ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਦੀ ਸ਼ਾਮ ਦਰਬਾਰ ਸਾਹਿਬ ਦੇ ਗ੍ਰੰਥੀ ਵਲੋਂ ਟੋਪੀ ਪਹਿਨਣ ਦੇ ਬਾਵਜੂਦ ਸਿਰੋਪਾਉ ਦੇਣ ਦੀ ਚਰਚਾ ਸ਼ੁਰੂ ਹੋਈ ਹੈ। ਸਿੱਖ ਕੌਮ ਦੇ ਕੇਂਦਰੀ ਅਸਥਾਨ ਵਜੋਂ ਜਾਣੇ ਜਾਂਦੇ ਇਸ ਧਰਮ ਅਸਥਾਨ ਦੀ ਮਾਣ ਮਰਿਆਦਾ ਵੀ ਪੂਰੀ ਤਰ੍ਹਾਂ ‘ਸਿਆਸਤ ਦੀ ਭੇਟ’ ਚੜ੍ਹ ਗਈ ਹੈ ਜਿਸ ਨੂੰ ਕਮੇਟੀ ਪ੍ਰਬੰਧਕ ਜਾਂ ਉਸਦੇ ਸਿਆਸੀ ਆਕਾ ਆਪਣੇ ਸੌੜੇ ਹਿੱਤਾਂ ਅਨੁਸਾਰ ਤੋੜ ਮਰੋੜ ਲੈਂਦੇ ਹਨ।
ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਡਾ: ਮੁਹੰਮਦ ਅਸ਼ਰਫ ਗਨੀ ਦੀ ਦਰਬਾਰ ਸਾਹਿਬ ਦੀ ਫੇਰੀ ਸਬੰਧੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਅਮਲੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਾਉਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣੂ ਕਰਵਾ ਦਿੱਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਤੇ ਸੁਰੱਖਿਆ ਅਮਲੇ ਦੀ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਸਾਬਕਾ ਕਾਰਜਕਾਰਣੀ ਮੈਂਬਰ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਹਰਚਰਨ ਸਿੰਘ, ਦਰਬਾਰ ਸਾਹਿਬ ਦੇ ਮੁਖ ਸੂਚਨਾ ਅਧਿਕਾਰੀ ਗੁਰਬਚਨ ਸਿੰਘ, ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਕੁਝ ਵਧੀਕ ਮੈਨੇਜਰ ਸਾਹਿਬਾਨ ਤੇ 50 ਦੇ ਕਰੀਬ ਕਮੇਟੀ ਟਾਸਕ ਫੋਰਸ ਦੇ ਮੁਲਾਜ਼ਮਾਂ ਸਹਿਤ ਤਾਇਨਾਤ ਸਨ ਤੇ ਇਹ ਅਧਿਕਾਰੀ ਸ਼ਨੀਵਾਰ ਦੀ ਸ਼ਾਮ ਪ੍ਰਧਾਨ ਮੰਤਰੀ ਦੀ ਦਰਬਾਰ ਸਾਹਿਬ ਦੀ 35 ਮਿੰਟ ਫੇਰੀ ਦੌਰਾਨ ਉਨ੍ਹਾਂ ਦੇ ਨਾਲ ਰਹੇ।

ਮੋਦੀ ਦੇ ਸਚਖੰਡ ਦੇ ਅੰਦਰ ਦਾਖਲ ਹੁੰਦਿਆਂ ਹੀ ਰਾਗੀ ਸਿੰਘਾਂ ਵਲੋਂ ਕੀਰਤਨ ਬੰਦ ਕੀਤੇ ਜਾਣ ‘ਤੇ ਕਮੇਟੀ ਅਧਿਕਾਰੀਆਂ ਦਾ ਤਰਕ ਹੈ ਕਿ ਉਸ ਵੇਲੇ ਪੁਰਾਤਨ ਰਵਾਇਤ ਵਾਲੀ ਸ਼ਬਦ ਚੌਂਕੀ ਸਚਖੰਡ ਦੇ ਬਾਹਰ ਵਾਲੀ ਛੋਟੀ ਪਰਕਰਮਾ ਵਿੱਚ ਸੀ ਅਤੇ ਮਰਿਆਦਾ ਅਨੁਸਾਰ ਹੀ ਕੀਰਤਨ ਬੰਦ ਹੋਇਆ ਹੈ ਇਸਨੂੰ ਮੋਦੀ ਦੀ ਫੇਰੀ ਨਾਲ ਨਾ ਜੋੜਿਆ ਜਾਏ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ (ਮਰਹੂਮ) ਗਿਆਨੀ ਕਿਰਪਾਲ ਸਿੰਘ ਦੁਆਰਾ ਦਰਬਾਰ ਸਾਹਿਬ ਦੀ ਸਮੁੱਚੀ ਮਰਿਆਦਾ ਬਾਰੇ ਲਿਖੀ ਤੇ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਕਿਤਾਬ ‘ਹਰਿਮੰਦਰ ਦਾ ਸੁਨਿਹਰੀ ਇਤਿਹਾਸ’ ਵੀ ਅਜੇਹੀ ਮਰਿਆਦਾ ਦਾ ਜ਼ਿਕਰ ਕਰਦੀ ਹੈ। ਦਰਬਾਰ ਸਾਹਿਬ ਦੇ ਮੁੱਖ ਦਵਾਰ ਤੋਂ ਸ਼ੁਰੂ ਹੋਕੇ ਗੁਰਬਾਣੀ ਸ਼ਬਦ ਉਚਾਰਣ ਕਰਦਿਆਂ ਸ਼ਬਦ ਚੌਂਕੀ ਵਿਚ ਸ਼ਾਮਿਲ ਸ਼ਰਧਾਲੂ ਕੋਈ 12 ਮਿੰਟ ਦੇ ਕਰੀਬ ਛੋਟੀ ਪਰਕਰਮਾ ਵਿੱਚ ਰਹਿੰਦੇ ਹਨ ਤੇ ਫਿਰ ਦਰਬਾਰ ਸਾਹਿਬ ਦੁਆਰ ਅੱਗੇ ਅਰਦਾਸ ਕਰਦੇ ਹਨ। ਜਿਉਂ ਹੀ ਸ਼ਬਦ ਚੌਂਕੀ ਵਾਲੇ ਸ਼ਰਧਾਲੂ ਦਰਬਾਰ ਸਾਹਿਬ ਦੇ ਕਿਸੇ ਵੀ ਦੁਆਰ ਅੱਗੇ ਪੁੱਜਦੇ ਹਨ ਸੰਗਤ ਜਿੱਥੇ ਵੀ ਹੋਵੇ ਉਥੇ ਹੀ ਰੋਕ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਆਮਦ ਮੌਕੇ ਸ਼੍ਰੋਮਣੀ ਕਮੇਟੀ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦੇ ਦਿੰਦੇ ਹਨ ਕਿ ਫੇਰੀ ਮੌਕੇ ਅਰਦਾਸ ਦਾ ਸਮਾਂ ਹੈ ਜਾਂ ਹੁਕਮਨਾਮੇ ਦਾ, ਤਾਂ ਜੋ ਵਿਅਕਤੀ ਵਿਸ਼ੇਸ਼ ਦੀ ਫੇਰੀ ਮੌਕੇ ਕੋਈ ਰੁਕਾਵਟ ਨਾ ਆਵੇ। ਪਰ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਅਜੇਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਾਂ ਕਿਸੇ ਨੇ ਪ੍ਰਵਾਹ ਹੀ ਨਹੀਂ ਕੀਤੀ। ਇੱਥੇ ਹੀ ਬੱਸ ਨਹੀਂ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਵੀ ਟੋਪੀ ਪਹਿਨੇ ਪ੍ਰਧਾਨ ਮੰਤਰੀ ਤੇ ਅਫਗਾਨੀ ਰਾਸ਼ਟਰਪਤੀ ਨੂੰ ਸਿਰੋਪਾਉ ਦੇ ਦਿੱਤਾ। ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਅਮਲੇ ਨੂੰ ਸਿਰ ਤੇ ਬੰਨਣ ਲਈ 25-30 ਸਫੈਦ ਰੰਗ ਦੇ ਨਵੇਂ ਨਕੋਰ ਪੱਟਕੇ ਮੁਹਈਆ ਕਰਵਾ ਦਿੱਤੇ ਗਏ ਸਨ ਤੇ ਐਨੀ ਹੀ ਗਿਣਤੀ ਦੇ ਸਫੈਦ ਪਟਕੇ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸੇ ਤਿਆਰ ਰੱਖੇ ਗਏ ਸਨ। ਇਸੇ ਹੀ ਗੇਟ ਦੇ ਨਾਲ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡਾ. ਅਸਰਫ ਗਨੀ ਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਬੈਠਣ ਲਈ ਵਿਸ਼ੇਸ਼ ਤੌਰ ‘ਤੇ ਕੁਰਸੀਆਂ ਰੱਖੀਆਂ ਗਈਆਂ ਸਨ ਤਾਂ ਜੋ ਉਹ ਬੈਠ ਕੇ ਜੁੱਤੀਆਂ ਤੇ ਜ਼ੁਰਾਬਾਂ ਉਤਾਰ ਸਕਣ। ਉਨ੍ਹਾਂ ਦੇ ਹੱਥ ਧੁਆਉਣ ਲਈ ਮੁਲਾਜ਼ਮ ਇੱਕ ਕੇਤਲੀ ਵਿੱਚ ਪਾਣੀ ਲੈਕੇ ਖੜ੍ਹੇ ਸਨ। ਪਰ ਜਿਉਂ ਹੀ ਪ੍ਰਧਾਨ ਮੰਤਰੀ ਆਪਣੇ ਸਾਥੀਆਂ ਤੇ ਅਮਲੇ ਸਮੇਤ ਘੰਟਾ ਘਰ ਪੁੱਜੇ ਤਾਂ ਉਹ ਨੰਗੇ ਸਿਰ ਸਨ, ਸੁਰੱਖਿਆ ਅਮਲੇ ਨੇ ਬਕਾਇਦਾ ਸਿਰਾਂ ‘ਤੇ ਸਫੈਦ ਪੱਟਕੇ ਬਨ੍ਹੇ ਹੋਏ ਸਨ ਪਰ ਮੋਦੀ ਨੇ ਆਪਣੇ ਸਿਰ ‘ਤੇ ਪਹਿਲਾਂ ਤੋਂ ਨਾਲ ਲਿਆਂਦੀ ਉਨ ਦੀ ਟੋਪੀ ਇਹ ਕਹਿੰਦਿਆਂ ‘ਮੈਨੂੰ ਪਤਾ ਸੀ, ਮੈਂ ਪਹਿਲਾਂ ਈ ਨਾਲ ਲੈ ਕੇ ਆਇਆ ਹਾਂ’ ਪਹਿਨ ਲਈ। ਉਨ੍ਹਾਂ ਦੇ ਨਾਲ ਹੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੇ ਵੀ ਟੋਪੀ ਪਹਿਨ ਲਈ। ਕਿਸੇ ਵੀ ਕਮੇਟੀ ਅਹੁਦੇਦਾਰ ਜਾਂ ਅਧਿਕਾਰੀ ਦੀ ਇਹ ਜ਼ੁਰਅਤ ਨਾ ਪਈ ਕਿ ਉਹ ਇਨ੍ਹਾਂ ਲੋਕਾਂ ਨੂੰ ਮਰਿਆਦਾ ਦੀ ਪਾਲਣਾ ਬਾਰੇ ਕਹਿ ਸਕਣ।
ਮਿਲੀ ਜਾਣਕਾਰੀ ਮੁਤਾਬਕ ਜਿਉਂ ਹੀ ਨਰਿੰਦਰ ਮੋਦੀ ਦਰਸ਼ਨੀ ਡਿਊੜੀ ਦੇ ਅੰਦਰ ਦਾਖਲ ਹੋਏ ਤਾਂ ਕੁਝ ‘ਸ਼ਰਧਾਲੂਆਂ’ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾ ਦਿੱਤੇ ਪਰ ਕਿਸੇ ਨੇ ਰੋਕਣਾ ਸਹੀ ਨਹੀ ਸਮਝਿਆ ਹਾਲਾਂਕਿ ਇਹ ਦਰਬਾਰ ਸਾਹਿਬ ਦੀ ਮਰਿਆਦਾ ਨਹੀ ਹੈ। ਜਿਉਂ ਹੀ ਮੋਦੀ ਤੇ ਅਸਰਫ ਅੰਦਰ ਪੁੱਜੇ ਤਾਂ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੋਨਾਂ ਨੂੰ ਸਿਰੋਪਾਉ ਪਾ ਦਿੱਤਾ ਤੇ ਫਿਰ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ ਤੇ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ‘ਤੇ ਪਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਿਰੋਪਾਉ ਦੇ ਦਿੱਤਾ।
ਜ਼ਿਕਰਯੋਗ ਹੈ ਅੰਮ੍ਰਿਤਸਰ ਵਿੱਚ 3-4 ਦਸੰਬਰ ਨੂੰ ਹੋ ਰਹੇ ਦੋ ਰੋਜ਼ਾ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁਜੇ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾਉ ਦੇ ਦਿੱਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ। ਅਜੇਹਾ ਕਰਦਿਆਂ ਨਾ ਤਾਂ ਸ਼ਰੋਮਣੀ ਕਮੇਟੀ ਦੇ ਅਹੁਦੇਦਾਰ ਨਾ ਕਮੇਟੀ ਅਧਿਕਾਰੀ ਤੇ ਨਾ ਹੀ ਗ੍ਰੰਥੀ ਸਾਹਿਬਾਨ ਵਿਚਾਰਦੇ ਹਨ ਕਿ ਉਹ ਕੀ ਕਰਨ ਜਾ ਰਹੇ ਹਨ।
ਨਰਿੰਦਰ ਮੋਦੀ ਦੀ ਦਰਬਾਰ ਸਾਹਿਬ ਫੇਰੀ ਦਾ ਇਕ ਹੋਰ ਪਹਿਲੂ ਜੋ ਚਰਚਾ ਬਣਿਆ ਉਹ ਇਹ ਹੈ ਕਿ ਉਹ ਪਰਕਰਮਾ ਵਿੱਚ ਚਲਦਿਆਂ ਵੀ ਸ਼ਰਧਾਲੂਆਂ ਨੂੰ ਹੱਥ ਹਿਲਾ ਹਿਲਾਕੇ ਇੰਜ ਵਿਚਰ ਰਹੇ ਸੀ ਜਿਵੇਂ ਕੋਈ ਸਿਆਸੀ ਰੈਲੀ ‘ਚ ਕਰਦਾ ਹੈ। ਇਥੇ ਹੀ ਬੱਸ ਨਹੀਂ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਹੋਰ ਵੀ ਆਸਾਨ ਬਨਾਉਣ ਲਈ ਪਰਕਰਮਾ ਦੇ ਕਮਰਾ ਨੰਬਰ 56 ਵਿੱਚ ਵਿਸ਼ੇਸ਼ ਤੌਰ ‘ਤੇ ਦੋ ਮੇਜ ਲਗਾਏ ਗਏ ਜਿਥੇ ਰੱਖੀ ਹੋਈ ਵਿਜਟਰ ਬੁੱਕ ਵਿੱਚ ਦੋਨਾਂ ਆਗੂਆਂ ਨੇ ਆਪਣੇ ਵਿਚਾਰ ਲਿਖਣੇ ਸਨ। ਇਸੇ ਕਮਰੇ ਵਿੱਚ ਵਿਸ਼ੇਸ਼ ਤੌਰ ‘ਤੇ ਕੁਰਸੀਆਂ ਲਗਾਏ ਜਾਣ ਨੂੰ ਲੈਕੇ ਇਕ ਕਮੇਟੀ ਅਧਿਕਾਰੀ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਦਰਮਿਆਨ ਗਰਮਾ ਗਰਮੀ ਵੀ ਹੋਈ ਤੇ ਜਨਰਲ ਸਕੱਤਰ ਸਾਹਿਬ ਨੇ ਦਰਬਾਰ ਸਾਹਿਬ ਦੀ ਮਰਿਆਦਾ ਦਾ ਹਵਾਲਾ ਦਿੰਦਿਆਂ ਅਜੇਹਾ ਨਹੀ ਹੋਣ ਦਿੱਤਾ।
