ਲੁਧਿਆਣਾ (21 ਜੁਲਾਈ, 2015): ਅੱਜ ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਅਤੇ ਪੰਜਾਬ ਪੁਲਿਸ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਹੋਈ ਮੀਟਿੰਗ ਬੇ-ਨਤੀਜ਼ਾ ਰਹੀ।ਬੰਦੀ ਸਿੰਘ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਵੱਖ-ਵੱਖ ਜੇਲਾਂ ਤੋਂ ਗੱਲਬਾਤ ਲਈ ਲੁਧਿਅਣਾ ਲਿਆਦਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਸੰਘਰਸ਼ ਕਮੇਟੀ ਦੇ ਆਗੂਆਂ ਜਿਸ ਵਿਚ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਆਰ.ਪੀ.ਸਿੰਘ, ਮਨਜਿੰਦਰ ਸਿੰਘ ਜੰਡੀ ਅਤੇ ਐਡਵੋਕੇਟ ਹਰਪਾਲ ਸਿਮਘ ਚੀਮਾ ਆਦਿ ਸ਼ਾਮਲ ਸਨ ਨੂੰ ਪੁਲਿਸ ਵੱਲੋਂ ਪੁਲਿਸ ਲਾਈਨ ਤੋਂ ਸਥਾਨਕ ਸਿਵਲ ਹਸਪਤਾਲ ਵਿਖੇ ਬਾਪੂ ਸੂਰਤ ਸਿੰਘ ਖਾਲਸਾ ਕੋਲ ਲਿਆਂਦਾ ਗਿਆ। ਜਿਥੇ ਕਮੇਟੀ ਮੈਂਬਰਾਂ ਅਤੇ ਬਾਪੂ ਖਾਲਸਾ ਤੇ ਪਰਿਵਾਰਕ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਚ ਕੋਈ ਸਿੱਟਾ ਨਹੀਂ ਨਿਕਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਤੇ ਸਂਘਰਸ਼ ਕਮੇਟੀ ਦੇ ਆਗੂਆਂ ਵਿਚਕਾਰ ਸਿਵਲ ਲਾਈਨਜ਼ ਲੁਧਿਆਣਾ ਵਿੱਚ ਗੱਲਬਾਤ ਲਈ ਰੱਖੀ ਗਈ ਮੀਟਿੰਗ ਅਸਫਲ ਹੋਈ, ਪੁਲਿਸ ਬੰਦੀ ਸਿੰਘ ਸੰਘਰਸ਼ ਕਮੇਟੀ ‘ਤੇ ਸਿਰਫ ਇੱਕੋ ਗੱਲ ਦਾ ਦਬਾਅ ਬਣਾ ਰਹੀ ਸੀ ਕਿ ਕਮੇਟੀ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਵੇ।
ਪੰਜਾਬ ਪੁਲਿਸ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਉਨਾਂ ਦੇ ਘਰੋਂ ਪਿੰਡ ਹਸਨਪੁਰ ਤੋਂ ਜਬਰਦਸਤੀ ਚੁੱਕ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਲਿਆਂਦਾ ਗਿਆ ਹੈ ਉਸ ਸਮੇਂ ਤੋਂ ਉਨਾਂ ਨੇ ਪਾਣੀ ਦਾ ਵੀ ਤਿਆਗ ਕਰ ਦਿੱਤਾ ਹੈ। ਜਿਸ ਕਾਰਨ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਬਾਪੂ ਖਾਲਸਾ ਵੱਲੋਂ ਕਿਸੇ ਵੀ ਤਰਾਂ ਦੀ ਮੈਡੀਕਲ ਸਹਾਇਤਾ ਲੈਣ ਤੋਂ ਵੀ ਇਨਕਾਰ ਕੀਤਾ ਹੋਇਆ ਹੈ। ਬਾਪੂ ਖਾਲਸਾ ਉਪਰ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਕੱਲ ਦਾ ਹੀ ਜੋਰ ਪਾ ਰਿਹਾ ਹੈ ਕਿ ਉਹ ਮੈਡੀਕਲ ਸਹੂਲਤ ਲੈ ਲੈਣ ਤੇ ਪਾਣੀ ਪੀ ਲੈਣ ਪਰ ਬਾਪੂ ਖਾਲਸਾ ਵੱਲੋਂ ਇਕੋ ਹੀ ਗੱਲ ਉਨਾਂ ਨੂੰ ਕਹੀ ਗਈ ਕਿ ਸਰਕਾਰ ਨੇ ਜਿਹੜੇ ਵੀ ਸਿੰਘ ਤੇ ਬੀਬੀਆਂ ਹਸਨਪੁਰ ਤੋਂ ਅਤੇ ਪੰਜਾਬ ਦੇ ਹੋਰ ਕਿਸੇ ਵੀ ਸਥਾਨ ਤੋਂ ਕੱਲ ਦੇ ਗਿ੍ਰਫ਼ਤਾਰ ਕੀਤੇ ਹਨ ਉਨਾਂ ਨੂੰ ਤਰੁੰਤ ਛੱਡਿਆ ਜਾਵੇ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਨਜ਼ਰਬੰਦਾਂ ਨੂੰ ਵੀ ਛੱਡਿਆ ਜਾਵੇ, ਉਹ ਤਾਂ ਹੀ ਪਾਣੀ ਪੀਣਗੇ।
ਸਰਕਾਰ ਦੀ ਇਸ ਪੱਖ ਨੂੰ ਲੈ ਕੇ ਕਸੂਤੀ ਬਣੀ ਹੋਈ ਸਥਿਤੀ ਨੂੰ ਸੁਧਾਰਨ ਲਈ ਅੱਜ ਏ.ਡੀ.ਜੀ.ਪੀ. ਪੰਜਾਬ ਐਚ.ਐਸ. ਢਿੱਲੋਂ ਨੇ ਸਥਾਨਕ ਪੁਲਿਸ ਲਾਈਨ ਸਵੇਰੇ ਹੀ ਡੇਰੇ ਲਾ ਲਏ ਸਨ ਤੇ ਉਨਾਂ ਬੰਦੀ ਸਿੰਘਾਂ ਰਿਹਾਈ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਪੁਲਿਸ ਲਾਈਨ ਬੁਲਾ ਕੇ ਕਈ ਘੰਟੇ ਮੀਟਿੰਗ ਕੀਤੀ ਤੇ ਕਈ ਤਰਾਂ ਦੇ ਵਿਸ਼ਵਾਸ਼ ਦਿੱਤੇ ਗਏ ਕਿ ਬਾਪੂ ਜੀ ਨੂੰ ਇਲਾਜ ਅਤੇ ਪਾਣੀ ਪੀਣ ਲਈ ਤਿਆਰ ਕੀਤਾ ਜਾਵੇ।