ਸ੍ਰੀ ਅੰਮ੍ਰਿਤਸਰ: ਪੰਜਾਬ ਵਿਚ ਸਰਗਰਮ ਅਜ਼ਾਦੀ ਪੱਖੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ 29 ਅਪਰੈਲ 2026 ਨੂੰ “ਖਾਲਿਸਤਾਨ: ਸਿਧਾਂਤ, ਵਿਰਾਸਤ ਅਤੇ ਭਵਿੱਖ” ਸਿਰਲੇਖ ਹੇਠ ਇਕ ਸਾਂਝਾ ਨੀਤੀ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਪੰਚ ਪ੍ਰਧਾਨੀ ਜਥਾ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲ ਫੈਡਰੇਸ਼ਨ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਜਾਰੀ ਇਹ ਦਸਤਾਵੇਜ਼ 29 ਅਪਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਰੀ ਕੀਤਾ ਗਿਆ।
ਇਸ ਦਸਤਾਵੇਜ਼ ਵਿਚ “ਖਾਲਿਸਤਾਨ: ਸਿਧਾਂਤ, ਖਾਸਾ ਅਤੇ ਗੁਣ” ਸਿਰਲੇਖ ਹੇਠ “ਰਾਜਤੰਤਰ ਦੀ ਗੁਰਮਤਿ ਅਧਾਰਤ ਪਰਣਾਲੀ ਤੇ ਆਦਰਸ਼ਾਂ ਬਾਬਤ ਪੰਜਾਬ ਦੇ ਸਾਂਝੇ ਭਾਈਚਾਰੇ ਨਾਲ ਇਕਰਾਰ” ਦਰਜ਼ ਕੀਤੇ ਗਏ।
ਦਸਤਾਵੇਜ਼ ਦਾ ਇਹ ਭਾਗ ਅਦਾਰਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਛਾਪਿਆ ਜਾ ਰਿਹਾ ਹੈ:
ਖਾਲਿਸਤਾਨ : ਸਿਧਾਂਤ, ਖਾਸਾ ਅਤੇ ਗੁਣ
ਰਾਜਤੰਤਰ ਦੀ ਗੁਰਮਤਿ ਅਧਾਰਤ ਪਰਣਾਲੀ ਤੇ ਆਦਰਸ਼ਾਂ ਬਾਬਤ ਪੰਜਾਬ ਦੇ ਸਾਂਝੇ ਭਾਈਚਾਰੇ ਨਾਲ ਇਕਰਾਰ