ਦਰਬਾਰ ਸਾਹਿਬ ਦੇ ਅੰਦਰ ਸਿਰੋਪਾਉ ਦੇਣ ਦੀ ਕੀ ਮਰਿਆਦਾ ਹੈ ਇਸ ਬਾਰੇ ਹਰ ਪਾਸੇ ਇੱਕ ਹੀ ਅਵਾਜ਼ ਹੈ ਕਿ ‘ਸਿਰਾਂ ਨੂੰ ਸਲਾਮਾਂ’ ਜਿਸਦਾ ਜ਼ੋਰ ਲੱਗੇ ਉਹੀ ਹੱਕਦਾਰ। ਹੁਣ ਤੀਕ ਦੇ ਕਮੇਟੀ ਇਤਿਹਾਸ ਵਿੱਚ ਦਰਬਾਰ ਸਾਹਿਬ ਦੇ ਅਰਦਾਸੀਆ ਭਾਈ ਕੁਲਵਿੰਦਰ ਸਿੰਘ ਅਤੇ ਭਾਈ ਬਲਬੀਰ ਸਿੰਘ ਹੀ ਅਜੇਹੇ ਕਮੇਟੀ ਮੁਲਾਜ਼ਮ ਹੋਏ ਹਨ ਜਿਨ੍ਹਾਂ ਨੇ ਕਰਮਵਾਰ ‘ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪੳ ਦੇਣ ਤੋਂ ਨਾਂਹ ਕੀਤੀ ਹੈ। ਵੈਸੇ ਸਿਆਸੀ ਪਹੁੰਚ ਵਾਲੇ ਲੋਕਾਂ ਨੂੰ ਸਿਰੋਪਾਉ ਦੇਣ ਦਾ ਮੁੱਢ ਉਸ ਵੇਲੇ ਹੀ ਬੱਝ ਜਾਂਦਾ ਹੈ ਜਦੋਂ ਸ਼ਰੋਮਣੀ ਕਮੇਟੀ ਦੇ ਨਵਨਿਯੁਕਤ ਪ੍ਰਧਾਨ, ਅਹੁਦੇਦਾਰਾਂ ਤੇ ਕਾਰਜਕਾਰਣੀ ਮੈਂਬਰਾਨ ਨੂੰ ਅੰਦਰ ਸਿਰੋਪਾਉ ਦਿੱਤੇ ਜਾਂਦੇ ਹਨ। ਬੀਬੀ ਜਗੀਰ ਕੌਰ ਦੇ ਪ੍ਰਧਾਨਗੀ ਕਾਲ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਓਮ ਪਰਕਾਸ਼ ਚੌਟਾਲਾ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾਉ ਦੇਣ ‘ਤੇ ਚਰਚਾ ਹੋਈ ਸੀ। ਲੇਕਿਨ ਹੁਣ ਤਾਂ ਸੱਤਾਧਾਰੀ ਲੋਕਾਂ ਦੇ ਇਸ਼ਾਰੇ ‘ਤੇ ਇਹ ਰੁਝਾਨ ਸਿਖਰਾਂ ਛੁਹ ਰਿਹਾ ਹੈ। ਆਖਿਰ ਮਰਿਆਦਾ ਕੀ ਇਹ ਸਵਾਲ ਪੁਛੇ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਜਵਾਬ ਹੈ ‘ਇਹ ਸਵਾਲ ਤਾਂ ਮੌਜੂਦਾ ਗ੍ਰੰਥੀ ਸਾਹਿਬ ਨੂੰ ਪੁਛਿਆ ਜਾਵੇ’। ਜਵਾਬ ਸਪਸ਼ਟ ਸੰਕੇਤ ਕਰਦਾ ਹੈ ਕਿ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਨੂੰ ਵੀ ਸੱਤਾਧਾਰੀ ਤੇ ਸਿਆਸੀ ਲੋਕਾਂ ਨੇ ਆਪਣੇ ਮੁਤਾਬਕ ਢਾਲ ਲਿਆ ਹੈ ਜਿਸ ਨੂੰ ਸੌੜੇ ਹਿੱਤਾਂ ਲਈ ਤੋੜ ਮਰੋੜ ਲਿਆ ਜਾਂਦਾ ਹੈ।