ਫ਼ਤਹਿਗੜ੍ਹ ਸਾਹਿਬ: ਜਦੋਂ ਕੋਈ ਆਗੂ ਜਾਂ ਪਾਰਟੀ ਆਪਣੀ ਸਾਖ ਨੂੰ ਜਨਤਾ ਵਿਚ ਮਜ਼ਬੂਤ ਨਾ ਕਰ ਸਕੇ ਜਾਂ ਜਨਤਾ ਉਸ ਆਗੂ ਜਾਂ ਪਾਰਟੀ ਨੂੰ ਪ੍ਰਵਾਨ ਨਾ ਕਰੇ ਤਾਂ ਅਕਸਰ ਹੀ ਅਜਿਹੇ ਸਮਿਆਂ ਤੇ ਸਿਆਸਤਦਾਨ ਜਨਤਾ ਦੀਆਂ ਭਾਵਨਾਵਾਂ ਨਾਲ ਸੰਬੰਧਤ ਮੁੱਦਿਆਂ ਨੂੰ ਉਛਾਲਕੇ ਜਾਂ ਉਹਨਾਂ ਦੀ ਕਿਸੇ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕਰਕੇ ਆਪਣੇ ਮਗਰ ਲਗਾਉਣ ਜਾਂ ਆਪਣੀ ਝੂਠੀ ਹਰਮਨ ਪਿਆਰਤਾ ਦਾ ਬਿਗਲ ਵਜਾਉਣ ਲਈ ਗੁੰਮਰਾਹਕੁੰਨ ਕਾਰਵਾਈਆਂ ਕਰਦੇ ਹਨ।

ਠੀਕ ਉਸੇ ਤਰ੍ਹਾਂ ਕੇਜਰੀਵਾਲ ਨੇ ਦਰਬਾਰ ਸਾਹਿਬ ਦੀ ਫੋਟੋ ਆਪਣੇ ਚੋਣ ਮੈਨੀਫੈਸਟੋ ਉਤੇ ਫੋਟੋ ਪ੍ਰਕਾਸਿ਼ਤ ਕਰਕੇ ਕੀਤਾ। ਬਲਕਿ ਦਰਬਾਰ ਸਾਹਿਬ ਦੇ ਮਹਾਨ ਧਾਰਮਿਕ ਅਸਥਾਨ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਉਹਨਾਂ ਦੀ ਦੁਰਵਰਤੋਂ ਕਰਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਸਿਆਸੀ ਸਵਾਰਥੀ ਸੋਚ ਵੱਲ ਘਸੀਟਣ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ ਅਤੇ ਦਰਬਾਰ ਸਾਹਿਬ ਦੇ ਰੁਤਬੇ ਨੂੰ ਠੇਸ ਪਹੁੰਚਾਉਣ ਦੀ ਬੱਜਰ ਗੁਸਤਾਖੀ ਕੀਤੀ ਹੈ।
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੇਜਰੀਵਾਲ ਵੱਲੋਂ ਦਰਬਾਰ ਸਾਹਿਬ ਫੋਟੋ ਵਾਲੇ ਮੈਨੀਫੈਸਟੋ ਜਾਰੀ ਕਰਨ ਦੀ ਪ੍ਰਤੀਕ੍ਰਿਆ ‘ਚ ਕਹੇ। ਉਹਨਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਸਿਆਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਦਰਬਾਰ ਸਾਹਿਬ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਦੁਰਵਰਤੋਂ ਕਰਨ ਦੀ ਗੁਸਤਾਖੀ ਤਾਂ ਕਰ ਰਹੇ ਹਨ, ਲੇਕਿਨ ਉਹ ਇਹ ਵੀ ਸਪੱਸ਼ਟ ਕਰਨ ਕਿ ਜੋ ਹਿੰਦੂਤਵ ਤਾਕਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ ਨੇ ਇਕ ਹੋ ਕੇ ਦਰਬਾਰ ਸਾਹਿਬ ‘ਤੇ 1984 ਵਿਚ ਫ਼ੌਜੀ ਹਮਲਾ ਕਰਵਾਉਣ ਵਿਚ ਭੂਮਿਕਾ ਨਿਭਾਈ। ਉਨ੍ਹਾਂ ਬਾਰੇ ਕੇਜਰੀਵਾਲ ਦਾ ਕੀ ਸਟੈਂਡ ਹੈ?