ਬਿਪਰ ਇੰਡੀਅਨ ਸਾਮਰਾਜ ਪੰਜਾਬ ਵਿਚ ਸਿਰਫ ਸਿਖਾਂ ਉੱਤੇ ਹੀ ਨਹੀਂ, ਸਗੋਂ ਮੌਜੂਦਾ ਰਾਜਸੀ ਪਰਣਾਲੀ ਵਿਚ ਪੰਜਾਬ ਨੂੰ ਇਕ ਸੂਬੇ ਦੇ ਤੌਰ ’ਤੇ ਪਰਾਪਤ ਖੁਦਮੁਖਤਿਆਰੀ ਨੂੰ ਰੋਲਣ, ਸਿਖਾਂ ਸਮੇਤ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਕੁਦਰਤੀ ਸਰੋਤਾਂ—ਦਰਿਆਈ ਪਾਣੀਆਂ, ਜਮੀਨਦੋਜ ਪਾਣੀ ਤੇ ਮਿੱਟੀ ਆਦਿਕ—ਦੀ ਲੁੱਟ ਅਤੇ ਪਲੀਤ ਕਰਨ, ਆਰਥਕ ਪਰਣਾਲੀ ਰਾਹੀਂ ਧੰਨ ਦੀ ਲੁੱਟ ਅਤੇ ਵਰਣ-ਜਾਤ ਦੇ ਗਲਬੇ ਨੂੰ ਕਾਇਮ ਰੱਖਣ ਵਾਲੀ ਤਾਕਤ ਵਜੋਂ ਕੰਮ ਕਰਦਾ ਹੈ। ਸੋ ਇਥੇ ਅਸੀਂ ਸਮਝਦੇ ਹਾਂ ਕਿ ਬਿਪਰ ਇੰਡੀਅਨ ਸਾਮਰਾਜ ਖਿਲਾਫ ਸਾਡੀ ਲੜਾਈ ਸਾਂਝੀ ਹੈ। ਸਿਖ ਪੰਜਾਬ ਦੇ ਸਭ ਵਰਗਾਂ ਦੀ ਸਾਂਝੀ ਲੜਾਈ ਨੂੰ ਹਿਰਾਵਲ ਦਸਤਾ ਬਣਕੇ ਲੜਨ ਲਈ ਤਿਆਰ ਹਨ।
ਖਾਲਿਸਤਾਨ ਦੀ ਸਿਰਜਣਾ ਦੀ ਲੋੜ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਅਸੀਂ ਐਸਾ ਮੁਲਕ ਬਣਾਉਣਾ ਚਾਹੁੰਦੇ ਹਾਂ ਜਿਸ ਵਿਚ ਗੁਰਮਤਿ ਦੀ ਵਿਸ਼ਵ ਦਰਿਸ਼ਟੀ ਦੇ ਅਨੁਸਾਰ ਸਰਬੱਤ ਦੇ ਭਲੇ ਵਾਲੀਆਂ ਹਲਤਮੁਖੀ ਤੇ ਪਲਤਮੁਖੀ ਭਾਈਚਾਰਕ, ਰਾਜਸੀ, ਆਰਥਕ ਤੇ ਵਾਤਾਵਰਣਕ ਪਰਣਾਲੀਆਂ, ਬਣਤਰਾਂ ਤੇ ਅਮਲ ਵਿਕਸਤ ਹੋ ਸਕਣ ਤਾਂ ਕਿ ਹਰ ਮਨੁੱਖ ਤੇ ਮਨੁੱਖੀ ਸਮੂਹ ਆਪਣੇ ਸੰਪੂਰਨ ਵਿਗਾਸ ਨੂੰ ਮਾਣ ਸਕੇ। ਐਸਾ ਰਾਜ-ਪ੍ਰਬੰਧ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ “ਹਲੇਮੀ ਰਾਜ” ਦੇ ਸਿਧਾਂਤ ਅਨੁਸਾਰ ਬ੍ਰਹਿਮੰਡੀ ਏਕਤਾ ਤੇ ਇਕਸੁਰਤਾ ਨੂੰ ਸਾਕਾਰ ਕਰ ਸਕਣ ਦੇ ਸਮੱਰਥ ਹੋਵੇਗਾ।
