ਚੰਡੀਗੜ੍ਹ: ‘ਸਰਬੱਤ ਦੇ ਭਲੇ’ ਦੇ ਉਦੇਸ਼ ਲਈ ਬਣੇ ਵਿਚਾਰ ਮੰਚ ‘ਸੰਵਾਦ’ ਵਲੋਂ ਸ਼ਨੀਵਾਰ 10 ਸਤੰਬਰ 2016 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਚ “ਭਾਰਤੀ ਰਾਸ਼ਟਰ ਦੀ ਉਸਾਰੀ ਵਿਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦੀ ਵਰਤੋਂ” ਵਿਸ਼ੇ ਉੱਤੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਵਿਚ ਸੀਨੀਅਰ ਪੱਤਰਕਾਰ ਅਨਿਲ ਚਾਮੜੀਆ, ਡਾ. ਗੁਰਮੁਖ ਸਿੰਘ (ਪੰਜਾਬੀ ਯੁਨਵਿਰਸਿਟੀ, ਪਟਿਆਲਾ), ਡਾ. ਸੇਵਕ ਸਿੰਘ (ਈਟਰਨਲ ਯੁਨੀਵਰਸਿਟੀ, ਬੜੂ ਸਾਹਿਬ), ਮਾਲੀ ਸਾਵਰੀਆ (ਸਹਾਇਕ ਪ੍ਰੋਫੈਸਰ, ਦਿੱਲੀ ਯੁਨੀਵਰਸਿਟੀ) ਆਪਣੇ ਵਿਚਾਰ ਹਾਜ਼ਰ ਸ੍ਰੋਤਿਆਂ ਨਾਲ ਸਾਂਝੇ ਕਰਨਗੇ।

ਭਾਰਤੀ ਉਪਮਹਾਂਦੀਪ ਜਿਹੇ ਬਹੁ-ਕੌਮੀ ਅਤੇ ਬਹੁ-ਸਭਿਆਚਾਰੀ ਖਿੱਤੇ ਵਿਚ ਇਕਹਿਰੀ ਕੌਮ ਦੀ ਉਸਾਰੀ ਦਾ ਅਮਲ ਹਮੇਸ਼ਾਂ ਹੀ ਵੱਖਰੇ ਸਭਿਆਚਾਰਾਂ, ਬੋਲੀਆਂ, ਧਾਰਮਕ-ਭਾਸ਼ਾਈ-ਸਭਿਆਚਾਰਕ ਤੇ ਨਸਲੀ ਪਛਾਣਾਂ ਤੇ ਉਨ੍ਹਾਂ ਦੇ ਵਿਸ਼ਵਾਸਾਂ ਲਈ ਮਾਰੂ ਸਾਬਤ ਹੋ ਰਿਹਾ ਹੈ। ਮੀਡੀਆ ਮਹਿਜ਼ ਖਬਰਾਂ ਜਾਂ ਜਾਣਕਾਰੀ ਹੀ ਸਾਂਝੀ ਨਹੀਂ ਕਰਦਾ ਹੈ, ਬਲਕਿ ਮੀਡੀਆ ਇਕ ਖਾਸ ਕਿਸਮ ਦਾ ਸੰਸਾਰ-ਦਿਸ਼੍ਰਟੀਕੋਣ ਅਤੇ ਜੀਵਨ-ਦ੍ਰਿਸ਼ਟੀਕੋਣ ਉਭਾਰਦਾ ਹੈ। ਅਜਿਹਾ ਦ੍ਰਿਸ਼ਟੀਕੋਣ ਉਸਾਰਨ ਲਈ ਖਾਸ ਤਰ੍ਹਾਂ ਦੀਆਂ ਸ਼ਬਦਾਵਲੀਆਂ ਨੂੰ ਪ੍ਰਚੱਲਤ ਕਰਦਿਆਂ ਸੰਕਲਪਾਂ ਨੂੰ ਲੋਕਾਂ ਦੇ ਮਨਾਂ ਵਿਚ ਵਸਾ ਕੇ ਉਨ੍ਹਾਂ ਦੇ ਵਿਚਾਰਾਂ ਤੇ ਰਾਵਾਂ ਨੂੰ ਇਸ ਤਰ੍ਹਾਂ ਘੜਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਇਸ ਅਮਲ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ‘ਸਟੇਟ’ ਮੀਡੀਆ ਨੂੰ ਆਪਣੀ ਵਿਚਾਰਧਾਰਾ ਨੂੰ ਫੈਲਾਉਣ ਲਈ ਵਰਤਦੀ ਹੈ ਤੇ ਭਾਰਤੀ ਸਟੇਟ ਨੇ ਸਰਕਾਰ ਪੱਖੀ ਮੀਡੀਏ ਨੂੰ ਇਕਹਿਰੀ ਭਾਰਤੀ ਕੌਮ ਦੇ ਮਨੋਕਲਪਤ ਸੰਕਲਪ ਦੇ ਪ੍ਰਚਾਰ ਅਤੇ ਅਜਿਹੀ ਇਕਹਿਰੀ ਕੌਮ ਉਸਾਰੀ ਕਰਨ ਲਈ ਖੁੱਲ੍ਹ ਕੇ ਵਰਤਿਆ ਅਤੇ ਇਹ ਨਿਰੰਤਰ ਜਾਰੀ ਹੈ।
ਇਸੇ ਤਰ੍ਹਾਂ ਹੀ ਮਨੋਰੰਜਨ ਸਾਧਨ, ਜਿਸ ਵਿਚ ਸਿਨੇਮਾ, ਸੰਗੀਤ ਤੇ ਲੜੀਵਾਰ ਨਾਟਕ ਆਦਿ ਸ਼ਾਮਲ ਹਨ, ਵੀ ਸਟੇਟ ਦੇ ਹੱਥ ਵਿਚ ਅਜਿਹੇ ਮਾਰੂ ਹਥਿਆਰ ਹਨ ਜਿਨ੍ਹਾਂ ਦੀ ਖੁੱਲ੍ਹੀ ਵਰਤੋਂ ਭਾਰਤੀ ਕੌਮ ਦੀ ਮਨੋਕਲਪਤ ਧਾਰਨਾ ਨੂੰ ਅਮਲੀ ਰੂਪ ਦੇਣ ਲਈ ਕੀਤੀ ਗਈ ਹੈ। ਸਰਕਾਰ ਦਾ ਸੈਂਸਰ ਬੋਰਡ ਇਸ ਪ੍ਰਸੰਗ ਵਿਚ ਵੱਡਾ ਹਥਿਆਰ ਹੈ ਜੋ ਅਧੀਨ ਪਛਾਣਾਂ ਦੇ ਹੱਕਾਂ ਦੀ ਪੇਸ਼ਕਾਰੀ ਨੂੰ ‘ਰਾਸ਼ਟਰੀ ਏਕਤਾ ਲਈ ਖਤਰਾ’ ਕਹਿ ਕੇ ਰੱਦ ਕਰ ਦਿੰਦਾ ਹੈ ਅਤੇ ‘ਰਾਸ਼ਟਰਵਾਦ’ ਦੀ ਉਸਾਰੀ ਕਿਰਿਆ ਵਿਚ ਜਿਹੜੀ ਕੌਮਾਂ/ਸਭਿਆਚਾਰਾਂ ਦੀ ਨਸਲਕੁਸ਼ੀ ਹੁੰਦੀ ਹੈ ਉਸ ਨੂੰ ਮਾਨਤਾ ਦਿੰਦਾ ਹੈ। ਸੰਵਾਦ ਵੱਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਵਿਚ ਭਾਰਤੀ ਕੌਮ ਦੀ ਉਸਾਰੀ ਦੇ ਅਮਲ ਵਿਚ ਮੀਡੀਆ ਤੇ ਮਨੋਰੰਜਨ ਸਾਧਨਾਂ ਦੀ ਕੀਤੀ ਗਈ ਵਰਤੋਂ ਤੇ ਇਸ ਦੇ ਸਭਿਆਚਾਰਕ ਭਿੰਨਤਾ ਤੇ ਵੱਖਰੀਆਂ ਧਾਰਮਕ, ਭਾਸ਼ਾਈ ਤੇ ਨਸਲੀ ਪਛਾਣਾਂ ਤੇ ਉਨ੍ਹਾਂ ਦੇ ਵਿਸ਼ਵਾਸਾਂ ਉੱਤੇ ਪਏ ਅਸਰ ਦੀ ਘੋਖ-ਪੜਤਾਲ ਕੀਤੀ ਜਾਵੇਗੀ।
ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ www.samvadblog.com ‘ਤੇ ਹਾਸਲ ਕੀਤੀ ਜਾ ਸਕਦੀ ਹੈ।