ਹੁਸ਼ਿਆਰਪੁਰ ( 8 ਜਨਵਰੀ, 2015): ਜੰਮੂ ਕਸ਼ਮੀਰ ਦੀ ਨਵੀ ਬਣੀ ਪੀਡੀਪੀ ਪਾਰਟੀ ਦੀ ਸਰਕਾਰ ਵੱਲੋਂ ਹੁਰੀਅਤ ਆਗੂ ਅਤੇ ਮੁਲਲਿਮ ਲੀਗ ਦੇ ਚੇਅਰਮੈਨ ਮਸਰਤ ਆਲਮ ਦੀ ਰਿਹਾਈ ਦਾ ਸਵਾਗਤ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਪੀਡੀਪੀ ਸਰਕਾਰ ਤੋਂ ਸਬਕ ਲੈਦਿਆਂ ਪੰਜਾਬ ਸਰਕਾਰ ਵੀ ਰਾਜਸੀ ਸਿੱਖ ਕੈਦੀਆਂ ਨੂੰ ਰਿਹਾਅ ਕਰੇ।

ਜਾਰੀ ਪ੍ਰੈਸ ਬਿਆਨ ਵਿੱਚ ਦਲ ਦੇ ਬੁਲਾਰ ਸ੍ਰ. ਕੰਵਰਪਾਲ ਸਿੰਘ ਨੇ ਕਿਹਾ ਕਿ ਮਸਰਤ ਆਲਮ ਦੀ ਗੈਰ ਕਾਨੰਨੀ ਨਜ਼ਰਬੰਦੀ ਤੋਂ ਰਿਹਾਈ ਪਿੱਛਲੇ ਕਾਫੀ ਸਮੇਂ ਤੋਂ ਲਮਕਦੀ ਆ ਰਹੀ ਸੀ, ਪਰ ਇਸਦਾ ਸਿਹਰਾ ਪੀਡੀਪੀ ਪਾਰਟੀ ਨੂੰ ਜਾਂਦਾ ਹੈ, ਜਿਸਨੇ ਹਿੰਦੂਤਵਾ ਪਾਰਟੀ ਨਾਲ ਭਿਆਲੀ ਹੋਣ ਦੇ ਬਾਵਜੂਦ ਵੀ ਆਲਮ ਨੂੰ ਰਿਹਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀਡੀਪੀ ਵੱਲੋਂ ਅਜ਼ਾਦੀ ਪਸੰਦ ਕਸ਼ਮੀਰੀ ਆਗੂ ਦੀ ਰਿਹਾਈ ਬਹੁਤ ਮਹੱਤਵਪੂਰਨ ਕਦਮ ਹੈ।
ਲੰਘੀਆਂ ਚੋਣਾਂ ਵਿੱਚ ਹੂਰੀਅਤ ਅਤੇ ਕਸ਼ਮੀਰੀ ਖਾੜਕੂਆਂ ਦੀ ਪ੍ਰਸ਼ੰਸਾ ਕਰਨ ਅਤੇ ਭਾਰਤ ਸਰਕਾਰ ਵੱਲੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੀ ਆਲੋਚਨਾ ਕਰਨ ਅਤੇ ਉਸਦੀਆਂ ਅਸਥੀਆਂ ਪਰਿਵਾਰ ਨੂੰ ਦੇਣ ਦੀ ਮੰਗ ਕਰਨ ਤੋਂ ਬਾਅਦ ਪੀਡੀਪੀ ਵੱਲੋਂ ਆਲਮ ਨੂੰ ਰਿਹਾਅ ਕਰਨਾ ਬਹੁਤ ਵੱਡਾ ਕਦਮ ਹੈ।
ਪੀਡੀਪੀ ਅਤੇ ਬਾਦਲ ਦਲ ਦੀ ਸਿਆਸਤ ਵਿੱਚ ਸਮਾਨਤਾ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਦੀਆਂ ਰਾਜਸੀ ਪਾਰਟੀਆਂ, ਜਿਹੜੀਆਂ ਕਿ ਸੰਘੀ ਢਾਂਚੇ ਲਈ ਲੰਮੇ ਸਮੇਂ ਤੋਂ ਲੜਾਈ ਲੜ ਰਹੀਆਂ ਹਨ, ਪਰ ਦੋਵੇਂ ਭਗਵਾ ਪਾਰਟੀ ਭਾਰਤੀ ਜਨਤਾ ਪਾਰਟੀ ਦੀਆਂ ਭਿਆਲੀ ਪਾਰਟੀਆਂ ਹਨ, ਜੋ ਕਿ ਭਾਰਤੀ ਰਾਜਨੀਤੀ ਦੇ ਕੇਂਦਰੀਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ।
ਉਨਾਂ ਨੇ ਕਿਹਾ ਕਿ ਰਾਜਸੀ ਕੈਦੀਆਂ ਦੇ ਮੁੱਦੇ ‘ਤੇ ਬਾਦਲ ਦਲ ਪੀਡੀਪੀ ਦੇ ਮੁਕਾਬਲੇ ਅਸਫਲ ਹੋਇਆ ਹੈ। ਉਨ੍ਹਾਂ ਰਾਜਸੀ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦਾ ਹਵਾਲ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਤੰਤਰੀ ਤਰੀਕੇ ਨਾਲ ਕੀਤੇ ਜਾ ਰਹੇ ਰੋਸ ਨੂੰ ਕੋਝੇ ਢੰਗ ਨਾਲ ਦਬਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰਜਾਸੀ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠਣ ਵਾਲਾ ਖੁਦ ਹੀ ਇੱਕ ਕੈਦੀ ਬਣ ਗਿਆ ਹੈ।
ਉਨ੍ਹਾਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਬਣੀ ਕਮੇਟੀ ਦੇ ਮੈਬਰਾਂ ਦੀ ਗ੍ਰਿਫਤਾਰੀ ਗਲਤ ਅਤੇ ਗੈਰਕਾਨੂੰਨੀ ਦੱਸਦਿਆਂ ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ, ਭਾਈ ਮੋਹਕਮ ਸਿੰਘ ਅਤੇ ਦਮਨਦੀਪ ਸਿੰਘ ਦੀ ਫੌਰੀ ਰਿਹਾਈ ਦੀ ਮੰਗ ਕੀਤੀ।