ਖਾਲਿਸਤਾਨ ਕਿਸੇ ਖਾਸ ਪਛਾਣ ਨੂੰ ਸਿਰਮੌਰ ਮੰਨਣ ਵਾਲੇ ਸੰਕੀਰਣ ਰਾਜਨੀਤਕ ਢਾਂਚੇ ਦਾ ਨਾਮ ਨਹੀਂ, ਸਗੋਂ ਪੀੜਤ ਲੋਕਾਂ ਦੀ ਸਾਂਝੀ ਮੁਕਤੀ ਦੇ ਆਦਰਸ਼ ’ਤੇ ਅਧਾਰਤ ਅਸਲ ਲੋਕ ਰਾਜ ਦੀ ਇਕ ਨਵੀਂ ਰਾਜਸੀ ਪਰਣਾਲੀ ਹੋਵੇਗਾ।
ਇਹ ਦੇਸ ਸਾਂਝੀਵਾਲਤਾ ਦੇ ਅਸੂਲ ਅਨੁਸਾਰ ਗੁਰਮਤਿ ਤੋਂ ਭਿੰਨ ਆਦਰਸ਼ ਤੇ ਅਸੂਲਾਂ ਵਾਲੇ ਸਭ ਮਤਾਂ/ਮਜ੍ਹਬਾਂ, ਸਭਿਆਚਾਰਕ ਸਮੂਹਾਂ, ਨਸਲੀ ਪਛਾਣਾਂ, ਸਮਾਜਕ ਵਰਗਾਂ, ਇਤਿਹਾਸਕ ਰਾਜਸੀ ਹੋਂਦ-ਹਸਤੀ ਵਾਲੇ ਸਮੂਹਾਂ ਤੇ ਕੌਮਾਂ ਦੀਆਂ ਆਸਾਂ-ਉਮੰਗਾਂ ਦੀ ਪੂਰਤੀ ਦਾ ਵੀ ਸਾਧਨ ਬਣੇਗਾ ਤਾਂ ਕਿ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ-ਹਸਤੀ ਦੇ ਨਾਲ-ਨਾਲ ਹਰ ਪਰਕਾਰ ਦੇ ਮਨੁੱਖੀ ਸਮੂਹਾਂ ਦੀ ਅਡਰੀ ਤੇ ਅਜਾਦ ਹੋਂਦ-ਹਸਤੀ ਅਤੇ ਆਪਸੀ ਭਾਈਚਾਰਾ ਨਿਰਵਿਘਨਤਾ ਸਹਿਤ ਵਿਗਸ ਸਕੇ।
“ਹੰਨੇ ਹੰਨੇ ਮੀਰੀ”, “ਸਾਂਝੀਵਾਲਤਾ” ਤੇ “ਇਨ ਗਰੀਬ ਸਿਖਨ ਕੋ ਦਿਉ ਪਾਤਸਾਹੀ” ਦੇ ਖਾਲਸਾਈ ਸਿਧਾਂਤਾਂ ਅਨੁਸਾਰ ਰਾਜਸੀ ਸਤਾ ਦਾ ਵਿਕੇਂਦਰੀਕਰਨ ਹੋਏਗਾ। ਸਤਾ ਸਿਰਫ ਇਕ ਵਰਗ ਜਾਂ ਟੋਲੇ ਤਕ ਸੀਮਤ ਨਹੀਂ ਹੋਏਗੀ ਸਗੋਂ ਸਤਾ ਦਾ ਸੰਚਾਰ ਸਭ ਤੋਂ ਹੇਠਲੇ ਪਧਰ ਤਕ ਹੋਏਗਾ ਅਤੇ ਸਾਂਝੀ ਤੇ ਸੰਗਤੀ ਰਾਜ ਪਰਣਾਲੀ ਹੋਵੇਗੀ।
ਸਮਾਜਕ ਵਰਤਾਰਿਆਂ ਨੂੰ ਰਾਜਸੀ ਪ੍ਰਬੰਧ ਬਹੁਤ ਗਹਿਰੀ ਹੱਦ ਤੱਕ ਪ੍ਰਭਾਵਤ ਕਰਦਾ ਹੈ। ਇਸ ਲਈ “ਬੇਗਮਪੁਰਾ” ਦੇ ਸਿਧਾਂਤ ਅਨੁਸਾਰ ਹਰ ਪਰਕਾਰ ਦੇ ਗਲਬੇ ਤੋਂ ਰਹਿਤ ਅਤੇ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਲਈ ਖਾਲਿਸਤਾਨ ਦੀ ਰਾਜਸੀ ਪਰਣਾਲੀ ਹਰ ਸੰਭਵ ਸਹਿਯੋਗ ਕਰੇਗੀ।
