January 9, 2010 | By ਸਿੱਖ ਸਿਆਸਤ ਬਿਊਰੋ
ਮੋਹਾਲੀ, (8 ਜਨਵਰੀ , 2010 – ਸਿੱਖ ਸਿਆਸਤ): ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ ਅਤੇ ਵਿਜੀਲੈਂਸ ਮੁਖੀ ਸੁਮੇਧ ਸੈਣੀ ’ਤੇ ਲੱਗੇ ਮਨੁੱਖੀ ਅਧਿਕਾਰਾਂ ਦੇ ਹਨਨ ਕਰਨ , ਝੂਠੇ ਪੁਲਿਸ ਮੁਕਾਬਲਿਆਂ ਤੇ ਕਤਲਾਂ ਸਬੰਧੀ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਨਵੇਂ ਸਿਰੇ ਤੋਂ ਮੁਕੱਦਮੇ ਚਲਾਉਣ ਦੇ ਨਾਲ ਨਾਲ ਦੋਵਾਂ ਤੋਂ ‘ਬਹਾਦਰੀ’ ਦੇ ਮੈਡਲ ਵਾਪਸ ਲੈਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਅੱਜ ਦੇਰ ਸ਼ਾਮ ਗੁਰਦੁਆਰਾ ਅੰਬ ਸਾਹਿਬ ਤੋਂ ਲੈ ਕੇ ਫੇਜ਼ 7 ਦੀਆਂ ਟ੍ਰੈਫਿਕ ਲਾਈਟਾਂ ਤੱਕ ਵਿਸ਼ਾਲ ਕੈਂਡਲ ਮਾਰਚ ਕੀਤਾ। ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਨੌਜਵਾਨਾਂ, ਬੀਬੀਆਂ ਅਤੇ ਬੱਚਿਆਂ ਨੇ ਗਿੱਲ ਅਤੇ ਸੁਮੇਧ ਸੈਣੀ ਵਿਰੁੱਧ ਉਪ੍ਰੋਕਤ ਮੰਗਾਂ ਨੂੰ ਲੈ ਕੇ ਚੁੱਕੇ ਹੋਏ ਬੈਨਰਾਂ ਤੇ ‘ਮਨੁੱਖੀ ਅਧਿਕਾਰਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਮੁਕਦਮੇ ਚਲਾਓ’, ‘ਨਿਰਦੋਸ਼ਾਂ ਅਤੇ ਮਾਸ਼ੂਮਾਂ ਦੇ ਕਾਤਲ ਕੇ.ਪੀ.ਐਸ. ਗਿੱਲ ਅਤੇ ਸੁਮੇਧ ਸੈਣੀ ਤੋਂ ਮੈਡਲ ਵਾਪਸ ਲਵੋ’ ਆਦਿ ਨਾਰ੍ਹੇ ਲਿਖੇ ਗਏ ਸਨ।
ਇਸ ਮੌਕੇ ਪੰਚ ਪ੍ਰਧਾਨੀ ਦੇ ਯੂਥ ਆਗੂ ਭਾਈ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਕਿ ਗਿੱਲ ਉੱਤ ਜਸਵੰਤ ਸਿੰਘ ਖਾਲੜਾ ਨੂੰ ਕਤਲ ਕਰਨ ਤੋਂ ਬਿਨਾਂ ਬੀਬੀ ਰੂਪਨ ਬਜਾਜ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗ ਚੁੱਕੇ ਹਨ ਅਤੇ ਸੁਮੇਧ ਸੈਣੀ ’ਤੇ ਸੈਣੀ ਮੋਟਰਜ਼ ਦਾ ਕੇਸ। ਉਨਾਂ ਕਿਹਾ ਕਿ ਨਕਲੀ ਨਿੰਹਗ ਅਜੀਤ ਸਿਹੁੰ ਪੂਹਲਾ ਵਲੋਂ ਪੰਜਾਬ ਵਿੱਚ ਕੀਤੇ ਗਏ ਘਿਣਾਉਣੇ ਕਾਰਨਾਮਿਆਂ ਲਈ ਵੀ ਸੁਮੇਧ ਸੈਣੀ ਜਿੰਮੇਵਾਰ ਹੈ। ਭਾਈ ਕਨੇਡੀਅਨ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਵੀ ਸੁਮੇਧ ਸੈਣੀ ਦੀ ਪੁਸ਼ਤਪਨਾਹੀ ਕਰ ਰਹੀ ਹੈ ਇਸ ਹਾਲਤ ਵਿੱਚ ਦੋਸ਼ੀਆਂ ਨੂੰ ਸ਼ਜ਼ਾ ਤੇ ਪੀੜਤਾਂ ਨੂੰ ਇਨਸਾਫ਼ ਕਿਵੇਂ ਮਿਲੇਗਾ? ਇਸ ਲਈ ਜ਼ਰੂਰੀ ਹੈ ਕਿ ਸੁਮੇਧ ਸੈਣੀ ਨੂੰ ਬਰਖ਼ਾਸਤ ਕਰਕੇ ਦੋਵਾਂ ਦੋਸ਼ੀਆ ’ਤੇ ਨਵੇਂ ਸਿਰੇ ਤੋਂ ਮੁੱਕਦਮੇ ਚਲਾਏ ਜਾਣ ਅਤੇ ਇਨਾਂ ਨੂੰ ਮਿਲੇ ‘ਬਹਾਦਰੀ’ ਦੇ ਮੈਡਲ, ਜਿਨਾਂ ਦੇ ਇਹ ਹੱਕਦਾਰ ਨਹੀਂ ਹਨ, ਵਾਪਸ ਲਏ ਜਾਣ।
ਇਸ ਮੌਕੇ ਰੌਸ਼ਨੀ ਮਾਰਚ ਵਿੱਚ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਸਤਨਾਮ ਸਿੰਘ ਪਾਉਂਟਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਹਰਮੋਹਿੰਦਰ ਸਿੰਘ ਢਿਲੋਂ, ਗੁਰੂ ਆਸਰਾ ਟਰੱਸਟ ਤੋਂ ਕੰਵਰ ਸਿੰਘ ਧਾਮੀ ਤੇ ਬੀਬੀ ਕੁਲਬੀਰ ਕੌਰ ਧਾਮੀ, ਰਾਜਿੰਦਰ ਸਿੰਘ ਖ਼ਾਲਸਾ ਪੰਚਾਇਤ, ਆਖੰਡ ਕੀਰਤਨੀ ਜਥੇ ਤੋਂ ਆਰ.ਪੀ.ਸਿੰਘ ਤੇ ਬੀਬੀ ਸੁਰਿੰਦਰ ਕੌਰ, ਕਰਨਲ ਗੁਰਜੀਤ ਸਿੰਘ, ਮਨਜੀਤ ਸਿੰਘ, ਅਕਾਲੀ ਦਲ ਮਾਨ ਤੋਂ ਮੁਨਸ਼ਾ ਸਿੰਘ ਅਤੇ ਅਮਰੀਕ ਸਿੰਘ ਭਾਗੋਮਾਜਰੀਆ ਆਦਿ ਵੀ ਸ਼ਾਮਿਲ ਹੋਏ।
Related Topics: Akali Dal Panch Pardhani, ਸਿੱਖ ਨਸਲਕੁਸ਼ੀ 1984 (Sikh Genocide 1984)