ਨਵੀਂ ਦਿੱਲੀ( 9 ਨਵੰਬਰ, 2014): ਨਵੰਬਰ 1984 ਦੀ ਸਿੱਖ ਕਸਲਕੁਸ਼ੀ ਦੇ ਮੁੱਖ ਦੋਸ਼ੀ ਕਾਂਗਰਸ ਲੀਡਰ ਜਗਦੀਸ਼ ਟਾਇਟਲਰ ਖਿਲਾਫ ਗਵਾਹ ਬੀਬੀ ਜਗਦੀਸ਼ ਕੌਰ, ਜਿਨ੍ਹਾਂ ਦੇ ਪੰਜ ਪਰਿਵਾਰਕ ਮੈਂਬਰ ਸਿੱਖ ਨਸਲਕੁਸ਼ੀ ਦੀ ਭੇਟ ਚੜ ਗਏ ਸਨ ਅਤੇ ਉਨ੍ਹਾਂ ਨੂੰ ਜਨੂੰਨੀ ਭੀੜ ਵੱਲੋਂ ਮਾਰੇ ਜਾਣ ਤੋਂ 30 ਸਾਲ ਬਾਅਦ ਵੀ ਇਨਸਾਫ ਦੀ ਲੰਮੀ ਉਡੀਕ ਕਰ ਰਹੀ ਬੀਬੀ ਜਗਦੀਸ਼ ਕੌਰ ਦੀ ਜ਼ਿੰਦਗੀ ‘ਤੇ ਅਧਾਰਿਤ ਪੰਜਾਬੀ ਫਿਲਮ ਇਨਸਾਫ਼ ਦੀ ਉਡੀਕ ਦਿੱਲੀ 1984 ਮੈਸੇਕਰ 14 ਨਵੰਬਰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਹੈ।

ਇਸ ਫਿਲਮ ਉਪਰ ਭਾਰਤ ਵਿਚ ਅਜੇ ਵੀ ਪਾਬੰਦੀ ਲੱਗੀ ਹੋਈ ਹੈ ਪਰ ਇਹ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਯੂਰਪੀਨ ਮੁਲਕਾਂ ਵਿਚ ਰਿਲੀਜ਼ ਹੋਵੇਗੀ।
ਬੀਬੀ ਜਗਦੀਸ਼ ਕੌਰ ਇਸ ਫ਼ਿਲਮ ਸਬੰਧੀ ਆਮ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਆਸਟਰੇਲੀਆ ਦੇ ਦੌਰੇ ‘ਤੇ ਜਾ ਰਹੇ ਹਨ। ਇਹ ਫ਼ਿਲਮ ਸੱਚੀਆਂ ਘਟਨਾਵਾਂ ਉਪਰ ਆਧਾਰਿਤ ਹੈ ਅਤੇ ਇਸ ‘ਚ ਇਹ ਦਰਸਾਇਆ ਗਿਆ ਹੈ ਕਿ 1984 ਦਾ ਸਿੱਖ ਕਤਲੇਆਮ, ਇਕ ਕਤਲੇਆਮ ਸੀ ਜੋ ਸੋਚੀ ਸਮਝੀ ਸਾਜਿਸ਼ ਨਾਂਲ ਕੀਤਾ ਗਿਆ ਸੀ, ਇਹ ਦੰਗੇ ਨਹੀਂ ਸਨ।
ਜ਼ਿਕਰਯੋਗ ਹੈ ਕਿ ਭਾਰਤੀ ਫਿਲਮ ਬੋਰਡ ਨੇ ਸਰਬਸੰਮਤੀ ਨਾਲ ਫਿਲਮ ਨੂੰ ਸਰਟੀਫਿਕੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਬੋਰਡ ਮੁਤਾਬਿਕ ਇਹ ਫਿਲਮ “ਜਨਤਾ ਦੇ ਦੇਖਣ ਯੋਗ ਨਹੀਂ ਹੈ” । ਬੋਰਡ ਨੇ ਫਿਲਮ ਵਿੱਚੋਂ ਇਤਰਾਜ਼ਯੋਗ ਸੀਨਾਂ ਨੂੰ ਹਟਾਉਣ ਦੇ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ਸੀ ।
ਸੈਂਸਰ ਬੋਰਡ ਮੁਤਾਬਿਕ ਫਿਲਮ ਨਾਲ ਇੱਕ ਵਾਰ ਫਿਰ ਅਮਨ ਭੰਗ ਹੋ ਸਕਦਾ ਹੈ । ਇਸ ਦੇ ਨਾਲ ਹੀ ਫਿਲਮ ਜਗਦੀਸ਼ ਟਾਈਟਲਰ ਖਿਲਾਫ ਚੱਲ ਰਹੇ ਕੈਸ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ ।