ਨਵੀਂ ਦਿੱਲੀ (4 ਅਪ੍ਰੈਲ, 2015): ਭਾਰਤ ਦੀ ਕੇਂਦਰੀ ਸੱਤਾ ‘ਤੇ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਹਿੰਦੂਤਵੀਆਂ ਲਈ ਕਾਨੂੰਨ, ਨੈਤਿਕਤਾ, ਸਮਾਜਿੱਕਤਾ ਦੇ ਕੋਈ ਅਰਥ ਨਹੀਂ, ਸੱਤਾ ਦੇ ਨਸੈ ਵਿੱਚ ਉਹ ਕਿਸੇ ਵੀ ਘੱਟ ਗਿਣਤੀ ਲਈ ਕੁਝ ਵੀ ਕਹਿ ਸਕਦੇ ਹਨ। ਇਸਦੀ ਤਾਜ਼ਾ ਉਦਾਹਰਨ ਆਰ.ਐੱਸ.ਐੱਸ ਵੱਲੋਂ ਤਾਜ਼ਾ ਵੰਡਿਆਂ ਜਾ ਰਿਹਾ ਇੱਕ ਕਿਤਾਬਚਾ ਹੈ ਜਿਸ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਅਪਣੇ ਇਕ ਪ੍ਰੋਗਰਾਮ ‘ਚ ਅੱਜ ਕਿਹਾ ਕਿ ਇਕ ਹਜ਼ਾਰ ਸਾਲਾਂ ਬਾਅਦ ਹਿੰਦੂਆਂ ਦੀ ਚੜ੍ਹਤ ਦਾ ਸਮਾਂ ਆ ਗਿਆ ਹੈ ਅਤੇ ਈਸਾਈ ਮਿਸ਼ਨਰੀ ਕ੍ਰਿਪਾ ਕਰ ਕੇ ਇਸ ਦੇਸ਼ ‘ਚੋਂ ਵਾਪਸ ਚਲੇ ਜਾਣ।

ਅਜਿਹਾ ਆਰ.ਐਸ.ਐਸ. ਦੇ ਰਾਸ਼ਟਰੀ ਸੇਵਾ ਭਾਰਤੀ ਵਲੋਂ ਸਮਾਜ ਦੇ ਵੱਖੋ-ਵੱਖ ਵਰਗਾਂ ‘ਚ ਕੰਮ ਕਰ ਰਹੇ ਸੰਘ ਨਾਲ ਜੁੜੀਆਂ ਲਗਭਗ 800 ਸੰਸਥਾਵਾਂ ਦੇ ਪੰਜ ਸਾਲਾਂ ਬਾਅਦ ਹੋਣ ਵਾਲੇ ਸੰਮੇਲਨ ‘ਰਾਸ਼ਟਰੀ ਸੇਵਾ ਸੰਗਮ’ ‘ਚ ਕਿਹਾ ਗਿਆ।
ਪ੍ਰੋਗਰਾਮ ‘ਚ ਵੰਡੇ ਗਏ ‘ਰਾਸ਼ਟਰੀ ਸਵੈਮਸੇਵਕ ਸੰਘ ਦਾ ਦ੍ਰਿਸ਼ਟੀਕੋਣ’ ਨਾਮ ਦੇ ਕਿਤਾਬਚੇ ‘ਚ ‘ਈਸਾਈਅਤ ਅਤੇ ਕੌਮੀ ਏਕਤਾ’ ਨਾਮਕ ਪਾਠ ‘ਚ ਕਿਹਾ ਗਿਆ ਹੈ, ”ਵਿਦੇਸ਼ੀ ਮਿਸ਼ਨਰੀ ਕ੍ਰਿਪਾ ਕਰ ਕੇ ਤੁਸੀਂ ਵਾਪਸ ਚਲੇ ਜਾਉ। ਹੁਣ ਸਮਾਂ ਆ ਗਿਆ ਹੈ ਕਿ ਉਹ ਅਪਣੇ ਘਰ ਵਾਪਸ ਚਲੇ ਜਾਣ। ਉਨ੍ਹਾਂ ਨੂੰ ਵੇਲੇ ਸਿਰ ਪਰਤ ਜਾਣਾ ਚਾਹੀਦਾ ਹੈ।”
ਸੰਘ ਦੇ ਆਗੂ ਕ੍ਰਿਸ਼ਨ ਗੋਪਾਲ ਨੇ ਆਜ਼ਾਦੀ ਤੋਂ ਪਹਿਲਾਂ ਇਕ ਹਜ਼ਾਰ ਸਾਲ ਦੇ ਵਿਦੇਸ਼ੀ ਰਾਜ ਵੱਲ ਇਸ਼ਾਰਾ ਕਰਦਿਆਂ ਅੱਜ ਕਿਹਾ, ”ਇਕ ਹਜ਼ਾਰ ਸਾਲ ਦਾ ਮੁਸ਼ਕਲ ਸਮਾਂ ਸਮਾਜਕ, ਧਾਰਮਕ ਅਤੇ ਆਰਥਕ ਤਬਦੀਲੀਆਂ ਦਾ ਦੌਰ ਸੀ ਅਤੇ ਅਜਿਹਾ ਲਗ ਰਿਹਾ ਸੀ ਕਿ ਹਿੰਦੂ ਸਮਾਜ ਤਿਤਰ-ਬਿਤਰ ਹੋ ਗਿਆ ਹੈ, ਬਹੁਤ ਕੁੱਝ ਟੁੱਟ ਗਿਆ ਹੈ ਅਤੇ ਛੁੱਟ ਗਿਆ ਹੈ।