ਖਾਲਿਸਤਾਨ ਵੋਟਤੰਤਰਕ ਸਿਖ ਬਹੁਗਿਣਤੀ ਦਾ ਰਾਜ ਨਹੀਂ ਹੋਏਗਾ ਸਗੋਂ ਅਜਾਦੀ ਤੋਂ ਬਾਅਦ ਸਤਾ, ਧੰਨ-ਮਾਲ ਤੇ ਕੁਦਰਤੀ ਸਰੋਤਾਂ ਦੀ ਵੰਡ ਗੁਰਮਤਿ ਦੇ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਦੇ ਸਿਧਾਂਤ ਅਨੁਸਾਰ ਸਭ ਵਰਗਾਂ ਵਿਚਕਾਰ ਹੋਏਗੀ।
ਰਾਜਸੀ ਸੰਸਥਾਨਾਂ ਵਿਚ ਸਿਰਫ ਇਕਹਰੀ ਸ਼ਹਿਰੀ ਵੋਟ ਤੰਤਰ ਵਾਲੀ ਨੁਮਾਇੰਦਗੀ ਹੀ ਪਰਚਲਤ ਨਹੀਂ ਹੋਏਗੀ, ਸਭ ਛੋਟੇ ਬੜੇ ਵਰਗਾਂ ਨੂੰ ਧਾਰਮਿਕ-ਮਜ੍ਹਬੀ, ਭਾਈਚਾਰਕ, ਰਾਜਸੀ ਪਛਾਣਾਂ ਦੇ ਅਧਾਰ ’ਤੇ ਮਿਸ਼ਰਤ ਨੁਮਾਇੰਦਗੀ ਵਾਲੀ ਪਰਣਾਲੀ ਹੋਏਗੀ।
ਰਾਜਸੀ ਨੁਮਾਇੰਦੇ ਚੁਣਨ ਲਈ ਸਿਰਫ ਵੋਟਤੰਤਰਕ ਪਰਣਾਲੀ ਹੀ ਸਭ ਲਈ ਜਰੂਰੀ ਨਹੀਂ ਹੋਏਗੀ ਸਗੋਂ ਸਭ ਸਮੂਹਾਂ ਨੂੰ ਆਪੋ ਆਪਣੀ ਮਾਨਤਾ ਮੁਤਾਬਕ ਆਗੂ ਚੁਣਨ ਦੀਆਂ ਵਖੋ ਵਖਰੀਆਂ ਪਰਣਾਲੀਆਂ ਨੂੰ ਮਾਨਤਾ ਹੋਏਗੀ। ਹਰ ਭਾਈਚਾਰਾ ਆਪਣੇ ਖੁਦ ਦੇ ਆਗੂਆਂ ਨੂੰ ਆਪਣੀ ਨੁਮਾਇੰਦੇ ਚੁਣਨ ਲਈ ਤਹਿ ਕੀਤੀ ਪਰਣਾਲੀ ਰਾਹੀਂ ਆਪਣੇ ਅੰਦਰੂਨੀ ਅਮਲ ਰਾਹੀਂ ਚੁਣੇਗਾ। ਕਿਸੇ ਹੋਰ ਵਰਗ ਦਾ ਇਸ ਅਮਲ ਵਿਚ ਕੋਈ ਦਖਲ ਨਹੀਂ ਹੋਏਗਾ।
