ਵੈਨਕੂਵਰ (17 ਅਪ੍ਰੈਲ, 2015): ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੰਨ-ਰੋਜ਼ਾ ਕੈਨੇਡਾ ਦੌਰਾ ਅੱਜ ਸਮਾਪਤ ਹੋ ਗਿਆ, ਇਸ ਦੌਰੇ ਦੌਰਾਨ ਜਿੱਥੇ ਹੋਰ ਭਾਰਤੀਆਂ ਨੇ ਮੋਦੀ ਦਾ ਸਵਾਗਤ ਕੀਤਾ, ਉੱਥੇ ਮੋਦੀ ਨੂੰ ਕਈ ਥਾਈਂ ਸਿੱਖਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਗੁਰਦਵਾਰੇ ਦੇ ਬਾਹਰ ਖੜੇ ਸਿੱਖ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਮੋਦੀ ਵਿਰੁਧ ਨਾਹਰੇਬਾਜ਼ੀ ਕਰ ਰਹੇ ਸਨ। ਸਿੱਖ ਪ੍ਰਦਰਸ਼ਨਕਾਰੀ ਰਮਨਦੀਪ ਸਿੰਘ ਨੇ ਗੁਜਰਾਤ ਦੰਗਿਆਂ ਦਾ ਹਵਾਲਾ ਦਿੰਦਿਆਂ ਕਿਹਾ, ”ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦਾ ਵਿਰੋਧ ਕਰ ਰਿਹਾ ਹਾਂ। ਮੋਦੀ ਦਾ ਛੋਟਾ ਨਾਮ ਗੁਜਰਾਤ ਦਾ ਕਸਾਈ ਹੈ।” ਸਿੱਖ ਪ੍ਰਦਰਸ਼ਨਕਾਰੀਆਂ ਨੇ ਅਪਣੇ ਹੱਥਾਂ ‘ਚ ਮੋਦੀ ਵਿਰੋਧੀ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ਲਿਖਿਆ ਸੀ, ”ਹਾਰਪਰ ਸ਼ਰਮ ਕਰੋ, ਮੋਦੀ ਕਤਲੇਆਮ ਦਾ ਦੋਸ਼ੀ ਹੈ।”
ਸਿੱਖਾਂ ਅੰਦਰ ਭਾਵੇਂ ਮੋਦੀ ਦੀ ਫੇਰੀ ਕਾਰਨ ਰੋਸ ਸੀ ਪਰ ਮੋਦੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਉਤਾਵਲੇ ਸਨ। ਸਰੀ ਵਾਸੀ ਰਾਜੀਵ ਨੇ ਦਸਿਆ ਕਿ ਉਹ ਮੋਦੀ ਨੂੰ ਵੇਖਣ ਖ਼ਾਤਰ ਸਵੇਰ ਤੋਂ ਮੰਦਰ ਦੇ ਬਾਹਰ ਖੜੇ ਹਨ।
ਮੋਦੀ ਦੇ ਕੈਨੇਡਾ ਪਹੰਚਣ ਤੋਂ ਪਹਿਲਾਂ ” ਸਿੱਖ ਹਿਤਾਂ ਲਈ ਕੰ ਕਰਦੀ ਸੰਸਥਾ “ਸਿੱਖਸ ਫਾਰ ਜਸਟਿਸ” ਕੈਨੇਡਾ ਦੇ ਅਟਾਰਨੀ ਜਨਰਲ ਨੂੰ ਸ਼ਿਕਾਇਤ ਦਰਜ ਕਰਵਾ ਕੇ 2002 ਵਿਚ ਗੁਜਰਾਤ ‘ਚ ਹੋਏ ਮੁਸਲਿਮ ਵਿਰੋਧੀ ਕਤਲੇਆਮ ਦੇ ਮਾਮਲੇ ਤਹਿਤ ਕੈਨੇਡਾ ‘ਚ ਮੋਦੀ ਦੇ ਖਿਲਾਫ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ ।
ਕੈਨੇਡਾ ਦੀ ਇਕ ਅਦਾਲਤ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ 2002 ਦੇ ਗੁਜਰਾਤ ਦੰਗਿਆਂ ਦੌਰਾਨ ਮਾਨਵੀ ਹੱਕਾਂ ਦੀ ਉਲੰਘਣਾਂ ਨਾਲ ਸਬੰਧਤ ਕੇਸ ਵਿਚ ਸੰਮਨ ਜਾਰੀ ਕੀਤੇ ਸਨ ਪਰ ਕੈਨੇਡਾ ਦੇ ਅਟਾਰਨੀ ਜਨਰਲ ਨੇ ਹੁਕਮ ਨੂੰ ਰੋਕ ਦਿੱਤਾ ਹੈ ।