December 1, 2011 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (30 ਨਵੰਬਰ, 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੇਣ ਦੀ ਬਜਾਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ‘ਪੰਥ ਰਤਨ’ ਨਾਲ ਨਿਵਾਜਿਆ ਜਾਵੇ। ਆਪਣੇ ਸਮੁੱਚੇ ਸਿਆਸੀ ਜੀਵਨ ਵਿਚ ਬਾਦਲ ਨੇ ਸਿਆਸੀ ਲਾਹਾ ਲੈਣ ਲਈ ਹਮੇਸ਼ਾ ਸਿਖੀ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ। ਇੱਥੋ ਤਕ ਕਿ ਆਪਣੀ ਸਿਆਸੀ ਇਛਾ ਦੀ ਪੂਰਤੀ ਲਈ ਬਾਦਲ ਨੇ ਸ੍ਰੀ ਅਕਾਲ ਤਖਤ ਦੇ ਦੋ ਜਥੇਦਾਰਾਂ ਭਾਈ ਰਣਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਹਾਲ ਵਿਚ ਹੀ ਬਾਦਲ ਨੇ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਇਜ਼ਹਾਰ ਆਲਮ ਨੂੰ ਐਸ ਏ ਡੀ (ਬਾਦਲ) ਦਾ ਉਮੀਦਵਾਰ ਬਣਾਇਆ ਹੈ ਜੋ ਕਿ ਸਿਖਾਂ ਨੂੰ ਤਸੀਹੇ ਦੇਣ ਅਤੇ ਹਤਿਆਵਾਂ ਕਰਨ ਲਈ ਬਦਨਾਮ ਹੈ ਤੇ ਇਸੇ ਤਰਾਂ ਭਾਜਪਾ ਆਗੂ ਅਡਵਾਨੀ ਦਾ ਸਵਾਗਤ ਕੀਤਾ ਹੈ ਜਿਸ ਨੇ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ਦਾ ਖੁਲੇਆਮ ਸਮਰਥਨ ਕੀਤਾ ਸੀ ਜਿਸ ਦੇ ਸਿੱਟੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿਖਾਂ ਨੂੰ ਮਾਰ ਦਿੱਤਾ ਗਿਆ ਸੀ। ਇਨ੍ਹਾਂ ਪੰਥ ਵਿਰੋਧੀ ਕਾਰਵਾਈਆਂ ਦੇ ਕਾਰਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਦੇ ਕਾਬਲ ਹੀ ਨਹੀਂ ਹੈ।
ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ‘ਪੰਥ ਰਤਨ’ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਸਿਖੀ ਸਿਧਾਂਤਾਂ ਦੀ ਆਨ ਬਾਨ ਸ਼ਾਨ ਲਈ ਆਪਾ ਵਾਰ ਦਿੱਤਾ ਸੀ ਤੇ ਅਕਾਲ ਤਖਤ ਸਾਹਿਬ ਨੇ ਸੰਤ ਭਿੰਡਰਾਵਾਲੇ ਨੂੰ ਪਹਿਲਾ ਹੀ ਸ਼ਹੀਦ ਐਲਾਨਿਆ ਹੋਇਆ ਹੈ। ਸਿਖ ਪੰਥ ਸਹੀਦ ਸੰਤ ਭਿੰਡਰਾਵਾਲੇ ਨੂੰ ਸਿਖੀ ਦੀ ਵਖਰੀ ਪਛਾਣ ਤੇ ਸਵੈ ਖੁਦਮੁਖਤਾਰੀ ਦੇ ਅਧਿਕਾਰ ਲਈ ਸਿਖ ਕੌਮ ਦੇ ਸੰਘਰਸ਼ ਲਈ ਇਕ ਆਦਰਸ਼ ਮੰਨਦਾ ਹੈ। ਪੀਰ ਮੁਹੰਮਦ ਨੇ ਕਿਹਾ ਕਿ ਕੇਵਲ ਸ਼ਹੀਦ ਸੰਤ ਭਿੰਡਰਾਵਾਲੇ ਵਰਗੀ ਸ਼ਖਸੀਅਤ ਹੀ ‘ਪੰਥ ਰਤਨ’ ਦੇ ਅਸਲ ਹਕਦਾਰ ਹਨ ਨਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗੇ ਵਿਵਾਦਗ੍ਰਸਤ ਸਿਆਸੀ ਆਗੂ ਜਿਨ੍ਹਾਂ ਦੀ
ਸਿਖ ਕੌਮ ਨੂੰ ਕੋਈ ਦੇਣ ਨਹੀਂ ਹੈ ਉਨ੍ਹਾਂ ਨੇ ਤਾਂ ਕੇਵਲ ਵੋਟਾਂ ਹਾਸਿਲ ਕਰਨ ਲਈ ਪੰਥ ਦੀਆਂ ਭਾਵਨਾਵਾਂ ਨਾਲ ਹਮੇਸ਼ਾ ਖਿਲਾਵੜ ਕੀਤਾ ਹੈ।
ਸ਼ਹੀਦ ਸੰਤ ਭਿੰਡਰਾਵਾਲੇ ਨੂੰ ‘ਪੰਥ ਰਤਨ’ ਦੇਣ ਲਈ ਸਮਰਥਨ ਕਰਨ ਵਾਸਤੇ ਦਮਦਮੀ ਟਕਸਾਲ ਦੇ ਮੁਖੀ ਨੂੰ ਅਪੀਲ ਕਰਦਿਆਂ ਫੈਡਰੇਸ਼ਨ ਨੇ ਸੰਤ ਹਰਨਾਮ ਸਿੰਘ ਖਾਲਸਾ ਨੂੰ ਅਪੀਲ ਕੀਤੀ ਹੈ ਕਿ ਉਹ ਐਸ ਏ ਡੀ (ਬਾਦਲ) ਨਾਲੋਂ ਆਪਣਾ ਨਾਪਾਕ ਗਠਜੋੜ ਤੋੜ ਲੈਣ ਤੇ ਆਪਣੇ ਪੂਰਵਜ ਸ਼ਹੀਦ ਸੰਤ ਭਿੰਡਰਾਵਾਲੇ ਦੇ ਪਾਏ ਹੋਏ ਪੂਰਨਿਆਂ ’ਤੇ ਚਲਦਿਆਂ ਸਿਖਾਂ ਦੇ ਸਵੈ ਖੁਦਮੁਖਤਾਰੀ ਦੇ ਅਧਿਕਾਰ ਲਈ ਸੰਘਰਸ਼ ਨੂੰ ਅਗੇ ਲਿਜਾਣ। ਫੈਡਰੇਸ਼ਨ ਪ੍ਰਧਾਨ ਪੀਰ ਮੁਹੰਮਦ ਨੇ ਸਮੁੱਚੇ ਵਿਸ਼ਵ ਵਿਚ ਵਸਦੇ ਸਿਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕਰਨ ਕਿ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ‘ਪੰਥ ਰਤਨ’ ਦਿੱਤਾ ਜਾਵੇ।
Related Topics: All India Sikh Students Federation (AISSF), Badal Dal, Karnail Singh Peer Mohammad