ਖਾਲਿਸਤਾਨ ਵਿਚ ਮੰਨੂਵਾਦ ਨੂੰ ਰਦ ਕੀਤਾ ਜਾਵੇਗਾ ਪਰ ਵਰਣ-ਜਾਤ ਜਾਂ ਧਾਰਮਿਕ ਮਾਨਤਾਵਾਂ ਕਰਕੇ ਕਿਸੇ ਵੀ ਵਰਗ ਦੇ ਹਿੰਦੂ ਨਾਲ ਨਫਰਤ ਜਾਂ ਵਿਤਕਰੇ ਦੀ ਕੋਈ ਥਾਂ ਨਹੀਂ ਹੋਏਗੀ। ਗੁਰਮਤਿ ਦੇ ਗਲਬਾ ਰਹਿਤ, ਬਰਾਬਰਤਾ ਤੇ ਸਾਂਝੀਵਾਲਤਾ ਵਾਲੇ ਆਦਰਸ਼ਾਂ ਅਨੁਸਾਰ ਹਰ ਬਸ਼ਿੰਦੇ ਤੇ ਮਨੁੱਖੀ ਸਮੂਹ ਨੂੰ ਇਨਸਾਫ ਮਿਲੇਗਾ।
ਗੁਰਮਤਿ ਦੇ ਆਦਰਸ਼ਾਂ ਅਨੁਸਾਰ ਨਵਾਂ ਆਰਥਕ ਪਰਬੰਧ ਸਿਰਜ ਕੇ ਧੰਨ-ਮਾਲ ਦੇ ਸਰੋਤਾਂ ਉਦਯੋਗ, ਵਪਾਰ, ਨਕਦ ਕਰੰਸੀ, ਨਿਵੇਸ਼, ਬੈਂਕਿੰਗ, ਨੌਕਰੀ, ਵਪਾਰਕ ਤੇ ਅਹਿਮ ਰਹਾਇਸ਼ੀ ਜਮੀਨਾਂ ਤੇ ਡਿਜਟਲ ਤਾਣਾ-ਬਾਣਾ ਆਦਿਕ ਤੋਂ ਰਵਾਇਤੀ ਸ਼ੋਸ਼ਣਕਾਰੀ ਜਾਤੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਗਲਬਾ ਹਟਾ ਕੇ ਸਭ ਲਈ ਆਰਥਕ ਖੁਸ਼ਹਾਲੀ ਦੇ ਬਰਾਬਰ ਮੌਕੇ ਮੁਹਈਆ ਕਰਵਾਏ ਜਾਣਗੇ। ਅਜਾਰੇਦਾਰੀ ਦੀ ਮਨਾਹੀ ਹੋਵੇਗੀ।
ਖੇਤੀ ਬਾੜੀ ਜਮੀਨ ਨੂੰ ਅਸੀਂ ਸਿਰਫ ਇਕ ਪੈਦਾਵਾਰ ਦਾ ਸਾਧਨ ਹੀ ਨਹੀਂ ਸਮਝਦੇ ਸਗੋਂ ਖੁਦਮੁਖਤਿਆਰੀ ਦੀ ਜਾਮਨ ਸਮਝਦੇ ਹਾਂ ਇਸ ਲਈ ਖੇਤੀ ਬਾੜੀ ਦੀ ਜਮੀਨ ਖਾਲਸਾ ਰਾਜ ਦੇ ਸਿਧਾਂਤ ਅਨੁਸਾਰ ਸਭ ਹਲ ਵਾਹਕਾਂ ਤੇ ਬਸ਼ਿੰਦਿਆਂ ਵਿਚਕਾਰ ਵੰਡਣ ਲਈ ਨਵੀਂ ਨੀਤੀ ਬਣਾਈ ਜਾਏਗੀ।
ਸਭਿਅਤਾ ਦੀ ਹੰਢਣਸਾਰਤਾ ਲਈ ਬੁਨਿਆਦੀ ਸਾਂਝੀਆਂ ਲੋੜਾਂ ਜਿਵੇਂ ਪਾਣੀ, ਅੰਨ, ਊਰਜਾ, ਰਹਾਇਸ਼ ਆਦਿ ਸਭ ਬਸ਼ਿੰਦਿਆ ਲਈ ਇਕਰਸ ਮੁਹਈਆ ਕਰਵਾਉਣਾ ਰਾਜ ਦਾ ਫਰਜ ਪਰਵਾਨ ਕਰਦੇ ਹਾਂ।
ਵਰਤਮਾਨ ਸਮੇਂ ਵਿਚ ਰਾਜ ਸਾਂਝੇ ਭਾਈਚਾਰਕ ਕਾਰਜਾਂ ਜਿਵੇਂ ਵਿਦਿਆ, ਸਿਹਤ, ਵਾਤਾਵਰਣ ਸੁਰਖਿਆ ਇਤਿਆਦਿਕ ਦੇ ਨਿਰਵਿਘਨ ਪਰਬੰਧਨ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ।
