ਅੰਮ੍ਰਿਤਸਰ ਸਾਹਿਬ: ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਅੰਰੀਕ ਸਿੰਘ ਅਜਨਾਲਾ, ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ ਨੂੰ ਕੱਲ੍ਹ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅਦਾਲਤ ਵੱਲੋਂ ਭਾਈ ਮੋਹਕਮ ਸਿੰਘ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਦਕਿ ਭਾਈ ਧਿਆਨ ਸਿੰਘ ਮੰਡ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਸੁਣਾਏ।

ਭਾਈ ਮੰਡ ਤੇ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਦੀ ਸ਼ਿਕਾਇਤ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੌਲਾ ਰੱਪਾ ਪਾਉਣ ਦੇ ਦਰਜ ਕੀਤੇ ਗਏ ਕੇਸ ਵਿੱਚ ਉਨ੍ਹਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ।
ਜਿਕਰਯੋਗ ਹੈ ਕਿ 10 ਨਵੰਭਰ ਨੂੰ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਭਾਈ ਮੰਡ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਅਤੇ ਭਾਈ ਅਜਨਾਲਾ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ, ਜਦਕਿ ਭਾਈ ਮੋਹਕਮ ਸਿੰਘ ਉਸ ਸਮਾਗਮ ਦੇ ਮੁੱਖ ਪ੍ਰਬੰਧਕ ਸਨ।ਇਨ੍ਹਾਂ ਸਮੇਤ ਕੁੱਲ 20 ਬੰਦਿਆਂ ਤੇ ਪੰਜਾਬ ਪੁਲਿਸ ਵੱਲੋਂ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਸਿੱਖ ਆਗੂਆਂ ਦੇ ਵਕੀਲ ਕਰਨਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਭਾਈ ਮੰਡ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਜਦੋਂ ਉਨ੍ਹਾਂ ਨੇ ਪੁਲਿਸ ਨੂੰ ਪਹਿਲਾਂ ਲਤਏ ਦੋਸ਼ਾਂ ਨੂੰ ਸਾਬਿਤ ਕਰਨ ਲਈ ਆਖਿਆ ਤੇ ਪੁਲਿਸ ਕੁਝ ਵੀ ਸਾਬਿਤ ਨਹੀਂ ਕਰ ਸਕੀ।ਉਨ੍ਹਾਂ ਦੱਸਿਆ ਕਿ ਜਿਸ ਪਾਕਿਸਤਾਨੀ ਸਿਮ ਦਾ ਪੁਲਿਸ ਦਾਅਵਾ ਕਰ ਰਹੀ ਸੀ ਪੁਲਿਸ ਉਹ ਬਰਾਮਦ ਨਹੀਂ ਕਰ ਸਕੀ।ਪੁਲਿਸ ਨੇ ਦੋਸ਼ ਲਾਇਆ ਸੀ ਕਿ ਭਾਈ ਮੰਡ ਦੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਨਾਲ ਸੰਬੰਧ ਹਨ ਤੇ ਫੋਨ ਤੇ ਉਹ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ।ਜਿਸ ਤੋਂ ਬਾਅਦ ਅਦਾਲਤ ਨੇ ਭਾਈ ਮੰਡ ਨੂੰ 2 ਦਸੰਬਰ ਤੱਕ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਹੈ।
ਵੱਖੋ ਵੱਖ ਸਿੱਖ ਰਾਜਨੀਤਿਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਸਿੱਖ ਆਗੂਆਂ ਤੇ ਪੰਜਾਬ ਸਰਕਾਰ ਵੱਲੋਂ ਲਾਏ ਗਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ ਗਈ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੱਕ ਵਕੀਲਾਂ ਦੇ ਸਮੂਹ ਵੱਲੋਂ ਵੀ ਸਿੱਖ ਆਗੂਆਂ ਤੇ ਪਾਏ ਗਏ ਕੇਸਾਂ ਦੀ ਲਿਖਤੀ ਬਿਆਨ ਜਾਰੀ ਕਰਕੇ ਨਿੰਦਾ ਕੀਤੀ ਗਈ।
ਕਨੇਡਾ ਦੀ ਸਿੱਖ ਜਥੇਬੰਦੀ, ਵਰਲਡ ਸਿੱਖ ਔਰਗਨਾਈਜ਼ੇਸ਼ਨ ਕਨੇਡਾ ਵੱਲੋਂ ਵੀ ਪੰਜਾਬ ਭਰ ਵਿੱਚੋਂ ਗ੍ਰਿਫਤਾਰ ਕੀਤੇ ਜਾ ਰਹੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਤੇ ਚਿੰਤਾ ਪ੍ਰਗਟਾਈ ਗਈ ਹੈ।