ਵੈਨਕੂਵਰ: ਉੱਤਰੀ ਅਮਰੀਕਾ ‘ਚ ਖ਼ਾਲਸਾ ਸਾਜਨਾ ਦਿਵਸ ‘ਤੇ ਸਿੱਖਾਂ ਦੇ ‘ਖ਼ਾਲਸਾ ਡੇਅ ਪ੍ਰੇਡ’ ਵਜੋਂ ਜਾਣੇ ਜਾਂਦੇ ਸਰੀ ਨਗਰ ਕੀਰਤਨ ‘ਚ ਅੱਜ ਸੰਗਤਾਂ ਦਾ ਬੇਮਿਸਾਲ ਉਤਸ਼ਾਹ ਵੇਖਣ ਨੂੰ ਮਿਲਿਆ । ਇਥੋਂ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਤੋਂ ਆਰੰਭ ਹੋਏ ਇਸ ਨਗਰ ਕੀਰਤਨ ‘ਚ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ, ਜਿਨ੍ਹਾਂ ‘ਚ ਸਿੱਖਾਂ ਤੋਂ ਇਲਾਵਾ ਕੈਨੇਡੀਅਨ ਭਾਈਚਾਰਿਆਂ ਨੇ ਵੀ ਪ੍ਰੇਡ ‘ਚ ਹਾਜ਼ਰੀ ਲੁਆਈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ ਅਤੇ ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਤੋਂ ਇਲਾਵਾ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਪੰਜਾਬ ਹਿਤੈਸ਼ੀ ਸੰਗਠਨਾਂ ਨੇ ਵੀ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ । ਨਗਰ ਕੀਰਤਨ ਦੀ ਮੁੱਖ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਤੇ ਪੰਥਕ ਬੁਲਾਰਿਆਂ ਦੇ ਪ੍ਰਚਾਰ ‘ਚ ਖ਼ਾਲਿਸਤਾਨ ਪੱਖੀ ਸੁਰ ਭਾਰੂ ਰਹੀ ।

ਬਿ੍ਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੀ ਮੁੱਖ ਸਟੇਜ ਤੋਂ ਸਿੱਖਾਂ ਨੂੰ ਖ਼ਾਲਸਾ ਸਾਜਨਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਰੀ ਨਗਰ ਕੀਰਤਨ ਦੇ ਮੁੱਖ ਪੰਡਾਲ ਤੋਂ ਸਿੱਖ ਸੰਗਤਾਂ ਲਈ ਭੇਜੇ ਸੰਦੇਸ਼ ਨੂੰ ਉਨ੍ਹਾਂ ਦੇ ਮੰਤਰੀ ਸਾਹਿਬਾਨਾਂ ਨੇ ਜਿਉਂ ਹੀ ਪੇਸ਼ ਕੀਤਾ, ਤਾਂ ਪੰਡਾਲ ‘ਚ ‘ਬੋਲੇ ਸੋ ਨਿਹਾਲ’ ਜੈਕਾਰਿਆਂ ਨਾਲ ਗੂੰਜ ਉਠਿਆ ।
ਸਰੀ ਨਿਊਟਨ ਤੋਂ ਲਿਬਰਲ ਐਮ. ਪੀ. ਸੁੱਖ ਧਾਲੀਵਾਲ, ਸਰੀ ਸੈਂਟਰਲ ਤੋਂ ਐਮ. ਪੀ. ਰਣਦੀਪ ਸਿੰਘ ਸਰਾਏ ਤੇ ਪਾਰਟੀ ਦੇ ਸੀਨੀਅਰ ਆਗੂ ਡਾ: ਗੁਲਜ਼ਾਰ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ । ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਡਾ: ਐਸ. ਪੀ. ਸਿੰਘ ਉਬਰਾਏ ਵੱਲੋਂ ਨਗਰ ਕੀਰਤਨ ‘ਚ ਸਿੱਖਾਂ ਨੂੰ ਮਾਨਵੀ ਸੇਵਾ ਦੇ ਕਾਰਜਾਂ ਸਬੰਧੀ ਸੰਬੋਧਨ ਕੀਤਾ ਗਿਆ ।

ਕੌਮੀ ਸ਼ਹੀਦ ਭਾਈ ਅਮਰੀਕ ਸਿੰਘ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਅਤੇ ਸਰਬੱਤ ਖ਼ਾਲਸਾ ‘ਚ ਥਾਪੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਸਿੰਘਣੀ ਬੀਬੀ ਦਵਿੰਦਰ ਕੌਰ ਨੂੰ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ।
