November 2, 2011 | By ਸਿੱਖ ਸਿਆਸਤ ਬਿਊਰੋ
ਨਵੰਬਰ 1984 ਵਿਚ 30,000 ਤੋਂ ਵੱਧ ਸਿਖਾਂ ਦਾ ਕਤਲ ਹੋਇਆ
ਵੈਨਕੂਵਰ ( 30 ਅਕਤੂਬਰ, 2011 ): ਭਾਰਤ ਵਿਚ ਨਵੰਬਰ 1984 ਵਿਚ ਹੋਈ ਸਿਖ ਨਸਲਕੁਸ਼ੀ ਦੀ ਵਰ੍ਹੇ ਗੰਢ ਮਨਾਉਣ ਹਿਤ 1 ਨਵੰਬਰ ਦਿਨ ਮੰਗਲਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਕੈਨੇਡੀਅਨ ਸਿਖ ਇਨਸਾਫ ਲਈ ਆਪਣੀਆਂ ਮੰਗਾਂ ਨੂੰ ਲੈਕੇ ਕੈਨੇਡਾ ਦੀ ਪਾਰਲੀਮੈਂਟ ਅੱਗੇ ਆਵਾਜ਼ ਬੁਲੰਦ ਕਰਨਗੇ ਤੇ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਤੇ ਹਿੰਸਾ ਦੇ ਦੁੱਖ ਸਾਂਝੇ ਕਰਨਗੇ।
ਨਵੰਬਰ 1984 ਦੇ ਪੀੜਤਾਂ ਲਈ ਇਨਸਾਫ ਲਹਿਰ ਦੀ ਅਗਵਾਈ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਉਨ੍ਹਾਂ ਦੇ ਇਸ ਮੁੱਦੇ ਨੂੰ ਉਠਾਏ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਸੰਸਦ ਵਿਚ ਇਕ ਮਤਾ ਪੇਸ਼ ਕੀਤਾ ਜਾਵੇ ਤਾਂ ਜੋ ਇਹ ਬਹਿਸ ਕੀਤੀ ਜਾਵੇ ਕਿ ਕੀ ਨਵੰਬਰ 1984 ਦੌਰਾਨ ਭਾਰਤ ਵਿਚ ਸਿਖਾਂ ਦਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲੇਆਮ ਨਸਲਕੁਸ਼ੀ ਸੀ ਜਿਵੇਂ ਕਿ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਧਾਰਾ 2 ਵਿਚ ਵਖਿਆਨ ਕੀਤਾ ਗਿਆ ਹੈ।ਇੱਥੇ ਦਸਣਯੋਗ ਹੈ ਕਿ ਜੂਨ 2010 ਵਿਚ ਸਾਬਕਾ ਐਮ ਪੀਜ਼ ਸੁਖ ਧਾਲੀਵਾਲ ਤੇ ਐਂਡਰਿਊ ਕਾਨੀਆ ਵਲੋਂ ਕੈਨੇਡਾ ਦੀ ਸੰਸਦ ਵਿਚ ਇਕ ਪਟੀਸ਼ਨ ਪੇਸ਼ ਕੀਤੀ ਗਈ ਸੀ ਜਿਸ ਵਿਚ ਕੈਨੇਡਾ ਸਰਕਾਰ ਤੋਂ ਇਹ ਮੰਗ ਕੀਤੀ ਗਈ ਸੀ ਕਿ ਨਵੰਬਰ 1984 ਦੇ ਸਿਖ ਕਲਤੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਵੇ। ਜਿਸ ਦਾ ਕੈਨੇਡਾ ਸਰਕਾਰ ਨੇ ਜਵਾਬ ਦਿੱਤਾ ਸੀ ਕਿ ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਨੂੰ ਨਸਲਕੁਸ਼ੀ ਮੰਨਣ ਲਈ ਸਬੂਤ ਨਾਕਾਫੀ ਹਨ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਦਸਿਆ ਕਿ ਕੈਨੇਡਾ, ਇੰਗਲੈਂਡ, ਅਮਰੀਕਾ ਤੇ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਵਸੇ ਸਿਖ ਭਾਈਚਾਰੇ ਦੇ ਲੋਕ ਅਸਲ ਵਿਚ ਭਾਰਤ ਛਡ ਆਏ ਸੀ ਕਿਉਂਕਿ ਉਥੇ ਉਨ੍ਹਾਂ ਦੇ ਖਿਲਾਫ ਸੰਗਠਿਤ ਤੇ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕਰਨ ਦੀ ਮੁਹਿੰਮ ਚਲਾਈ ਹੋਈ ਸੀ। ਅਗਲੇ ਮੰਗਲਵਾਰ ਨੂੰ ਹੋਣ ਵਾਲੀ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਲੋਕ ਉਹ ਹਨ ਜਿਨ੍ਹਾਂ ਨੇ ਖੁਦ ਆਪਣੀਆਂ ਅੱਖਾਂ ਸਾਹਮਣੇ ਸੜਕਾਂ ’ਤੇ ਆਪਣੇ ਪਿਓ, ਮਾਂ, ਭਰਾਵਾਂ ਤੇ ਭੈਣਾਂ ਨੂੰ ਕਤਲ ਹੁੰਦੇ ਵੇਖਿਆ ਜਿਨ੍ਹਾਂ ਨੂੰ ਉਹ ਫਿਰ ਕਦੀ ਨਹੀਂ ਮਿਲ ਸਕੇ ਸੀ। ਅਜਿਹਾ ਭਾਵੁਕਤਾ ਦਾ ਲਹਿਜਾ ਉਨ੍ਹਾਂ ਦੀ ਅਗਲੀ ਪੀੜੀ ਉਨ੍ਹਾਂ ਦੇ ਬੱਚਿਆਂ ਵਿਚ ਵੀ ਪਾਇਆ ਜਾ ਰਿਹਾ ਹੈ ਜਿਹੜੇ ਇਸ ਨਸਲਕੁਸ਼ੀ ਨੂੰ ਕਦੀ ਵੀ ਭੁਲਾਉਣਾ ਨਹੀਂ ਚਾਹੁੰਦੇ।
ਪਿਛਲੇ ਕੁਝ ਮਹੀਨਿਆਂ ਤੋਂ ਨਵੰਬਰ 1984 ਦੀਆਂ ਘਟਨਾਵਾਂ ਨਾਲ ਸਬੰਧਤ ਨਵੇਂ ਸਬੂਤਾਂ ਦੇ ਸਨਸਨੀਖੇਜ ਖੁਲਾਸੇ ਹੋਏ ਹਨ ਜਿਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਕ ਧਾਰਮਿਕ ਘੱਟ ਗਿਣਤੀ ਭਾਈਚਾਰਾ ਸਿਖਾਂ ’ਤੇ ਜਾਣ ਬੁਝਕੇ, ਇੱਛਾ ਅਨੁਸਾਰ ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕੀਤੇ ਗਏ ਤੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ ਸੀ।
ਨਵੇਂ ਮਿਲੇ ਸਬੂਤਾਂ ਵਿਚ ਹੇਠ ਲਿਖੇ ਸ਼ਾਮਿਲ ਹਨ-
*ਦਿੱਲੀ ਵਿਚ ਸਿਖਾਂ ਦੀ ਵਿਆਪਕ ਕਬਰ ਜਿਸ ਦਾ 26 ਸਾਲਾਂ ਬਾਅਦ ਖੁਲਾਸਾ ਹੋਇਆ
* ਦਿੱਲੀ ਵਿਚ ਗੁਰਦੁਆਰਿਆਂ ਦੀਆਂ ਖੰਡਹਰ ਬਣੀਆਂ ਇਮਾਰਤਾਂ ਜਿਨ੍ਹਾਂ ਨੂੰ ਹਮਲੇ ਕਰਕੇ ਤਬਾਹ ਕੀਤਾ ਗਿਆ
* ਹਰਿਆਣਾ ਰਾਜ ਵਿਚ ਪਿੰਡ ਹੋਂਦ ਚਿਲੜ ਵਿਚ ਸਿਥਾਂ ਦੇ ਵਿਆਪਕ ਕਤਲੇਆਮ ਦਾ ਖੁਲਾਸਾ
ਹਰਿਆਣਾ ਰਾਜ ਵਿਚ ਪਟੌਦੀ ਤੇ ਗੁੜਗਾਓਂ ਵਿਚ ਵਿਸ਼ਾਲ ਸ਼ਮਸ਼ਾਨ ਘਾਟ ਵਾਲੀ ਥਾਂ ਦਾ ਪਤਾ ਲਗਿਆ
* ਪੱਛਮੀ ਬੰਗਾਲ ਰਾਜ ਵਿਚ ਸਿਖਾਂ ਦੇ ਘਰ ਤੇ ਗੁਰਦੁਆਰਿਆਂ ਦੀਆਂ ਖੰਡਹਰ ਬਣੀਆਂ ਇਮਾਰਤਾਂ ਮਿਲੀਆਂ
