਬਾਈਲ ‘ਤੇ ਵੀਡੀਓਗ੍ਰਾਫੀ ਵੀ ਕੀਤੀ ਤਾਂ ਜੋ ਇਸਨੂੰ ਅਦਾਲਤ ਵਿਚ ਸਬੂਤ ਦੇ ਤੌਰ ‘ਤੇ ਵਰਤਿਆ ਜਾ ਸਕੇ।
ਗ੍ਰਿਫਤਾਰ ਆਦਮੀਆਂ ਨੂੰ ਗਾਰੰਟੀ ਮਿਲਣ ‘ਤੇ ਤੁਰੰਤ ਜ਼ਮਾਨਤ ਦੇ ਦਿੱਤੀ ਗਈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ। ਪਿਛਲੇ ਦੋ ਦਿਨਾਂ ਵਿਚ 46 ਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨੇ ਕਿਹਾ, “ਅਸੀਂ ਇਸ ਪਾਬੰਦੀ ਨੂੰ ਚੰਗੀ ਤਰ੍ਹਾਂ ਲਾਗੂ ਕਰਵਾ ਰਹੇ ਹਾਂ, ਪਰ ਹਾਲੇ ਵੀ ਕੁਝ ਲੋਕ ਇਸਨੂੰ ਨਹੀਂ ਮੰਨ ਰਹੇ।”
ਉਹ ਸਿੱਖ ਨੌਜਵਾਨ ਜਿਹੜੇ ਪੱਗ ਬੰਨ੍ਹਦੇ ਹਨ, ਪ੍ਰਦੂਸ਼ਣ ਤੋਂ ਬਚਣ ਲਈ ਰੁਮਾਲ ਨਾਲ ਚਿਹਰਾ ਢਕ ਲੈਂਦੇ ਹਨ, ਉਹ ਪੁਲਿਸ ਦਾ ਨਿਸ਼ਾਨਾ ਬਣ ਰਹੇ ਹਨ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇ ਕਿਸੇ ਨੇ ਹੈਲਮੇਟ ਪਾਈ ਹੋਈ ਹੈ, ਇਸ ਵਿਚ ਕੋਈ ਇਤਰਾਜ਼ ਨਹੀਂ।
ਚਾਹਲ ਨੇ ਕਿਹਾ, “ਹੈਲਮੇਟ ਕਾਨੂੰਨੀ ਰੂਪ ਵਿਚ ਮਾਨਤਾ ਪ੍ਰਾਪਤ ਹੈ, ਇਸ ਨਾਲ ਕੁਝ ਨਾ ਕੁਝ ਜਾਣਕਾਰੀ ਮਿਲ ਜਾਂਦੀ ਹੈ ਚਾਲਕ ਬਾਰੇ। ਅੱਖਾਂ ਦਿਖਦੀਆਂ ਰਹਿੰਦੀਆਂ ਹਨ ਪਰ ਸਾਫੇ/ ਰੁਮਾਲ ਨਾਲ ਚਿਹਰਾ ਪੂਰੀ ਤਰ੍ਹਾਂ ਢਕਿਆ ਜਾਂਦਾ ਹੈ ਇਸਤੇ ਜੇ ਚਾਲਕ ਨੇ ਚਸ਼ਮਾ ਲਾਇਆ ਹੋਵੇ ਤਾਂ ਬਿਲਕੁਲ ਹੀ ਨਹੀਂ ਪਤਾ ਲਗਦਾ ਚਾਲਕ ਬਾਰੇ। ਸਾਨੂੰ ਪਾਬੰਦੀ ਨੂੰ ਲਾਗੂ ਕਰਨ ਵਿਚ ਕੜੀ ਮਿਹਨਤ ਕਰਨੀ ਪੈ ਰਹੀ ਹੈ।