ਲੰਡਨ: ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਵਿੱਢੇ ਹੋਏ ਸੰਘਰਸ਼ ਦੀ ਹਿਮਾਇਤ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਵਲੋਂ ਭਾਰਤੀ ਦੂਤਾਵਾਸ ਦੇ ਬ੍ਰਮਿੰਘਮ ਸਥਿਤ ਜਨਰਲ ਕੌਂਸਲੇਟ ਦੇ ਦਫਤਰ ਮੂਹਰੇ 15 ਮਈ ਸ਼ੁੱਕਰਵਾਰ ਵਾਲੇ ਦਿਨ ਦੋ ਤੋਂ ਤਿੰਨ ਵਜੇ ਤੱਕ ਨੂੰ ਭਾਰੀ ਰੋਸ ਮੁਜਾਹਰਾ ਕੀਤਾ ਜਾਵੇਗਾ ।

ਇਹ ਫੈਂਸਲਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਵਲੋਂ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦੀ ਕਾਮਯਾਬੀ ਲਈ ਕੀਤੀ ਗਈ ਭਾਰੀ ਪੰਥਕ ਕਾਨਫਰੰਸ ਉਪਰੰਤ ਹੋਈ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਵਿੱਚ ਸਿੱਖ ਫੈਡਰੇਸ਼ਨ ਯੂ,ਕੇ ਦੇ ਭਾਈ ਅਮਰੀਕ ਸਿੰਘ ਗਿੱਲ ,ਭਾਈ ਕੁਲਦੀਪ ਸਿੰਘ ਚਹੇੜੂ ,ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ ਚਹੇੜ,ਭਾਈ ਚਰਨ ਸਿੰਘ,ਬ੍ਰਿਟਿਸ਼ ਸਿੱਖ ਕੌਂਸਲ ਦੇ ਭਾਈ ਕੁਲਵੰਤ ਸਿੰਘ ਢੇਸੀ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਲਵਸਿੰਦਰ ਸਿੰਘ ਡੱਲੇਵਾਲ ,ਅਖੰਡ ਕੀਰਤਨੀ ਜਥਾ ਯੂ,ਕੇ ਦੇ ਭਾਈ ਅਵਤਾਰ ਸਿੰਘ ਸੰਘੇੜਾ , ਇੰਟਰਨੈਸ਼ਨਲ ਪੰਥਕ ਦਲ ਦੇ ਭਾਈ ਰਘਬੀਰ ਸਿੰਘ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਭਾਈ ਗੁਰਦਿਆਲ ਸਿੰਘ ਅਟਵਾਲ ,ਗੁਰੂ ਨਾਨਕ ਗੁਰਦਵਾਰਾ ਸਮੈਦਿਕ ਦੀ ਪਬੰਧਕ ਕਮੇਟੀ ਦੇ ਪ੍ਰਧਾਨ ਭਾਈ ਮਲਕੀਤ ਸਿੰਘ ਤੇਹਿੰਗ ਅਤੇ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ ਸ਼ਾਮਲ ਸਨ।
ਇਹ ਮੁਜਾਹਰਾ ਪੂਰੀ ਤਰਾਂ ਸ਼ਾਂਤਮਈ ਤਰੀਕੇ ਨਾਲ ਹੋਵੇਗਾ ।ਜਿਸ ਦੌਰਾਨ ਭਾਰਤ ਦੀਆਂ ਜੇਹਲਾਂ ਵਿੱਚ ਬੰਦ ਉਹਨਾਂ ਰਜਸੀ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਉਠਾਇਆ ਜਾਵੇਗਾ ਜਿਹੜੇ ਅਦਾਲਤਾਂ ਵਲੋਂ ਉਹਨਾਂ ਨੂੰ ਸੁਣਾਈ ਗਈ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਉਹਨਾਂ ਦੀ ਰਿਹਾਈ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ।
ਸਿੱਖ ਕੈਦੀਆਂ ਪ੍ਰਤੀ ਵੱਖ ਵੱਖ ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਦਾ ਪੱਖਪਾਤੀ ਰਵੱਈਏ , ਭਗਵੇਂ ਰੰਗ ਵਿੱਚ ਰੰਗੇ ਹੋਏ ਭਾਰਤ ਦੇ ਅਦਾਲਤੀ ਢਾਂਚੇ ਨੂੰ ਬੇਨਕਾਬ ਕਰਦਿਆਂ ਸਿੱਖ ਹੱਕਾਂ ਹਿਤਾਂ ਅਤੇ ਕੌਮੀ ਅਜ਼ਾਦੀ ਦੀ ਲਹਿਰ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।