ਮਾਰਚ ਤੋਂ ਇਲਾਵਾ ਕੈਨੇਡੀਅਨ ਸਿਖਾਂ ਨੇ ਸਿਖ ਨਸਲਕੁਸ਼ੀ ਦੇ ਮੁੱਦੇ ’ਤੇ ਬਹਿਸ ਕਰਵਾਕੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਦਾ ਸਾਥ ਦੇਣ ਲਈ ਨਵੀਂ ਚੁਣੀ ਗਈ ਸੰਸਦ ’ਤੇ ਦਬਾਅ ਪਾਉਣ ਵਾਸਤੇ ਦਸਤਖਤੀ ਮੁਹਿੰਮ ਵਿਢੀ ਹੋਈ ਹੈ। ਸਿਖਸ ਫਾਰ ਜਸਟਿਸ ਨੇ ਸੰਸਦ ਵਿਚ ਨਸਲਕੁਸ਼ੀ ਦਾ ਮਤਾ ਲਿਆਉਣ ਦੀ ਸਿਖ ਭਾਈਚਾਰੇ ਦੀ ਮੰਗ ਦੇ ਸਮਰਥਨ ਵਿਚ 100,000 ਦਸਤਖਤ ਇਕੱਠੇ ਕਰਨ ਦਾ ਨਿਸ਼ਾਨਾ ਮਿਥਿਆ ਹੈ ਤੇ ਹੁਣ ਤਕ 10,000 ਤੋਂ ਵੱਧ ਦਸਤਖਤ ਇਕੱਠੇ ਕੀਤੇ ਜਾ ਚੁਕੇ ਹਨ।
ਸਿਖਸ ਫਾਰ ਜਸਟਿਸ ਦੇ ਯੂਥ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੀਆਂ ਸੰਘੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਕਈ ਉਮੀਦਵਾਰਾਂ ਨੇ ਸੰਕੇਤ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਇਸ ਮੰਗ ਨੂੰ ਉਠਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲੀਡਰਾਂ ਵਿਚ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਵੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਇਨਸਾਫ ਲੈਣ ਲਈ ਉਹ ਨਵੰਬਰ 1984 ਦੇ ਪੀੜਤਾਂ ਦਾ ਸਮਰਥਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸਿਆਸਤਦਾਨ ਆਪਣੇ ਕੀਤੇ ਵਾਅਦਿਆਂ ’ਤੇ ਖਰੇ ਉਤਰਨ ਤੇ ਸੰਸਦ ਵਿਚ ਸਿਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਮਤਾ ਪੇਸ਼ ਕਰਨ। ਅਸੀ ਆਪਣੇ ਆਪ ਨੂੰ ਅਣਗੌਲਿਆ ਨਹੀਂ ਹੋਣ ਦਿਆਂਗੇ ਤੇ ਨਵੰਬਰ 1984 ਦੇ ਪੀੜਤਾਂ ਨੂੰ ਕਦੀ ਨਹੀਂ ਭੁਲਾਂਗੇ।
ਉਂਟਾਰੀਓ ਗੁਰਦੁਆਰਾ ਕਮੇਟੀ ਤੇ ਉਂਟਾਰੀਓ ਸਿਖਸ ਗੁਰਦੁਆਰਾ ਕੌਂਸਲ ਰੈਲੀ ਨੂੰ ਹਰ ਤਰਾਂ ਦੀ ਮਦਦ ਮੁਹਈਆ ਕਰਵਾ ਰਹੀਆਂ ਹਨ। ਸਮੁੱਚੇ ਕੈਨੇਡਾ ਦੇ ਗੁਰਦੁਆਰਿਆਂ ਵਲੋਂ ਵੀ ਰੈਲੀ ਦੀ ਸਫਲਤਾ ਲਈ ਪੁਰਜ਼ੋਰ ਯਤਨ ਕੀਤਾ ਜਾ ਰਿਹਾ ਹੈ।
Related Topics: Human Rights Violations, Indian Satae, Sikh Diaspora, Sikh organisations, Sikhs For Justice (SFJ), ਸਿੱਖ ਨਸਲਕੁਸ਼ੀ 1984 (Sikh Genocide 1984)