ਲੁਧਿਆਣਾ ( 5 ਅਪ੍ਰੈਲ,2015) : ਸਿੱਖ ਸੱਭਿਆਚਾਰ ਨੂੰ ਦੂਜੇ ਮੁਲਕਾਂ ਵਿਚ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵਲ ਪ੍ਰੇਰਿਤ ਕਰਨ ਦੇ ਉਪਰਾਲਿਆਂ ਨਾਲ ਸ਼ੁਰੂ ਹੋਈਆ ਵਿਸ਼ਵ ਸਿੱਖ ਆਸਟ੍ਰੇਲੀਆ ਖੇਡਾਂ ਇਸ ਵਾਰ 28ਵੇਂ ਵਰ੍ਹੇ ਸਿਡਨੀ ਨੇੜੇ ਕੋਫਸ ਹਰਬਰ ਵੂਲਗੁਲਗਾ ਵਿਖੇ 3 ਅਪ੍ਰੈਲ ਤੋਂ ਸ਼ੁਰੂ ਹੋਈਆਂ ਸਨ ਅੱਜ ਖਤਮ ਹੋ ਰਹੀਆਂ ਹਨ।
ਖੇਡਾਂ ਦੇ ਪ੍ਰਬੰਧਕ ਮਨਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਨ੍ਹਾਂ ਖੇਡਾਂ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ ਅਤੇ ਭਾਰਤ ਆਦਿ ਮੁਲਕਾਂ ਤੋਂ ਹਜ਼ਾਰ ਦੇ ਕਰੀਬ ਸਿੱਖ ਖਿਡਾਰੀ ਵੱਖ-ਵੱਖ ਖੇਡਾਂ ਵਿਚ ਅਪਣੇ ਹੁਨਰ ਵਿਖਾਏ।
ਇਨ੍ਹਾਂ ਖੇਡਾਂ ਵਿਚ ਹਾਕੀ, ਕਬੱਡੀ, ਫ਼ੁਟਬਾਲ, ਰੱਸਾਕਸ਼ੀ, ਟੈਨਿਸ, ਨੈੱਟਬਾਲ, ਕ੍ਰਿਕਟ, ਐਥਲੈਟਿਕਸ, ਬਾਸਕਿਟਬਾਲ ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਵਿਸ਼ਵ ਸਿੱਖ ਖੇਡਾਂ ਹਰ ਸਾਲ ਵਿਸਾਖੀ ਦੇ ਨੇੜੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਮੁਲਕਾਂ ਨਾਲ ਸਬੰਧਿਤ ਖਿਡਾਰੀ ਆਸਟ੍ਰੇਲੀਆ ਦੇ ਵੱਖ-ਵੱਖ ਸਟੇਟਾਂ ਦੀਆਂ ਟੀਮਾਂ ਵਿਚ ਖੇਡਦੇ ਹਨ। ਪੂਰੀ ਸਿੱਖ ਭਾਈਚਾਰੇ ਵਿਚ ਇਨ੍ਹਾਂ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੈਲਬੋਰਨ ਤੋਂ ਸਾਬਕਾ ਕੌਮੀ ਹਾਕੀ ਖਿਡਾਰੀ ਨਰਾਇਣ ਸਿੰਘ ਗਰੇਵਾਲ ਮੁਤਾਬਕ, ਮੈਲਬੋਰਨ ਤੋਂ ਵੱਡੀ ਗਿਣਤੀ ਵਿਚ ਸਿੱਖ ਖਿਡਾਰੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਪਹੁੰਚੇ ਹਨ।
ਉਨ੍ਹਾਂ ਆਖਿਆ ਕਿ ਮੈਲਬੋਰਨ ਦੀ ਹਾਕੀ ਟੀਮ ਵਿਚ ਕਪਤਾਨ ਕੁਲਜਿੰਦਰ ਸਿੰਘ ਰੇਲ ਕੋਚ ਫ਼ੈਕਟਰੀ ਦੇ ਨਾਮੀ ਖਿਡਾਰੀ ਤੋਂ ਇਲਾਵਾ ਸਤਨਾਮ ਸਿੰਘ ਸੱਤਾ, ਚਰਨਪ੍ਰੀਤ ਸਿੰਘ, ਗੁਰਜੋਤ ਸਿੰਘ, ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ, ਬਿੰਦਰ ਸਿੰਘ, ਕਮਲਜੀਤ ਸਿੰਘ ਬਰਾੜ, ਸਿਮਰਦੀਪ ਸਿੰਘ, ਇਮਾਨਤ ਸਿੰਘ, ਸਿਮਰਪਾਲ ਸਿੰਘ, ਟੀਮ ਦੇ ਕੋਚ ਸਤਵਿੰਦਰ ਜੀਤ ਸਿੰਘ ਤੋਂ ਇਲਾਵਾ ਪਾਕਿਸਤਾਨੀ ਹਾਕੀ ਸਟਾਰ ਸੇਖ ਅਬਾਸ ਖੇਡਾਂ ਵਿਚ ਹਿੱਸਾ ਲੈਣ ਲਈ ਪਹੁੰਚੇ ਹਨ । ਸਾਰੀਆਂ ਸਿੱਖ ਟੀਮਾਂ ਵਿਚ ਇਕ ਖਿਡਾਰੀ, ਜਿਹੜਾ ਕਿਸੇ ਹੋਰ ਭਾਈਚਾਰੇ ਨਾਲ ਸਬੰਧਤ ਹੋਵੇ ਖੇਡ ਸਕਦਾ ਹੈ।