ਚੰਡੀਗੜ੍ਹ (24 ਫਰਵਰੀ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਪਿੱਛਲੇ 40 ਦਿਨਾਂ ਤੋਂ ਉੱਪਰ ਸਮੇਂ ਤੌਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਨਾਜ਼ੁਕ ਹਾਲਤ ਨੂੰ ਮੁੱਖ ਰੱਖਦਿਆਂ ਸਿੱਖ ਜੱਥੇਬੰਦੀਆਂ ਨੇ ਅੱਜ ਇੱਥੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਿੱਖ ਜੱਥੇਬੰਦੀਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਡੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਕਦਮ ਨਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀਆਂ ਹਨ।

ਮੀਟਿੰਗ ਵਿੱਚ ਸਿੱਖ ਜਥੇਬੰਦੀਆਂ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ 3 ਮਾਰਚ ਨੂੰ ਰਾਸ਼ਟਰਪਤੀ ਭਵਨ ਦਿੱਲੀ ਵੱਲ ਸਾਂਝੇ ਤੌਰ ’ਤੇ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਜਥੇਬੰਦੀਆਂ ਪਹਿਲਾਂ ਦਿੱਲੀ ਸਥਿਤ ਜੰਤਰ-ਮੰਤਰ ਵਿੱਚ ਧਰਨਾ ਦੇਣਗੀਆਂ ਅਤੇ ਉਸ ਤੋਂ ਬਾਅਦ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਡੱਕੇ ਸਿੱਖਾਂ ਦੀ ਰਿਹਾਈ ਲਈ ਰਾਸ਼ਟਰਪਤੀ ਭਵਨ ਵੱਲ ਰੋਸ ਮਾਰਚ ਕੀਤਾ ਜਾਵੇਗਾ।
ਇਸ ਗੰਭੀਰ ਮੁੱਦੇ ਉਪਰ ਸਮੂਹ ਸਿੱਖ ਸੰਗਠਨ ਇਕਜੁੱਟ ਹੋ ਕੇ ਸੰਘਰਸ਼ ਕਰਨਗੇ। ਇਸ ਦੇ ਪਹਿਲੇ ਪੜਾਅ ਵਿੱਚ ਤਿੰਨ ਮਾਰਚ ਨੂੰ ਸਾਂਝੇ ਤੌਰ ’ਤੇ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਅਤੇ ਬੁੱਧੀਜੀਵੀਆਂ ਨੇ ਸੰਕੇਤ ਦਿੱਤਾ ਕਿ ਇਸ ਮੁੱਦੇ ਤੋਂ ਇਲਾਵਾ ਵੀ ਬਾਦਲ ਸਰਕਾਰ ਨੂੰ ਘੇਰਨ ਲਈ ਭਵਿੱਖ ਵਿੱਚ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ।
ਮੀਟਿੰਗ ਤੋਂ ਬਾਅਦ ਭਾਈ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਬਠਿੰਡਾ, ਜਸਵੰਤ ਸਿੰਘ ਮਾਨ, ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਈ ਖਾਲਸਾ ਦੇ ਮੂੰਹ ਨੂੰ ਜਬਰੀ ਅੰਨ ਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 3 ਮਾਰਚ ਨੂੰ ਦਿੱਲੀ ਕੂਚ ਕਰਨ ਦੇ ਨਾਲ ਹੀ ਇਸ ਮੁੱਦੇ ਨੂੰ ਲੋਕ ਲਹਿਰ ਬਣਾਉਣ ਲਈ ਸੋਸ਼ਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇਗੀ।
ਮੀਟਿੰਗ ਵਿੱਚ ਦਲ ਖਾਲਸਾ ਦੇ ਕੰਵਰਪਾਲ ਸਿੰਘ, ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ ਤੇ ਕਮਿੱਕਰ ਸਿੰਘ ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਗੁਰਨਾਮ ਸਿੰਘ ਚੰਡੀਗੜ੍ਹ ਤੇ ਡਾਕਟਰ ਸਵਰਨ ਸਿੰਘ (ਸਾਬਕਾ ਆਈਏਐਸ), ਅਕਾਲੀ ਦਲ (ਅ) ਦੇ ਜਸਵੰਤ ਸਿੰਘ ਮਾਨ, ਬਹੁਜਨ ਮੁਕਤੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਆਈਐਸ ਅਧਿਕਾਰੀ ਖੁਸ਼ੀ ਰਾਮ, ਸਿੱਖ ਬੁੱਧਜੀਵੀ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਵਕੀਲ ਨਵਕਿਰਨ ਸਿੰਘ ਅਤੇ ਰਾਜਵਿੰਦਰ ਸਿੰਘ ਬੈਂਸ ਮੌਜੂਦ ਸਨ।