ਕੁਰੂਕਸ਼ੇਤਰ: ਭਾਰਤੀ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਨਜ਼ਰਬੰਦ ਰੱਖੇ ਹੋਏ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਗੁਰਬਖਸ਼ ਸਿੰਘ ਖਾਲਸਾ ਦੀ ਕੱਲ੍ਹ ਪਿੰਡ ਦੀ ਪਾਣੀ ਦੀ ਟੈਂਕੀ ਤੋਂ ਛਾਲ ਮਾਰਨ ਨਾਲ ਹੋਈ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੇ ਕੁਰੂਕਸ਼ੇਤਰ ਜ਼ਿਲ਼੍ਹੇ ਵਿਚ ਪੈਂਦੇ ਪਿੰਡ ਠਸਕਾ ਅਲੀ ਵਿਚ ਸਥਿਤੀ ਗੰਭੀਰ ਬਣੀ ਹੋਈ ਹੈ। ਜਿੱਥੇ ਸਥਾਨਕ ਪ੍ਰਸ਼ਾਸਨ ਗੁਰਬਖਸ਼ ਸਿੰਘ ਖਾਲਸਾ ਦਾ ਸੰਸਕਾਰ ਕਰਨ ਲਈ ਜ਼ੋਰ ਪਾ ਰਿਹਾ ਹੈ ਉੱਥੇ ਮੌਕੇ ‘ਤੇ ਪਹੁੰਚੀਆਂ ਸਿੱਖ ਸੰਗਤਾਂ ਅਤੇ ਪਰਿਵਾਰ ਮੰਗ ਕਰ ਰਿਹਾ ਹੈ ਕਿ ਗਰਬਖਸ਼ ਸਿੰਘ ਖਾਲਸਾ ਦੇ ਛਾਲ ਮਾਰਨ ਸਮੇਂ ਮੌਕੇ ‘ਤੇ ਮੋਜੂਦ ਪੁਲਿਸ ਮੁਲਾਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ।

ਇਸ ਦੌਰਾਨ ਪਿੰਡ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਜਿੱਥੇ ਪਿੰਡ ਨੂੰ ਜਾਂਦੀ ਸੜਕ ਦੇ ਇਕ ਪਾਸੇ ਪੁਲਿਸ ਵੱਡੀ ਗਿਣਤੀ ਵਿਚ ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਨਾਲ ਗੁਰਬਖਸ਼ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਲੈ ਕੇ ਖੜੀ ਹੈ, ਉੱਥੇ ਦੂਜੇ ਪਾਸੇ ਸਿੱਖ ਸੰਗਤਾਂ ਜਿਹਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਆਗੂ ਸ਼ਾਮਿਲ ਹਨ ਧਰਨਾ ਲਾ ਕੇ ਬੈਠੇ ਹਨ। ਪ੍ਰਮੁੱਖ ਆਗੂਆਂ ਵਿਚ ਕਰਨੈਲ ਸਿੰਘ ਪੰਜੋਲੀ, ਪ੍ਰੋ. ਮੋਹਿੰਦਰਪਾਲ ਸਿੰਘ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਮੋਹਕਮ ਸਿੰਘ, ਅਮਰੀਕ ਸਿੰਘ ਅਜਨਾਲਾ, ਧਿਆਨ ਸਿੰਘ ਮੰਡ ਮੌਕੇ ‘ਤੇ ਹਾਜ਼ਿਰ ਹਨ।
ਧਰਨਾਕਾਰੀ ਸਿੱਖ ਸੰਗਤਾਂ ਦਾ ਦੋਸ਼ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿੰਡ ਵਾਲੀ ਪਾਣੀ ਦੀ ਟੈਂਕੀ ‘ਤੇ ਚੜੇ ਗੁਰਬਖਸ਼ ਸਿੰਘ ਦਾ ਵਾਰ-ਵਾਰ ਕਹਿਣ ‘ਤੇ ਕਿ ਉਨ੍ਹਾਂ ਨੂੰ ਜੇਕਰ ਜਬਰਨ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਛਾਲ ਮਾਰ ਦੇਣਗੇ, ਪੁਲਿਸ ਮੁਲਾਜ਼ਮਾਂ ਉਨ੍ਹਾਂ ਨੂੰ ਜਬਰਨ ਉਤਾਰਨ ਲਈ ਉੱਤੇ ਚੜ੍ਹੇ ਤਾਂ ਗੁਰਬਖਸ਼ ਸਿੰਘ ਖਾਲਸਾ ਨੇ ਟੈਂਕੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।