ਮਾਨ ਨੇ ਕੇਜਰੀਵਾਲ ਦੇ ਅਤੇ ਆਪ ਪਾਰਟੀ ਦੇ ਅੰਮ੍ਰਿਤਸਰ ਵਿਖੇ ਚੋਣ ਮੈਨੀਫੈਸਟੋ ਜਾਰੀ ਕਰਨ ਸੰਬੰਧੀ ਹੋਏ ਸਮਾਗਮ ਵਿਚ ਸਾਮਿਲ ਹੋਏ ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਸਿੰਘ ਖਹਿਰਾ, ਭਗਵੰਤ ਸਿੰਘ ਮਾਨ, ਕੰਵਰ ਸੰਧੂ, ਗੁਰਪ੍ਰੀਤ ਸਿੰਘ ਘੁੱਗੀ, ਸਾਧੂ ਸਿੰਘ, ਬਲਜਿੰਦਰ ਕੌਰ, ਐਚ.ਐਸ. ਫੂਲਕਾ ਆਦਿ ਸਿੱਖਾਂ ਨੂੰ ਸਿੱਖ ਕੌਮ ਦੇ ਬਿਨਾਹ ‘ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹੇ ਕਰਦੇ ਹੋਏ ਸਵਾਲ ਕੀਤਾ ਕਿ ਜਦੋਂ ਕੇਜਰੀਵਾਲ ਆਪਣੇ ਚੋਣ ਮਨੋਰਥ ਪੱਤਰ ਉਤੇ ਦਰਬਾਰ ਸਾਹਿਬ ਦੀ ਫੋਟੋ ਪ੍ਰਕਾਸਿ਼ਤ ਕਰਕੇ ਵਰਤੋ ਕਰਦੇ ਹੋਏ ਜਾਰੀ ਕਰ ਰਹੇ ਸਨ ਤਾਂ ਉਸ ਸਮੇਂ ਉਪਰੋਕਤ ਸਿੱਖ ਮਾਵਾਂ ਦੀ ਕੁੱਖੋਂ ਜਨਮ ਲੈਣ ਵਾਲੇ ਆਗੂਆਂ ਦੀ ਜ਼ਮੀਰ ਕਿਉਂ ਨਾ ਜਾਗੀ? ਉਹ ਉਸ ਸਮੇਂ ਸਿੱਖ ਕੌਮ ਵਿਰੋਧੀ ਅਮਲ ਹੋਣ ‘ਤੇ ਚੁੱਪ ਕਿਉਂ ਰਹੇ?
ਮਾਨ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿਆਸੀ ਸੋਚ ਅਤੇ ਮਿਸ਼ਨ ਅਧੀਨ ਦਰਬਾਰ ਸਾਹਿਬ ਵਰਗੇ ਪਵਿੱਤਰ ਅਸਥਾਨ ਅਤੇ ਸਿੱਖ ਗੁਰੂ ਸਾਹਿਬਾਨ ਦੇ ਸਤਿਕਾਰਯੋਗ ਨਾਵਾਂ ਦੀ ਦੁਰਵਰਤੋਂ ਕਰਕੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ‘ਤੇ ਉਹਨਾਂ ਮਹਾਨ ਸ਼ਖਸੀਅਤਾਂ ਅਤੇ ਅਸਥਾਨਾਂ ਦੇ ਰੁਤਬਿਆਂ ਨੂੰ ਬਿਲਕੁਲ ਵੀ ਠੇਸ ਨਾ ਪਹੁੰਚਾਉਣ ਤਾਂ ਬਿਹਤਰ ਹੋਵੇਗਾ।