ਦਿੱਲੀ: ਸੀ.ਬੀ.ਆਈ ਵੱਲੋਂ ਅੱਜ ਸਵੇਰੇ ਦਿੱਲੀ ਸਕੱਤਰੇਤ ਵਿੱਚ ਸਥਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਜੀ ਸਕੱਤਰ ਰਜਿੰਦਰ ਕੁਮਾਰ ਦੇ ਦਫਤਰ ਵਿੱਚ ਭਰਾਸ਼ਟਾਚਾਰ ਨਾਲ ਸੰਬੰਧਿਤ ਇੱਕ ਮਾਮਲੇ ਦੀ ਜਾਂਚ ਲਈ ਸ਼ਾਪਾ ਮਾਰਿਆ ਗਿਆ ਜਿਸ ਤੋਂ ਬਾਅਦ ਇੱਕ ਵਾਰ ਫੇਰ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਟਕਰਾਅ ਵਾਲੀ ਸਥਿਤੀ ਬਣਦੀ ਨਜਰ ਆ ਰਹੀ ਹੈ।

ਸੀ.ਬੀ.ਆਈ ਵੱਲੋਂ ਮਾਰੇ ਗਏ ਇਸ ਛਾਪੇ ਤੇ ਨਰਾਜਗੀ ਪ੍ਰਗਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ ਤੇ ਕਿਹਾ ਕਿ “ਜਦੋਂ ਮੋਦੀ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਨਹੀਂ ਹਰਾ ਸਕੇ ਤਾਂ ਉਹ ਅਜਿਹੀਆਂ ਘਟੀਆ ਹਰਕਤਾਂ ਤੇ ਉਤਰ ਆਏ ਹਨ”।ਆਪਣੇ ਟਵੀਟ ਵਿੱਚ ਕੇਜਰੀਵਾਲ ਨੇ ਮੋਦੀ ਨੂੰ ਮਨੋਰੋਗੀ ਤੱਕ ਕਹਿ ਦਿੱਤਾ।
ਇਸ ਕਾਰਵਾਈ ਬਾਰੇ ਸੀ.ਬੀ.ਆਈ ਵੱਲੋਂ ਕਿਹਾ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਸਕੱਤਰ ਰਜਿੰਦਰ ਕੁਮਾਰ ਖਿਲਾਫ ਦਿੱਲੀ ਸੰਵਾਦ ਕਮਿਸ਼ਨ ਦੇ ਸਾਬਕਾ ਸਕੱਤਰ ਅਸ਼ੀਸ਼ ਜੋਸ਼ੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਰਜਿੰਦਰ ਕੁਮਾਰ ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਬੀਤੇ ਸਾਲਾਂ ਦੌਰਾਨ ਦਿੱਲੀ ਸਰਕਾਰ ਵੱਲੋਂ ਦਿੱਤੇ ਜਾਂਦੇ ਠੇਕਿਆਂ ਦਾ ਲਾਭ ਕੁਝ ਕੰਪਨੀਆਂ ਨੂੰ ਦੇਣ ਲਈ ਆਪਣੇ ਅਹੁਦੇ ਦੀ ਨਜਾਇਜ ਵਰਤੋ ਕੀਤੀ ਹੈ।
ਵਰੰਟ ਹਾਸਿਲ ਕਰਨ ਤੋਂ ਬਾਅਦ ਜਾਂਚ ਅਜੈਂਸੀ ਵੱਲੋਂ ਰਜਿੰਦਰ ਕੁਮਾਰ ਦੇ ਘਰ ਅਤੇ ਦਫਤਰ ਦੇ ਨਾਲ ਨਾਲ ਕਈ ਹੋਰ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਗਈ।
ਦਿੱਲੀ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਵੱਲੋਂ ਸਕੱਤਰੇਤ ਦੀ ਤੀਜੀ ਮੰਜਿਲ ਜਿਸ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਫਤਰ ਵੀ ਹੈ ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।
ਆਪ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਰਜਿੰਦਰ ਕੁਮਾਰ ਤਾਂ ਬਹਾਨਾ ਹੈ ਬਲਕਿ ਕੇਜਰੀਵਾਨ ਅਸਲ ਨਿਸ਼ਾਨਾ ਹੈ ਕਿਉਂਕਿ ਰੇਲਵੇ ਵੱਲੋਂ ਸ਼ਕੂਰ ਬਸਤੀ ਵਿੱਚ ਝੁੰਗੀਆਂ ਤੋੜਨ ਤੋਂ ਬਾਅਦ ਕੇਜਰੀਵਾਲ ਵੱਲੋਂ ਮੋਦੀ ਸਰਕਾਰ ਦੀ ਸਖਤ ਅਲੋਚਨਾ ਕੀਤੀ ਗਈ ਸੀ।
ਇਸ ਕਾਰਵਾਈ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਸੀਬੀਆਈ ਝੂਠ ਬੋਲ ਰਹੀ ਹੈ।ਸੀਬੀਆਈ ਵੱਲੋਂ ਮੇਰੇ ਦਫਤਰ ਤੇ ਛਾਪਾ ਮਾਰ ਕੇ ਮੁੱਖ ਮੰਤਰੀ ਦਫਤਰ ਦੀਆਂ ਫਾਈਲਾਂ ਦੀ ਘੋਖ ਕੀਤੀ ਗਈ ਹੈ।