ਚੰਡੀਗੜ੍ਹ (7 ਦਸੰਬਰ, 2015): ਪੰਜਾਬ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਪੱਤਰਕਾਰ ਕੰਵਰ ਸੰਧੂ ਨਾਲ ਵਿਸਥਾਰਤ ਵੀਡੀਓੁ ਇੰਟਰਵਿਓੂ ਦੌਰਾਨ ਭਾਈ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਨੂੰ ਕਤਲ ਕਰਨ ਦੇ ਮਾਮਲੇ ਦਾ ਬਾਰੀਕੀ ਨਾਲ ਪਰਦਾਫਾਸ਼ ਕੀਤਾ ਹੈ।ਗੁਰਮੀਤ ਪਿੰਕੀ ਨੇ ਦੱਸਿਆ ਕਿ 9 ਅਗਸਤ 1991 ਨੂੰ ਜਦੋਂ ਐੱਸਐੱਸਪੀ ਸੁਮੇਧ ਸੈਣੀ ਦੁਪਿਹਰ ਦੇ ਖਾਣੇ ਤੋਂ ਵਾਪਸ ਆ ਰਿਹਾ ਸੀ ਤਾਂ ਬੰਬ ਹਮਲਾ ਹੋ ਗਿਆ।
ਇਸ ਵਿੱਚ ਤਿੰਨ ਬੰਦੇ ਮਾਰੇ ਗਏ ਅਤੇ ਐੱਸਐੱਸਪੀ ਸੈਣੀ ਹੋਰ ਬੰਦਿਆਂ ਸਮੇਤ ਜ਼ਖਮੀ ਹੋ ਗਿਆ।
ਗੁਰਮੀਤ ਪਿੰਕੀ ਨੇ ਕੰਵਰ ਸੰਧੂ ਨੂੰ ਦੱਸਿਆ ਕਿ ਸੁਮੇਧ ਸੈਣੀ ਨੂੰ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਬੱਬਰ ਖਾਲਸਾ ਦਾ ਧਮਕੀ ਭਰਿਆ ਪੱਤਰ ਆਇਆ ਸੀ। ਸੈਣੀ ਨੂੰ ਸ਼ੱਕ ਸੀ ਇਹ ਬੰਬ ਧਮਾਕਾ ਬੱਬਰ ਖਾਲਸਾ ਦੇ ਖਾੜਕੂ ਬਲਵਿੰਦਰ ਸਿੰਘ ਜਟਾਨਾ ਅਤੇ ਚਰਨਜੀਤ ਸਿੰਘ ਚੰਨਾ ਵੱਲੋ ਕੀਤਾ ਗਿਆ ਹੈ।
ਗੁਰਮੀਤ ਪਿੰਕੀ ਨੇ ਦੱਸਿਆ ਕਿ ਜਦ ਉਹ ਪੀਜ਼ੀਆਈ ਸੈਣੀ ਨੂੰ ਮਿਲਣ ਗਿਆ ਤਾਂ ਉਸਨੇ ਬਦਲਾ ਲੈਣ ਦੀ ਸੌਂਹ ਖਾਦੀ ਅਤੇ ਉਸਨੂੰ ਕਿਹਾ ਕਿ “ ਆਪਾਂ ਛੱਡਣਾ ਨਹੀਂ” ।
ਕੰਵਰ ਸੰਧੂ ਦੁਆਰਾ ਆਊਟ-ਲੁੱਕ ਹਫਾਤਵਰੀ ਰਸਾਲੇ ਵਿੱਚ “ਇੱਕ ਕਾਤਲ ਪੁਲਿਸੀਏ ਦਾ ਇਕਬਾਲ” ਦੇ ਸਿਰਲੇਖ ਹੇਠਲੇ ਮਜ਼ਮੂਨ ਵਿੱਚ ਲਿਖਿਆ: ਜਟਾਨਾ ਦੇ ਪਰਿਵਾਰ ਦੇ 4 ਮੈਂਬਰ ਜਿੰਨ੍ਹਾਂ ਦੀ ਉਮਰ 80 ਸਾਲ, 40 ਸਾਲ, 13 ਸਾਲ ਅਤੇ ਇੱਕ ਦੁੱਧ ਚੁੰਗਦਾ ਇੱਕ ਬੱਚਾ ਸ਼ਾਮਲ ਸੀ, ਮਾਰ ਕੇ ਅੱਗ ਵਿੱਚ ਸਾੜ ਦਿੱਤੇ ਗਏ।
ਗੁਰਮੀਤ ਪਿੰਕੀ ਨੇ ਆਪਣੀ ਇੰਟਰਵਿਓੁ ਵਿੱਚ ਦੱਸਿਆ ਕਿ ਭਾਈ ਬਲਵਿੰਦਰ ਸਿੰਘ ਜਟਾਨਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਬਾਅਦ ਵਿੱਚ 4 ਸਤੰਬਰ 1991 ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਪਟਿਆਲਾ ਜਿਲੇ ਦੇ ਸੈਦਪੁਰ ਪਿੰਡ ਵਿੱਚ ਮਾਰੇ ਗਏ ਸਨ।ਇਹ ਬਾਅਦ ਵਿੱਚ ਪਤਾ ਲੱਗਿਆ ਕਿ ਸੈਣੀ ‘ਤੇ ਹਮਲਾ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਕੀਤਾ ਸੀ ਅਤੇ ਇਸ ਵਿੱਚ ਭਾਈ ਜਟਾਨਾ ਦੀ ਕੋਈ ਭੁਮਿਕਾ ਨਹੀਂ ਸੀ।
ਗੁਰਮੀਤ ਪਿੰਕੀ ਨੇ ਦੱਸਿਆ ਕਿ ਸੁਮੇਧ ਸੈਣੀ ਨੇ ਪਹਿਲਾਂ ਉਸਨੂੰ ਜਟਾਨਾ ਦੇ ਪਰਿਵਾਰ ਦੇ ਕਤਲੇਆਮ ਕਰਨ ਦਾ ਕੰਮ ਸੌਪਿਆ ਸੀ ਪਰ ਬਾਅਦ ਵਿੱਚ ਇਹ ਕੰਮ… ਵੱਲੋਂ ਕੀਤਾ ਗਿਆ।
ਗੁਰਮੀਤ ਪਿੰਕੀ ਨੇ ਦੱਸਿਆ ਕਿ ਜਟਾਨਾ ਕਤਲੇਆਮ ਅਜੀਤ ਪਹੂਲਾ ਦੁਆਰਾ ਕੀਤਾ ਗਿਆ। ਉਸਨੇ ਦੱਸਿਆ ਕਿ ਪੂਹਲਾ ਜਦ ਲੁਧਿਆਣਾ ਜੇਲ ਵਿੱਚ ਉਸ ਨਾਲ ਬੰਦ ਸੀ, ਜਟਾਨਾ ਕਤਲੇਆਮ ਦੀ ਸਾਰੀ ਕਹਾਣੀ ਉਸ ਨੇ (ਪਹੂਲੇ ਨੇ) ਉਸਨੂੰ ਸੁਣਾਈ ਸੀ।