ਅੰਮ੍ਰਿਤਸਰ: ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ ਅਤੇ ਡੇਰਾ ਬਿਆਸ ਮੁਖੀ ਦੀ ਜ਼ਮਾਨਤ ਤੋਂ ਇੱਕ ਘੰਟਾ ਪਹਿਲਾਂ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਕਰਨੀ, ਕੋਈ ਇਤਫ਼ਾਕ ਨਹੀਂ ਸਗੋਂ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ ਦਰਸਾਉਂਦੀ ਹੈ ਕਿ ਪਰਦੇ ਪਿੱਛੇ ਬਹੁਤ ਕੁਝ ਪੱਕ ਰਿਹਾ ਹੈ।
ਦਲ ਖਾਲਸਾ ਆਗੂ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਲਿਤ ਭਰਾਵਾਂ ਦੀਆਂ ਵੋਟਾਂ ਨੂੰ ਲੁਭਾਉਣ ਲਈ ਡੇਰਾ ਬੱਲਾਂ ਦਾ ਦੌਰਾ, ਭਾਜਪਾ ਦੇ ਪ੍ਰਭਾਵ ਨੂੰ ਵਧਾਉਣ ਲਈ ਡੇਰਾ ਬਿਆਸ ਦੀਆਂ ਸੇਵਾਵਾਂ ਦੀ ਵਰਤੋਂ ਕਰਨਾ ਅਤੇ ਮਜੀਠੀਆ ਨੂੰ ਜ਼ਮਾਨਤ ਦੇ ਕੇ ਸਟੇਟ ਦਾ ਆਸ਼ੀਰਵਾਦ ਦੇਣਾ ਇੱਕ ਇਤਫ਼ਾਕ ਨਹੀਂ ਹੋ ਸਕਦਾ, ਇਹ ਪੀ.ਐਮ.ਓ. ਦੁਆਰਾ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਭਾਜਪਾ ਪੰਜਾਬ ਅੰਦਰ ਫਿਰਕੂ ਅਤੇ ਜਾਤੀਵਾਦ ਦੀਆਂ ਲੀਹਾਂ ਉੱਤੇ ਧਰੁਵੀਕਰਨ ਕਰਨ ਦੀ ਨੀਤੀ ‘ਤੇ ਕੰਮ ਕਰ ਰਹੀ ਹੈ।

ਉਹਨਾਂ ਕਿਹਾ ਕਿ ਅਸੀਂ ਸ਼ੁਰੂ ਵਿੱਚ ਹੀ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਡਾ ਕਿਸੇ ਵੀ ਰਾਜਨੀਤਿਕ ਵਿਅਕਤੀ ਨਾਲ ਕੋਈ ਨਿੱਜੀ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ। ਜਨਤਕ ਧਾਰਨਾ ਵਿੱਚ, ਮਜੀਠੀਆ ਦੀ ਸ਼ਾਖ ‘ਤੇ ਧੱਬਾ ਲਗਾ ਹੋਇਆ ਹੈ, ਜਿਸ ‘ਤੇ ਅਸੀਂ ਕੋਈ ਫੈਸਲਾ ਨਹੀਂ ਦੇਣਾ ਚਾਹੁੰਦੇ।
