ਅੰਮ੍ਰਿਤਸਰ ਸਾਹਿਬ: ਅੱਜ ਸ਼ਾਮੀਂ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਪੰਜ ਤਖਤਾਂ ਦੇ ਗਲਤ ਫੈਂਸਲਿਆਂ ਤੇ ਸਪੱਸ਼ਟੀਕਰਣ ਦੇਣ ਲਈ ਤਲਬ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਪੰਜਾਂ ਪਿਆਰਿਆਂ ਦੇ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਸੂਤਰਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਤਰਲੋਕ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਅਤੇ ਦਫ਼ਤਰੀ ਨਿਯਮਾਂ ਖਿਲਾਫ ਇਕੱਤਰਤਾ ਕਰਕੇ ਪੰਜ ਸਿੰਘ ਸਾਹਿਬਾਨ ਨੂੰ 23 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦਾ ਜਾਰੀ ਕੀਤਾ ਫੈਸਲਾ ਪੰਥ ਵਿੱਚ ਬਖੇੜਾ ਤੇ ਦੁਫੇੜ ਪਾਉਣ ਵਾਲਾ ਅਤੇ ਆਪਾ ਧਾਪੀ ਦੀ ਭਾਵਨਾ ਨੂੰ ਉਜਾਗਰ ਕਰਨ ਵਾਲਾ ਹੈ।
ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਪੰਜ ਪਿਆਰਿਆਂ ਦੀ ਇਸ ਕਾਰਵਾਈ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੂੰ ਮੁਅੱਤਲ ਕਰਕੇ ਤਿੰਨਾਂ ਦਾ ਹੈਡਕੁਆਰਟਰ ਯੂ.ਪੀ ਸਿੱਖ ਮਿਸ਼ਨ ਹਾਪੜ ਵਿਖੇ ਅਤੇ ਬਾਕੀ ਦੋ ਦਾ ਸਿੱਖ ਮਿਸ਼ਨ ਕੁਰੂਕਸ਼ੇਤਰ (ਹਰਿਆਣਾ) ਵਿਖੇ ਬਣਾਇਆ ਗਿਆ ਹੈ।ਅਵਤਾਰ ਸਿੰਘ ਮੱਕੜ ਅਨੁਸਾਰ ਪੰਜ ਪਿਆਰਿਆਂ ਦੀ ਇਸ ਕਾਰਵਾਈ ਨਾਲ ਪੰਥਕ ਰਵਾਇਤਾਂ ਨੂੰ ਢਾਹ ਲੱਗੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਇਸ ਸੰਬੰਧੀ ਜਦੋਂ ਸਿੱਖ ਸਿਆਸਤ ਵੱਲੋਂ ਪੰਜ ਪਿਆਰਿਆਂ ਵਿੱਚੋਂ ਭਾਈ ਸਤਨਾਮ ਸਿੰਘ ਜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਇਹ ਫੈਂਸਲਾ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਤਿਹਾਸ ਤੋਂ ਸੇਧ ਲੈ ਕੇ ਕੀਤਾ ਗਿਆ ਹੈ।ਜਦੋਂ ਉਨ੍ਹਾਂ ਦੀ ਮੁਅੱਤਲੀ ਬਾਰੇ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਤੱਕ ਲਿਖਤੀ ਰੂਪ ਵਿੱਚ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਮਿਲਿਆ ਪਰ ਕੁਝ ਸੰਗਤਾਂ ਵੱਲੋਂ ਫੋਨ ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।ਉਨ੍ਹਾਂ ਇਸ ਸਮੇਂ ਮੁਅੱਤਲੀ ਬਾਰੇ ਕੁਝ ਵੀ ਬੋਲਣ ਤੋਂ ਗੁਰੇਜ ਕਰਦਿਆਂ ਕਿਹਾ ਕਿ ਅਗਲਾ ਫੈਂਸਲਾ ਵੀ ਪੰਜ ਪਿਆਰੇ ਵੀਚਾਰ ਕਰਕੇ ਹੀ ਕਰਨਗੇ।
ਜਿਕਰਯੋਗ ਹੈ ਕਿ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਦੇ ਫੈਂਸਲੇ ਤੋਂ ਬਾਅਦ ਜਥੇਦਾਰਾਂ ਦਾ ਸਿੱਖ ਕੌਮ ਵੱਲੋਂ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ। ਭਾਵੇਂ ਜਥੇਦਾਰਾਂ ਵੱਲੋਂ ਪਿਛਲੇ ਦਿਨੀ ਮੁਆਫੀ ਦੇ ਫੈਂਸਲੇ ਨੂੰ ਗਲਤ ਮੰਨ ਦਿਆਂ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ।ਪਰ ਇਸ ਦੇ ਬਾਵਜੂਦ ਵੀ ਸਿੱਖ ਕੌਮ ਵਿੱਚ ਜਥੇਦਾਰਾਂ ਖਿਲਾਫ ਭਰੇ ਰੋਹ ਦਾ ਅੰਦਾਜਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗਿ.ਗੁਰਬਚਨ ਸਿੰਘ ਦਾ ਸਿੱਖ ਪ੍ਰਚਾਰਕਾਂ ਵੱਲੋਂ ਹੋਏ ਵਿਰੋਧ ਤੋਂ ਲਾਇਆ ਜਾ ਸਕਦਾ ਹੈ।
ਅਵਤਾਰ ਸਿੰਘ ਮੱਕੜ ਵੱਲੋਂ ਇੱਕ ਹੋਰ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਅਤੇ ਸ.ਮਨਜੀਤ ਸਿੰਘ ਦੀ ਮੁਅੱਤਲੀ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਸ ਦੇ ਨਾਲ ਹੀ 20 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗਿ.ਗੁਰਬਚਨ ਸਿੰਘ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਰਾਗੀ ਭਾਈ ਕਾਰਜ ਸਿੰਘ, ਰਾਗੀ ਭਾਈ ਹਰਚਰਨ ਸਿੰਘ ਖਾਲਸਾ, ਸੁਪਰਵਾਈਜ਼ਰ ਭਾਈ ਹਰਪਾਲ ਸਿੰਘ ਅਤੇ ਪ੍ਰਚਾਰਕ ਭਾਈ ਸੁਰਜੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।