ਖ਼ਾਲਸਾ ਸਾਜਨਾ ਦਿਹਾੜੇ ‘ਤੇ ਸਜੇ ਨਗਰ ਕੀਰਤਨ ‘ਚ ਈਸਟਰ ਇੰਡੀਆ ਡਿਫੈਂਸ ਕਮੇਟੀ ਵੱਲੋਂ ਕੈਨੇਡਾ ਦੇ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੂੰ ‘ਸ਼ਹੀਦ’ ਐਲਾਨੇ ਜਾਣ ਦੀ ਪਟੀਸ਼ਨ ਤਿਆਰ ਕੀਤੀ ਗਈ, ਜਦ ਕਿ ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਵਹਿਮਾਂ-ਭਰਮਾਂ ਖਿਲਾਫ਼ ਜਾਗਰੂਕਤਾ, ਡਾ: ਰਘਬੀਰ ਸਿੰਘ ਬੈਂਸ ਵੱਲੋਂ ਨਸ਼ਿਆਂ ਵਿਰੁੱਧ ਲਾਮਬੰਦੀ, ਵੱਖ-ਵੱਖ ਸੰਸਥਾਵਾਂ ਵੱਲੋਂ ਦਸਤਾਰਾਂ ਸਜਾਉਣ ਦੀ ਸੇਵਾ ਅਤੇ ਸਿੱਖ ਵਿਦਿਅਕ ਸੰਸਥਾਵਾਂ ਵੱਲੋਂ ਜਾਗਰੂਕਤਾ ਲਈ ਉਤਸ਼ਾਹ ਦਿਖਾਇਆ ਗਿਆ ।
ਨਗਰ ਕੀਰਤਨ ‘ਚ ਪਹਿਲੀ ਵਾਰ ਸ਼ਾਮਿਲ ਹੋਏ ਡਾ: ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ ਪਟਿਆਲਾ ਨੇ ਕੈਨੇਡੀਅਨ ਪ੍ਰੈਸ਼ਰ ਸਮੂਹ ਦੇ ਮੰਚ ਤੋਂ ਸਿੱਖ ਮੈਰਿਜ ਐਕਟ ਸਮੇਤ ਵੱਖ-ਵੱਖ ਉਪਰਾਲਿਆਂ ਬਾਰੇ ਵਿਚਾਰ ਸਾਂਝੇ ਕੀਤੇ ।
ਬਿ੍ਟਿਸ਼ ਕੋਲੰਬੀਆ ਦੀ ਵਿਰੋਧੀ ਪਾਰਟੀ ਨਿਊ ਡੈਮੋਕ੍ਰੇਟਿਕ ਦੇ ਆਗੂ ਤੇ ਵਿਧਾਇਕਾਂ ਤੋਂ ਇਲਾਵਾ ਕੰਜਰਵੇਟਿਵ ਪਾਰਟੀ, ਸਰੀ ਸ਼ਹਿਰ ਦੀ ਕੌਸਲ, ਰੌਇਲ ਕੈਨੇਡੀਅਨ ਮੌਟੇਡ ਪੁਲਿਸ ਤੇ ਕੈਨੇਡੀਅਨ ਫ਼ੌਜ ਦੀਆਂ ਟੁਕੜੀਆਂ ਨੇ ਵੀ ਨਗਰ ਕੀਰਤਨ ਦੀ ਰੌਣਕ ‘ਚ ਵਾਧਾ ਕੀਤਾ ।
ਮੁੱਖ ਪ੍ਰਬੰਧਕ ਭਾਈ ਦਵਿੰਦਰ ਸਿੰਘ ਗਰੇਵਾਲ, ਪਰਉਪਕਾਰ ਸਿੰਘ ਦੂਲੇ, ਜਥੇਦਾਰ ਸਤਿੰਦਰਪਾਲ ਸਿੰਘ, ਬਲਜਿੰਦਰ ਸਿੰਘ ਖੈਰਾ ਤੇ ਟੋਰਾਂਟੋ ਤੋਂ ਪੁੱਜੇ ਸੁਖਮਿੰਦਰ ਸਿੰਘ ਹੰਸਰਾ ਨੇ ਨਗਰ ਕੀਰਤਨ ‘ਚ ਸਿੱਖਾਂ ਦੇ ਪੰਥਕ ਮੁੱ ਦਿਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ । ਸਟੇਜ ਦੀ ਕਾਰਵਾਈ ਭਾਈ ਗਿਆਨ ਸਿੰਘ ਗਿੱਲ ਨੇ ਸੁਚੱਜੇ ਢੰਗ ਨਾਲ ਨਿਭਾਈ । ਨਗਰ ਕੀਰਤਨ ‘ਚ ਕੈਨੇਡਾ ‘ਚ ਜਿੱਤਾਂ ਹਾਸਿਲ ਕਰਨ ਵਾਲੇ ਸਿੱਖ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ।
ਕੈਨੇਡੀਅਨ ਸਿੱਖ ਸਟੱਡੀਜ਼ ਤੇ ਟੀਚਿੰਗ ਸੁਸਾਇਟੀ ਦੇ ਪੁਸਤਕ ਭੰਡਾਰ ‘ਤੇ ਪੰਜਾਬ ਤੋਂ ਪੁੱਜੇ ਸਿੱਖ ਵਿਦਵਾਨ ਡਾ: ਗੁਰਦਰਸ਼ਨ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲੁਆਈ ਗਈ । ਇਸ ਮੌਕੇ ਸੈਂਕੜੇ ਹੀ ਲੰਗਰਾਂ ਦੇ ਸਟਾਲ ਸੰਗਤਾਂ ਲਈ ਲਗਾਏ ਗਏ, ਜਿਥੋਂ ਸਿੱਖਾਂ ਤੋਂ ਇਲਾਵਾ ਗੋਰਿਆਂ ਨੇ ਵੀ ਲੰਗਰ ਛਕਿਆ ।