
ਫਗਵਾੜਾ (14 ਜੂਨ, 2015): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੱਖ ਸਿਆਸੀ ਕੈਦੀਆਂ ਨੂੰ ਭਾਰਤ ਦੀਆਂ ਵੱਖ-ਵੱਖ ਜੇਲਾਂ ਤੋਂ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨ ਦੇ ਮਸਲੇ ‘ਤੇ ਕਾਂਗਰਸ ਵੱਲੋਂ ਪੰਜਾਬ ਦੇ ਅਮਨ-ਅਮਾਨ ਨੂੰ ਖ਼ਤਰੇ ਦੇ ਪਾਏ ਜਾ ਰਹੇ ਰੌਲੇ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਧਾਰਹੀਣ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਇਸ ਮੁੱਦੇ ‘ਤੇ ਇਕ ਹੀ ਰਾਇ ਹੈ ।
ਬਾਦਲ ਨੇ ਕਾਂਗਰਸ ‘ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪਾਰਟੀ ਆਪਣੇ ਰਾਜਸੀ ਉਦੇਸ਼ਾਂ ਲਈ ਪੰਜਾਬ ‘ਚ ਮਾਹੌਲ ਖਰਾਬ ਹੋਣ ਦਾ ਹਊਆ ਖੜਾ ਕਰ ਰਹੀ ਹੈ ਅਤੇ ਉਨ੍ਹਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਦੀ ਕਾਰਵਾਈ ਨੂੰ ਜਾਇਜ਼ ਦੱਸਿਆ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੂਸਰੇ ਰਾਜਾਂ ਤੋਂ ਸਿੱਖ ਕੈਦੀਆਂ ਨੂੰ ਪੰਜਾਬ ਤਬਦੀਲ ਕਰਨ ਨਾਲ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਲਈ ਕੋਈ ਖਤਰਾ ਪੈਦਾ ਨਹੀਂ ਹੋਵੇਗਾ ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋ. ਭੁੱਲਰ ਨੂੰ ਦਿੱਲੀ ਤੋਂ ਅੰਮਿ੍ਤਸਰ ਲਿਆਉਣਾ ਕੋਈ ਰਿਆਇਤ ਨਹੀਂ ਸਗੋਂ ਆਮ ਕਾਰਵਾਈ ਹੈ ।
ਸ. ਬਾਦਲ ਨੇ ਕਿਹਾ ਕਿ ਦੇਸ਼ ਭਰ ਵਿਚ ਸੂਬਾ ਸਰਕਾਰਾਂ ਇਕ ਦੂਸਰੇ ਰਾਜ ਵਿਚ ਕੈਦੀਆਂ ਨੂੰ ਤਬਦੀਲ ਕਰਨ ਦੀ ਨੀਤੀ ਅਪਣਾ ਰਹੀਆਂ ਹਨ ਅਤੇ ਪੰਜਾਬ ਇਸ ਤੋਂ ਵੱਖਰਾ ਨਹੀਂ ।ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਖੁਦ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਭੁੱਲਰ ਵਰਗੇ ਬਿਮਾਰ ਆਦਮੀ ਨੂੰ ਦਿੱਲੀ ਤੋਂ ਅੰਮਿ੍ਤਸਰ ਤਬਦੀਲ ਕਰਨ ਨਾਲ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਹੋ ਸਕਦਾ ਹੈ ।ਉਹ ਹਮੇਸ਼ਾ ਹਿੰਦੂ-ਸਿੱਖ ਏਕਤਾ, ਫਿਰਕੂ ਸਦਭਾਵਨਾ ਅਤੇ ਪੰਜਾਬ ਸ਼ਾਂਤੀ ਤੇ ਸੁਹਿਰਦਤਾ ਦੇ ਹਿਤ ਵਿਚ ਫ਼ੈਸਲਾ ਲੈਂਦੇ ਹਨ ।
ਉਨ੍ਹਾਂ ਨੇ ਕਿਹਾ ਕਿ ਭੁੱਲਰ ਬਿਮਾਰ ਹੈ ਅਤੇ ਉਹ ਪਹਿਲਾਂ ਹੀ 20 ਸਾਲ ਜੇਲ੍ਹ ਵਿਚ ਗੁਜ਼ਾਰ ਚੁੱਕਾ ਹੈ ।ਉਨ੍ਹਾਂ ਕਿਹਾ ਕਿ ਉਸ ਦੀ ਪਤਨੀ ਨੇ ਸਾਡੇ ਕੋਲ ਉਸ ਨੂੰ ਅੰਮਿ੍ਤਸਰ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ ਤਾਂ ਜੋ ਉਸ ਦਾ ਪਰਿਵਾਰ ਉਸ ਨੂੰ ਅਰਾਮ ਨਾਲ ਮਿਲ ਸਕੇ ।
ਅਸੀਂ ਇਤਰਾਜ਼ ਨਹੀਂ ਦਾ ਸਰਟੀਫਿਕੇਟ ਦਿੱਤਾ ਅਤੇ ਦੂਸਰੀ ਸਬੰਧਤ ਸਰਕਾਰ ਨੇ ਵੀ ਇਸ ਨੂੰ ਸਹਿਮਤੀ ਦੇ ਦਿੱਤੀ ।ਇਸ ਵਿਚ ਗਲਤ ਕੀ ਹੈ? ਕੈਦੀਆਂ ਨੂੰ ਅਕਸਰ ਇਕ ਜੇਲ੍ਹ ਤੋਂ ਦੂਸਰੀ ਜੇਲ੍ਹ ਵਿਚ ਤਬਦੀਲ ਕੀਤਾ ਜਾਂਦਾ ਹੈ ।
ਉਨ੍ਹਾਂ ਇਸ ਮੁੱਦੇ ‘ਤੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕੋਈ ਮਤਭੇਦ ਹੋਣ ਦੀ ਗੱਲ ਨੂੰ ਵੀ ਰੱਦ ਕਰ ਦਿੱਤਾ ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹਰੇਕ ਫ਼ੈਸਲਾ ਅਕਾਲੀ ਦਲ-ਭਾਜਪਾ ਗੱਠਜੋੜ ਵਲੋਂ ਸਰਬਸੰਮਤੀ ਨਾਲ ਲਿਆ ਜਾਂਦਾ ਹੈ ।