ਕੁਦਰਤੀ ਸਰੋਤਾਂ (ਪਾਣੀ, ਜਮੀਨ, ਜੰਗਲ, ਮਿਟੀ/ਰੇਤ/ਪਥਰ ਆਦਿਕ) ਦਾ ਸ਼ੋਸ਼ਣ ਰੋਕਣ ਅਤੇ ਹੰਢਣਸਾਰਤਾ ਬਣਾਈ ਰਖਣ ਲਈ ਇਹਨਾਂ ਦੀ ਮਾਲਕੀ ਵਰਤਮਾਨ ਸਮੇਂ ਦੇ ਮਲਿਕ ਭਾਗੋਆਂ ਤੋਂ ਛਡਵਾਉਣ ਲਈ ਨਵੀਂ ਨੀਤੀ ਬਣਾਈ ਜਾਵੇਗੀ ਤਾਂ ਕਿ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਰੁਕ ਸਕੇ ਅਤੇ ਭਾਈ ਲਾਲੋ ਜੀ ਦੇ ਵਾਰਸ ਉਦਮੀ ਤੇ ਕਿਰਤੀ ਵਰਗ ਦੇ ਹਿਤਾਂ ਉੱਤੇ ਜਰਬ ਨਾ ਆਏ।
ਪੰਜਾਬ ਦੇ ਲੋਕਾਂ ਲਈ, ਲੋਕਾਂ ਦੀ ਲੋੜ ਅਨੁਸਾਰ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਜਾ ਸਕੇ, ਨਾ ਕਿ ਸਰਕਾਰ ਜਾਂ ਕਾਰਪੋਰੇਟ ਘਰਾਣਿਆਂ ਦੀਆਂ ਲੋੜ ਅਨੁਸਾਰ।
ਪਰਸ਼ਾਸਕੀ ਪਰਣਾਲੀ ਕੇਂਦਰੀਕ੍ਰਿਤ ਦਰਜਾਬੰਦੀ ਅਧਾਰਤ ਹੈਂਕੜਬਾਜ ਅਫਸਰਸ਼ਾਹੀ ਨਹੀਂ ਹੋਵੇਗੀ ਸਗੋਂ ਪਰਬੰਧਕੀ ਕੰਮ-ਕਾਜ ਵਿਚ ਸਮਾਜ ਅਤੇ ਜਨਤਾ ਦੀ ਮਿਲਵਰਤਣ ਅਤੇ ਪੂਰੀ ਸਾਂਝੇਦਾਰੀ ਹੋਵੇਗੀ।
ਸਭ ਬਸ਼ਿੰਦੇ ਸਵੈਮਾਣ ਨਾਲ ਜੀਉ ਸਕਣ ਇਸ ਲਈ ਹਰ ਪਰਕਾਰ ਦੇ ਸਰਕਾਰੀ ਤੇ ਗੈਰਸਰਕਾਰੀ ਜਰਵਾਣੇ, ਧਾੜਵੀਆਂ ਤੇ ਠਗਾਂ ਦੇ ਟੋਲਿਆਂ ਤੇ ਅਖੜ ਬਸ਼ਿੰਦਿਆਂ ਤੋਂ ਸਮੂਹ ਭਾਈਚਾਰੇ ਲਈ ਸੁਰਖਿਆ ਯਕੀਨੀ ਬਣਾਉਣੀ ਰਾਜ ਦਾ ਮੁਢਲਾ ਫਰਜ ਹੋਏਗਾ। ਪਿੰਡਾਂ ਦੀ ਪੱਧਰ ’ਤੇ ਉਥੋਂ ਦੀ ਵਸੋਂ ਨੂੰ ਪੂਰੀ ਤਰ੍ਹਾਂ ਦੀਵਾਨੀ, ਫੌਜਦਾਰੀ, ਨਵ-ਉਸਾਰੀ, ਅਤੇ ਨਿਆਂ ਅਨੁਸ਼ਾਸ਼ਨ ਕਰਨ ਵਿਚ ਭਾਈਵਾਲ ਬਣਾਇਆ ਜਾਵੇਗਾ।
