
ਮਹਿਲ ਕਲਾਂ (2 ਜਨਵਰੀ, 2016): ਪੰਜਾਬ ਦੀ ਥੁੜਾਂ ਮਾਰੀ ਕਿਸਾਨੀ ਵਿੱਚ ਖੁਦਕੁਸ਼ੀਆਂ ਦਾ ਪੈਦਾ ਹੋਇਆ ਰੁਝਾਨ ਛੋਟੇ ਕਿਸਾਨਾਂ ਤੋਂ ਮੱਧ ਵਰਗੀ ਕਿਸਾਨਾਂ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਹੱਥਲੀ ਖਬਰ ਵਿੱਚ ਖੁਦਕਸ਼ੀ ਕਰਨ ਵਾਲਾ ਕੋਈ ਆਮ ਆਦਮੀ ਨਹੀਂ, ਪੰਜਾਬ ਦੀ ਸੱਤਾ ਵਿੱਚ ਵਿਸ਼ੇਸ਼ ਥਾਂ ਰੱਖਦੇ ਬਾਦਲ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੇਂਦਰੀ ਮੰਤਰੀ, ਸੰਸਦ ਮੈਬਰ ਸੁਖਦੇਵ ਸਿੰਘ ਢੀਡਸਾ ਦਾ ਕਰੀਬੀ ਸਾਥੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲ ਕਲਾਂ ‘ਚ ਬਾਦਲ ਦਲ ਦੇ ਆਗੂ ਕਮਿੱਕਰ ਸਿੰਘ ਸੋਢਾ ਨੇ ਤੜਕਸਾਰ ਆਪਣੇ ਖੇਤ ਜਾ ਕੇ ਖੁਦ ਨੂੰ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਲਈ। ਸੂਤਰਾਂ ਅਨੁਸਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੂੰ ਇਹ ਆਤਮਘਾਤੀ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ। ਮਹਿਲ ਕਲਾਂ ਪੁਲਿਸ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਹੈ।
ਸੁਖਦੇਵ ਸਿੰਘ ਢੀਂਡਸਾ ਦੇ ਨਜ਼ਦੀਕੀ ਵਜੋਂ ਜਾਣੇ ਜਾਂਦੇ ਕਮਿੱਕਰ ਸਿੰਘ ਸੋਢਾ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਸੰਮਤੀ ਮਹਿਲ ਕਲਾਂ ਦੇ ਮੈਂਬਰ ਸਨ।
ਪੰਜਾਬ ਦੇ ਮੱਧ ਵਰਗੀ ਕਿਸਾਨੀ ਵਿੱਚੋਂ ਕਮਿੱਕਰ ਸਿੰਘ ਵੱਲੋਂ ਕੀਤੀ ਖੁਦਕਸ਼ੀ ਪੰਜਾਬ ਦੀ ਕਿਸਾਨੀ ਦੀ ਭਿਆਨਕ ਹਾਲਤ ਦੀ ਥਾਹ ਪਾਉਣ ਕਾਫੀ ਹੈ।ਪਿਲ਼ਦੇ ਦਿਨੀ ਮਾਨਸਾ ਜਿਲੇ ਵਿੱਚੋਂ ਪੰਜਾਬ ਸਰਕਾਰ ਵੱਲੋਂ ਸਿਰਫ 4 ਕਿਸਾਨਾਂ ਦੀ ਖੁਦਕਸ਼ੀਆਂ ਨੂੰ ਹੀ ਮਾਨਤਾ ਦੇਣ ਦੇ ਮਾਮਲੇ ਵਿੱਚ ਪੰਜਾਬ ਦੇ ਵਿਵਾਦਤ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਕਿਹਾ ਕਿ ਕਿ ਪੰਜਾਬ ਵਿੱਚ ਹੋ ਰਹੀਆਂ ਖੁਦਕਸ਼ੀਆਂ ਵਿੱਚ ਜਿਆਦਾ ਦਾ ਸਬੰਧ ਕਿਸਾਨੀ ਮਾਮਲਿਆਂ ਨਾਲ ਨਹੀ।
ਕਮਿੱਕਰ ਸਿੰਘ ਦੀ ਖੁਦਕਸ਼ੀ ਸ਼ਾਇਦ ਤੋਤਾ ਸਿੰਘ ਦੇ ਦਿੱਤੇ ਗਲਤ ਅਤੇ ਗੁਮਰਾਹਕੂਨ ਜਵਾਬ ਦੀ ਸਹੀ ਤਸਵੀਰ ਬਿਆਨ ਕਰਦੀ ਹੈ।