ਇਹ ਵੀ ਸੱਚ ਹੈ ਕਿ ਅਸੀਂ ਬਿਲਕੁਲ ਸਪੱਸ਼ਟ ਹਾਂ ਕਿ 1970 ਦੇ ਦਹਾਕੇ ਵਿੱਚ ਇੰਦਰਾ ਗਾਂਧੀ ਦੇ ਸਮੇਂ ਤੋਂ, ਭਾਰਤੀ ਸਟੇਟ ਦੀ ਸਿੱਖ ਧਰਮ ਨੂੰ ਕਮਜ਼ੋਰ ਕਰਨ ਅਤੇ ਇਸਦੇ ਬੁਨਿਆਦੀ ਸਿਧਾਂਤਾਂ ਅਤੇ ਵਿਸ਼ਵਾਸਾਂ ਨੂੰ ਚੁਣੌਤੀ ਦੇਣ ਲਈ ਮਨਮੱਤੀ ਡੇਰਾਵਾਦ ਅਤੇ ਗੁਰੂਡੰਮ ਦੀ ਪੁਸ਼ਤਪਨਾਹੀ ਅਤੇ ਦੁਰਵਰਤੋਂ ਕਰਨ ਦੀ ਡੂੰਘੀ ਨੀਤੀ ਅਮਲ ਵਿੱਚ ਲਿਆਂਦੀ ਗਈ ਸੀ ਜੋ ਅਜ ਵੀ ਪੂਰੀ ਤਰ੍ਹਾਂ ਲਾਗੂ ਹੈ।

ਜ਼ਿਕਰਯੋਗ ਹੈ ਕਿ ਜੇਲ੍ਹ ਵਿੱਚ ਮਜੀਠੀਆ ਨੂੰ ਮਿਲਣ ਤੋਂ ਬਾਅਦ, ਗੁਰਿੰਦਰ ਸਿੰਘ ਢਿੱਲੋਂ ਨੇ ਜੇਲ੍ਹ ਦੇ ਬਾਹਰ ਉਡੀਕ ਕਰ ਰਹੇ ਮੀਡੀਆ ਨੂੰ ਕਿਹਾ ਕਿ ਜਿਸ ਕੇਸ ਵਿੱਚ ਮਜੀਠੀਆ ਜੇਲ੍ਹ ਵਿੱਚ ਹੈ ਉਹ ਝੂਠਾ ਅਤੇ ਗਲਤ ਹੈ। ਦਲ ਖ਼ਾਲਸਾ ਆਗੂ ਨੇ ਭਾਜਪਾ ਪੰਜਾਬ ਦੇ ਮੁਖੀ ਸੁਨੀਲ ਜਾਖੜ ਦੇ ਬਿਆਨ ਕਿ ਮਹਾਂ-ਪੁਰਸ਼ (ਡੇਰਾ ਬਿਆਸ ਮੁਖੀ) ਦੇ ਮੂੰਹ ਤੋਂ ਨਿੱਕਲੇ ਲਫ਼ਜ਼ ਸੱਚ ਹੋ ਗਏ ਹਨ, ‘ਤੇ ਤਿੱਖੀ ਚੋਟ ਮਾਰੀ ਹੈ। ਆਜ਼ਾਦੀ-ਪਸੰਦ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਬਿਆਸ ਮੁਖੀ ਨੇ ਜ਼ਮਾਨਤ ਤੋਂ ਇੱਕ ਘੰਟਾ ਪਹਿਲਾਂ ਇਹ ਸ਼ਬਦ ਸਿਰਫ਼ ਇਸ ਲਈ ਕਹੇ ਕਿਉਂਕਿ ਉਨ੍ਹਾਂ ਨੂੰ ਦਿੱਲੀ ਦੇ ਸੱਤਾਧਾਰੀ ਸੰਪਰਕਾਂ ਨੇ ਸੂਚਿਤ ਕਰ ਦਿੱਤਾ ਸੀ ਕਿ ਜ਼ਮਾਨਤ ਹੋਣੀ ਤੈਅ ਹੈ।
ਦਲ ਖਾਲਸਾ ਆਗੂ ਨੇ ਆਪਣੇ ਵਿਚਾਰ ਦੀ ਪ੍ਰੋੜ੍ਹਤਾ ਲਈ ਕਿਹਾ ਕਿ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਵੀ ਮਜੀਠੀਆ ਨੂੰ ਮਿਲਣ ਗਏ ਸਨ ਪਰ ਉਨ੍ਹਾਂ ਨੇ ਉਸ ਸਮੇਂ ਮਜੀਠੀਆ ਨੂੰ ਬੇਗੁਨਾਹੀ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਸੀ।