ਫ਼ਤਹਿਗੜ੍ਹ ਸਾਹਿਬ: “ਜਿਸ ਧਰਤੀ ‘ਤੇ ਗੁਰੂ ਨਾਨਕ ਸਾਹਿਬ ਨੇ ਜਨਮ ਲਿਆ, ਆਪਣਾ ਸਾਦਾ ਜੀਵਨ ਗੁਜ਼ਾਰਦੇ ਹੋਏ ਖੇਤੀ ਕੀਤੀ, ਗੁਰੂ ਅਰਜਨ ਸਾਹਿਬ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੋਵੇ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ 200 ਦੇ ਕਰੀਬ ਸਿੱਖ ਇਤਿਹਾਸਕ ਸਥਾਨ ਇਨਸਾਨੀਅਤ ਅਤੇ ਮਨੁੱਖਤਾ ਦੀ ਗੱਲ ਕਰਦੇ ਹੋਏ ਸੁਸ਼ੋਭਿਤ ਹੋਣ, ਉਸ ਪਾਕਿਸਤਾਨ ਦੀ ਪਵਿੱਤਰ ਧਰਤੀ ਨੂੰ ‘ਨਰਕ’ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ? ਹਿੰਦ ਦੇ ਰੱਖਿਆ ਮੰਤਰੀ ਮਨੋਹਰ ਪਰਿਕਰ ਵੱਲੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਪਵਿੱਤਰ ਧਰਤੀ ਨੂੰ ‘ਨਰਕ’ ਦੇ ਨਾਮ ਨਾਲ ਪੁਕਾਰਕੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨੂੰ ਅਪਮਾਨਿਤ ਕਰਦੇ ਹੋਏ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਠੇਸ ਹੀ ਨਹੀਂ ਪਹੁੰਚਾਈ ਗਈ ਬਲਕਿ ਆਪਣੀ ਅਕਲ ਦਾ ਵੀ ਪਰਿਕਰ ਵੱਲੋਂ ਜਨਾਜ਼ਾ ਕੱਢਿਆ ਗਿਆ ਹੈ, ਉਹ ਸਿੱਖ ਕੌਮ ਲਈ ਅਸਹਿ ਹੈ। ਪਰਿਕਰ ਵੱਲੋਂ ਜਦੋਂ ਤੱਕ ਆਪਣੇ ਤੋਂ ਹੋਈ ਗੁਸਤਾਖੀ ਲਈ ਸਿੱਖ ਕੌਮ ਤੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗਦੇ ਹੋਏ ਆਪਣੇ ਸ਼ਬਦ ਵਾਪਿਸ ਨਹੀਂ ਲਏ ਜਾਂਦੇ, ਸਿੱਖ ਕੌਮ ਪਰਿਕਰ ਨੂੰ ਕਤਈ ਮੁਆਫ਼ ਨਹੀਂ ਕਰੇਗੀ।”

ਉਪਰੋਕਤ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਰਿਕਰ ਵਲੋਂ ਪਾਕਿਸਤਾਨ ਦੀ ਧਰਤੀ ਨੂੰ ‘ਨਰਕ’ ਕਹਿਣ ਦੇ ਜਵਾਬ ਵਿਚ ਪ੍ਰਗਟ ਕੀਤੇ। ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਦਾ ਬਹੁਮੁੱਲਾ ਇਤਿਹਾਸ ਪਾਕਿਸਤਾਨ ਦੀ ਧਰਤੀ ਅਤੇ ਉਥੋਂ ਦੀ ਆਬੋ-ਹਵਾ ਨਾਲ ਸੰਬੰਧਤ ਹੈ। ਜੇਕਰ ਪਰਿਕਰ ਦੀ ਜ਼ਮੀਰ ਜਿਉਂਦੀ ਹੈ ਤਾਂ ਉਹ ਤੁਰੰਤ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗਲਤੀ ਲਈ ਮੁਆਫੀ ਮੰਗ ਲੈਣ ਤਾਂ ਸਿੱਖ ਕੌਮ ਵਿਚ ਉਹਨਾਂ ਪ੍ਰਤੀ ਉਠੇ ਰੋਹ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
ਸਿੱਖ ਕੌਮ ਪਾਕਿਸਤਾਨ ਵਿਚ ਵੀ ਸਵਰਗ ਦਾ ਆਨੰਦ ਮਾਣਦੀ ਸੀ ਅੱਜ ਚੜ੍ਹਦੇ ਪੰਜਾਬ ਵਿਚ ਵੀ ਅਤੇ ਜਿਥੇ ਕਿਤੇ ਵੀ ਵਿਚਰਦੀ ਹੈ ਉਹਨਾਂ ਵਿਚ ਉਸ ਅਕਾਲ ਪੁਰਖ ਦੀ ਬਖਸਿ਼ਸ਼ ਸਦਕਾ ਹਮੇਸ਼ਾਂ ਸਵਰਗੀ ਗੁਣ ਰਹਿੰਦੇ ਹਨ।
ਸ. ਮਾਨ ਨੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਅਖੌਤੀ ਪੰਥਕ ਹੁਕਮਰਾਨ ਅਤੇ ਹੋਰ ਪੰਥ ਵਿਚ ਵਿਚਰ ਰਹੇ ਵੱਖ-ਵੱਖ ਪੰਥਕ ਸੰਗਠਨਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜਦੋਂ ਫਿਰਕੂ ਭਾਜਪਾ ਦੇ ਇਕ ਆਗੂ ਵੱਲੋਂ ਸਾਡੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਨਰਕ ਕਹਿਕੇ ਸਿੱਖ ਕੌਮ ਨੂੰ ਤੇ ਗੁਰੂ ਸਾਹਿਬਾਨ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੀਆਂ ਆਤਮਾਵਾਂ ਕਿੱਥੇ ਦਬਕੇ ਰਹਿ ਗਈਆ ਹਨ? ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਹੋਏ ਦੁੱਖਦਾਇਕ ਅਮਲਾਂ ਉਤੇ ਚੁੱਪ ਕਿਉਂ ਹਨ? ਜਦੋਂਕਿ ਅਜਿਹੀ ਲੀਡਰਸਿ਼ਪ ਹਮੇਸ਼ਾਂ ਪੰਥ-ਪੰਥ ਦੀ ਗੱਲ ਕਰਕੇ ਆਪਣੇ-ਆਪ ਨੂੰ ਪੰਥਕ ਹੋਣ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਦਾ ਦਾਅਵਾ ਕਰਦੀਆਂ ਨਜ਼ਰ ਆਉਦੀਆਂ ਹਨ। ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਦੀ ਧਰਤੀ ਨੂੰ ਨਰਕ ਗਰਦਾਨਣ ਵਾਲੇ ਹਿੰਦ ਦੇ ਰੱਖਿਆ ਵਜ਼ੀਰ ਪਰਿਕਰ ਵਿਰੁੱਧ ਸਿੱਖੀ ਰਵਾਇਤਾਂ ਅਨੁਸਾਰ ਕੌਮੀ ਕਾਰਵਾਈ ਕਰਨ ਤਾਂ ਕਿ ਕੋਈ ਵੀ ਉੱਚ ਤੋਂ ਉੱਚ ਅਹੁਦੇ ‘ਤੇ ਬੈਠਾ ਇਨਸਾਨ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨੂੰ ਅਪਮਾਨਿਤ ਤੇ ਜ਼ਲੀਲ ਕਰਨ ਦੀ ਗੁਸਤਾਖੀ ਨਾ ਕਰ ਸਕੇ।