ਖਾਲਿਸਤਾਨ – ਗੁਰਦੁਆਰਾ ਪਰੰਪਰਾ ਅਤੇ ਨਿਸ਼ਕਾਮ ਸੇਵਾ ਦਾ ਵਿਆਪਕ ਰੂਪ:
ਅਖੌਤੀ ਮਾਡਰਨ ਫਲਸਫੇ ’ਤੇ ਅਧਾਰਤ ਰਾਜ ਨੇ ਸਮਾਜ ਦੀਆਂ ਜੋ ਜਿੰਮੇਵਾਰੀਆਂ ੨੦ਵੀਂ ਸਦੀ ਵਿਚ ਓਟੀਆਂ ਹਨ, ਸਿਖਾਂ ਦੇ ਗੁਰਦੁਆਰੇ ਇਹ ਕਾਰਜ ਪਿਛਲੀਆਂ ਲਗਭਗ ਪੰਜ ਸਦੀਆਂ ਤੋਂ ਕਰਦੇ ਆ ਰਹੇ ਹਨ। ਜਿਵੇਂ ਲੰਗਰ ਦੇ ਰੂਪ ਵਿਚ ਅੰਨ, ਖੂਹਾਂ-ਬਾਉਲੀ ਤੇ ਸਰੋਵਰਾਂ ਦੇ ਰੂਪ ਵਿਚ ਪਾਣੀ, ਸਰਾਂ ਦੇ ਰੂਪ ਵਿਚ ਰਾਹੀ ਲਈ ਰਹਾਇਸ਼, ਵਿਦਿਆਲੇ ਦੇ ਰੂਪ ਵਿਚ ਵਿਦਿਆ, ਵੈਦ ਤੇ ਸਫਾਖਾਨੇ ਦੇ ਰੂਪ ਵਿਚ ਸਿਹਤ ਸਹੂਲਤਾਂ, ਸਿਖ ਜਗਤ ਵਿਚ ਬਾਗਾਂ-ਬਗੀਚਿਆਂ ਦੀ ਲਗਵਾਈ ਤੇ ਤਲਾਬਾਂ ਦੀ ਸਫਾਈ ਦੇ ਰੂਪ ਵਿਚ ਵਾਤਾਵਰਣ ਦੀ ਸੰਭਾਲ ਆਦਿ ਕਾਰਜ ਬਿਨਾ ਕਿਸੇ ਭਿੰਨ ਭੇਦ ਦੇ ਕਿਸੇ ਨਾ ਕਿਸੇ ਰੂਪ ਵਿਚ ਦੁਨੀਆਂ ਭਰ ਦੇ ਗੁਰਦੁਆਰੇ ਤੇ ਸਿਖ ਜਥੇਬੰਦੀਆਂ ਲਗਾਤਾਰ ਕਰਦੇ ਰਹਿੰਦੇ ਹਨ।
ਜਿੱਥੇ ਅਖੌਤੀ ਮਾਡਰਨ ਰਾਜ ਤੇ ਰਾਜ ਦੇ ਕਾਰਪੋਰੇਟ ਘਰਾਣੇ ਇਹਨਾਂ ਕਾਰਜਾਂ ਨੂੰ ਲੋਕਾਂ ’ਤੇ ਆਪਣਾ ਗਲਬਾ ਪਾਉਣ, ਮਨੁੱਖ ਦਾ ਸਰਕਾਰੀ ਮਰਜੀ ਅਨੁਸਾਰ ਕਿਰਦਾਰ ਘੜ੍ਹਨ ਤੇ ਆਮਦਨ ਦੇ ਸਰੋਤ ਵਜੋਂ ਇਸਤੇਮਾਲ ਕਰਨ ਲਈ ਕਰਦੇ ਹਨ, ਉੱਥੇ ਉਪਰੋਕਤ ਕਾਰਜ ਕਰਨੇ ਸਿਖਾਂ ਲਈ ਨਿਸ਼ਕਾਮ ਸੇਵਾ ਹੈ।
⊕ ਇਸ ਨੀਤੀ ਦਸਤਾਵੇਜ਼ ਦੀ ਪੀ.ਡੀ.ਐਫ ਹਾਸਿਲ ਕਰੋ → ਪੰਜਾਬੀ | ਅੰਗਰੇਜੀ