ਜਲੰਧਰ (3 ਦਸੰਬਰ, 2015) : ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਵੱਲੋਂ ਪਿਛਲੇ ਸਮੇਂ ਦੌਰਾਨ ਬਾਦਲ ਸਰਕਾਰ ਦੇ ਮੰਤਰੀਆਂ ਦੇ ਵਿਦੇਸ਼ੀ ਦੌਰਿਆਂ ਦੌਰਾਨ ਹੋਏ ਸਖ਼ਤ ਵਿਰੋਧ ਕਾਰਣ ਬਾਦਲ ਸਰਕਾਰ ਇਸ ਵੇਲੇ ਪਰਵਾਸੀ ਪੰਜਾਬੀਆਂ ਦਾ (ਐੱਨ. ਆਈ. ਆਰ) ਸੰਮੇਲਨ ਕਰਵਾਉਣ ਤੋਂ ਟਾਲਾ ਵੱਟ ਰਹੀ ਹੈ।

ਪਰਵਾਸੀ ਪੰਜਾਬੀਆਂ ਅਤੇ ਸਿੱਖਾਂ ਦੇ ਵਿਰੋਧ ਤੋਂ ਪੰਜਾਬ ਸਰਕਾਰ ਇੰਨਾ ਡਰ ਗਈ ਹੈ ਕਿ ਇਸ ਵਾਰ ‘ਪ੍ਰਵਾਸੀ ਭਾਰਤੀ ਸੰਮੇਲਨ‘ ਕਰਾਉਣ ਦੇ ਮੁੜ ‘ਚ ਦਿਖਾਈ ਨਹੀਂ ਦੇ ਰਹੀ।
ਦੱਸਣਯੋਗ ਹੈ ਕਿ ਇਸ ਸੰਮੇਲਨ ਦੀ ਤਰੀਕ ਸੰਬੰਧੀ ਦੋ ਮਹੀਨੇ ਪਹਿਲਾਂ ਹੀ ਫੈਸਲਾ ਕਰ ਲਿਆ ਜਾਂਦਾ ਹੈ ਪਰ ਇਸ ਵਾਰ ਸਰਕਾਰ ਦੀ ਪਹਿਲ ਦੀ ਸੂਚੀ ‘ਚ ਇਹ ਕਿਧਰੇ ਨਜ਼ਰ ਨਹੀਂ ਆ ਰਿਹਾ। ਪੂਰਾ ਸਾਲ ਖਤਮ ਹੋਣ ਲੱਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਇਸ ਸੰਬੰਧੀ ਇਕ ਵੀ ਬੈਠਕ ਨਹੀਂ ਰੱਖੀ ਹੈ ਅਤੇ ਨਾ ਹੀ ਸੰਮੇਲਨ ਸੰਬੰਧੀ ਕਿਸੇ ਪਰਵਾਸੀ ਸੰਗਠਨ ਨਾਲ ਪਿਛਲੇ ਸਾਲਾਂ ਦੀ ਤਰਾਂ ਕੋਈ ਗੱਲਬਾਤ ਕੀਤੀ ਹੈ।
ਪਰਵਾਸੀ ਮਾਮਲਿਆਂ ਦੇ ਵਿਭਾਗ ਮੁਤਾਬਕ ਸਰਕਾਰ ਇਸ ਵਾਰ ਇਹ ਸੰਮਲੇਨ ਕਰਨ ਦੇ ਮੁੜ ‘ਚ ਨਹੀਂ ਹੈ ਕਿਉਂਕਿ ਬਾਦਲ ਦਲ ਦੇ ਮੰਤਰੀਆਂ ਦੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੌਰਿਆਂ ਦੌਰਾਨ ਐੱਨ. ਆਰ. ਆਈਜ਼ ਨੇ ਪੰਜਾਬ ‘ਚ ਵਿਗੜੇ ਹਾਲਾਤਾਂ ਦਾ ਦੋਸ਼ੀ ਦੱਸਦਿਆਂ ਉਨਾਂ ਦਾ ਸਖਤ ਵਿਰੋਧ ਕੀਤਾ ਸੀ, ਇਸ ਲਈ ਸਰਕਾਰ ਇਸ ਸੰਮੇਲਨ ‘ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੀ।