ਸਾਹਿਬਜ਼ਾਦਾ ਅਜੀਤ ਸਿੰਘ ਨਗਰ, ( 17 ਸਤੰਬਰ 2014): ਪੰਜਾਬ ਵਿੱਚ 90 ਵਿਆਂ ਦੇ ਦੌਰਾਨ ਪੁਲਿਸ ਵੱਲੋਂ ਨਾਮੀ ਸਿੱਖ ਖਾੜਕੂਆਂ ਦੀ ਜਗ੍ਹਾ ਆਮ ਸਿੱਖਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਕੇ ਵੱਡੇ ਇਨਾਮ ਅਤੇ ਤਰੱਕੀਆਂ ਲੈਣੀਆਂ, ਉਸ ਦੌਰ ਦਾ ਆਮ ਵਰਤਾਰਾ ਸੀ।ਅਜਿਹੇ ਕੇਸਾਂ ਵਿੱਚੋਂ ਭਾਂਵੇ ਜਿਆਦਾਤਰ ਕੇਸ ਕਾਨੂੰਨੀ ਚਾਰਾਜੋਈ ਜਾਂ ਪਲਿਸ ਅਤੇ ਰਾਜਸੀ ਵਿਅਕਤੀਆਂ ਦੇ ਗਠਜੋੜ ਦੇ ਦਬਾਅ ਕਰਕੇ ਸਾਹਮਣੇ ਨਹੀਂ ਆ ਸਕੇ, ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸੱਚ ਆਖਰ ਸੱਚ ਹੈ, ਝੂਠ ਦੇ ਹਾਜ਼ਾਰਾਂ ਪਰਦੇ ਪਾੜਕੇ ਸਾਹਮਣੇ ਆ ਜਾਂਦਾ ਹੈ।

ਅਜਿਹੇ ਹੀ ਕੇਸਾਂ ਵਿੱਚੋਂ ਇੱਕ ਕੇਸ ਵਿੱਚ 1994 ਵਿੱਚ ਰੋਪੜ ਦੇ ਡੀਐੱਸਪੀ ਪਰਮਰਾਜ ਉਮਰਾਨੰਗਲ ਨੇ ਗਰੀਬ ਮਾਪਿਆ ਦੇ ਪੁੱਤਰ ਸੁਖਪਾਲ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਕਾਲਾ ਅਫਗਾਨਾ ਨੂੰ ਨਾਮੀ ਖਾੜਕੂ ਭਾਈ ਗੁਰਨਾਮ ਸਿੰਘ ਬੁਡਾਲਾ ਦੇ ਨਾਮ ‘ਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਕੇ ਵੱਡਾ ਇਨਾਮ ਅਤੇ ਬਹਾਦਰੀ ਐਵਾਰਡ ਪ੍ਰਾਪਤ ਕੀਤਾ ਸੀ।
ਅੱਝ ਇਸ ਕੇਸ ਦੀ ਜਾਂਚ ਨਾਲ ਸਬੰਧਿਤ 4 ਪੰਨਿਆਂ ਦਾ ਬਿਆਨ ਮਾਝਾ ਐਕਸ ਸਰਵਿਸਮੈਨ ਹਿਊਮਨ ਰਾਇਟਸ ਫਰੰਟ ਦੇ ਚੇਅਰਮੈਨ ਰਿਟਾਇਰਡ ਕਰਨਲ ਜੀ. ਐੱਸ ਸੰਧੂ ਨੇ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਵਕੀਲ ਐਡਵੋਕੇਟ ਤੇਜਿੰਦਰ ਸਿੰਘ ਸੂਦਨ ਅਤੇ ਐਡਵੋਕੇਟ ਯਾਦਵਿੰਦਰ ਸਿੰਘ ਢਿੱਲੋਂ ਦੇ ਨਾਲ ਪੰਜਾਬ ਪੁਲਿਸ ਹਾਉਸਿੰਗ ਕਾਪੋਰੇਸ਼ਨ ਦੇ ਦਫਤਰ ਵਿੱਚ ਜਾਂਚ ਕਮੇਟੀ ਨੂੰ ਸੌਪਿਆ।
ਇਸ ਕੇਸ ਦੀ ਜਾਂਚ ਏਡੀਜੀਪੀ ਇਕਬਾਲ ਸਿੰਘ ਸਹੋਤਾ ਦੀ ਅਗਵਾਈ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਕਰ ਰਹੀ ਹੈ।
ਉਪਰੋਕਤ ਘਟਨਾ ਦਾ ਹਵਾਲਾ ਦਿੰਦਿਆਂ ਕਰਨਲ ਸੰਧੂ ਨੇ ਜਾਂਚ ਟੀਮ ਨੂੰ ਦੱਸਿਆ ਕਿ ਸਾਲ 1994 ਵਿੱਚ ਰੋਪੜ ਦੇ ਡੀਐਸਪੀ ਪਰਮਰਾਜ ਉਮਰਾਨੰਗਲ ਨੇ ਜਿਸ ਖਤਰਨਾਕ ਖਾੜਕੂ ਗੁਰਨਾਮ ਸਿੰਘ ਬੁਡਾਲਾ ਨੂੰ ਪੁਲਿਸ ਮੁਾਕਬਲੇ ਵਿੱਚ ਮਾਰਿਆ ਵਿਖਾ ਕੇ ਇਨਾਮ ਅਤੇ ਬਹਾਦਰੀ ਐਵਾਰਡ ਪ੍ਰਾਪਤ ਕੀਤਾ ਹੈ, ਉਹ ਅੱਜ ਵੀ ਜਿਊਦਾ ਹੈ।ਕਰਨਲ ਸੰਘੂ ਨੇ ਕਿਹਾ ਕਿ ਬੁਡਾਲਾ ਦੀ ਜਗਾ ਉਮਰਾਨੰਗਲ ਨੇ ਪਿੰਡ ਕਾਲਾ ਅਫਗਾਨਾ ਦੇ ਸੁਖਪਾਲ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ, ਜੋ ਕਿ ਉਸਨੇ ਉਸ ਸਮੇਂ ਫੜਿਆ ਹੋਇਆਸੀ।
ਉਨ੍ਹਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਪਰਮਰਾਜ ਉਮਰਾਨੰਗਲ ਨੇ ਇਨਾਮ ਲੈਣ ਲਈ ਸੁਖਪਾਲ ਸਿੰਘ ਦੀ ਲਾਸ਼ ਨੂੰ ਗੁਰਨਾਮ ਸਿੰਘ ਬੁਡਾਲਾ ਦੀ ਝੂਠੀ ਪਛਾਣ ਦਿੱਤੀ ਸੀ।ਉਨਾਂ ਕਿਹਾ ਕਿ ਪਰਮਰਾਜ ਨੇ ਸਿਰਫ ਇਨਾਮ ਦੇ ਪੈਸੇ ਅਤੇ ਬਹਾਦਰੀ ਐਵਾਰਡ ਨੂੰ ਹਾਸਿਲ ਕਰਨ ਲਈ ਪਰਮਰਾਜ ਸਿੰਘ ਉਮਰਾਨੰਗਲ ਨੇ ਉਸ ਸਮੇਂ ਝੁੱਠੇ ਪੁਲਿਸ ਮੁਕਾਬਲੇ ਬਾਅਦ ਜਾਣਬੁੱਝ ਕੇ ਸੁਖਪਾਲ ਸਿੰਘ ਦੀ ਲਾਸ਼ ਨੂੰ ਝੁੱਠੀ ਪਛਾਣ ਦਿੰਦਿਆਂ ਖ਼ਤਰਨਾਕ ਖਾੜਕੂ ਗੁਰਨਾਮ ਸਿੰਘ ਬੰਡਾਲਾ ਦਸਿਆ ਸੀ।
ਸੰਧੂ ਨੇ ਕਿਹਾ ਕਿ ਮੇਰੀ ਜੱਥੇਬੰਦੀ ਨੇ ਉਸ ਗਰੀਬ ਪ੍ਰੀਵਾਰ ਨੂੰ ਸਹਾਰਾ ਦਿੰਦਿਆਂ ਅਤੇ ਝੁੱਠੇ ਪੁਲਿਸ ਮੁਕਾਬਲੇ ਦੀ ਜਾਂਚ ਕਰਵਾਊਣ ਦੀ ਮੰਗ ਕੀਤੀ। ਜਦ ਕਿ ਸ਼ੁਰੂ ਸ਼ੁਰੂ ਵਿਚ ਤਾਂ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਇਸ ਝੁੱਠੇ ਪੁਲਿਸ ਮੁਕਾਬਲੇ ਨੂੰ ਦਬਾਊਣ ਦੀ ਕੋਸ਼ਿਸ਼ ਵਿਚ ਸਨ ਪਰ ਮੀਡੀਆ ਵਿਚ ਖ਼ਬਰਾਂ ਛਪੱਣ ਕਾਰਨ ਸਾਲ 2007 ਵਿਚ ਪੰਜਾਬ ਦੇ ਡੀਜੀਪੀ ਐਨ .ਪੀ. ਐਸ ਔਲਖ ਨੇ ਇਸ ਝੁੱਠੇ ਪੁਲਿਸ ਮੁਕਾਬਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ।
ਕਰਨਲ ਸੰਧੂ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਉਕਤ ਸਾਰੇ ਮਾਮਲੇ ਦੀ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਦੀ ਜਾਣਕਾਰੀ ਹਾਸਲ ਕਰਨ ਲਈ ਕਈ ਵਾਰੀ ਆਰ ਟੀ ਆਈ ਐਕਟ ਰਾਹੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਹਮੇਸ਼ਾਂ ਇਹੀ ਕਹਿ ਕੇ ਟਾਲਿਆ ਗਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਡੀ ਆਈ ਜੀ ਰੋਪੜ ਕੋਲ ਚਲ ਰਹੀ ਹੈ ।
ਕਰਨਲ ਸੰਧੂ ਨੇ ਜਾਂਚ ਕਮੇਟੀ ਨੂੰ ਦਿਤੇ ਬਿਆਨ ‘ਚ ਜ਼ਿਕਰ ਕੀਤਾ ਕਿ ਮੈਨੂੰ ਉਸ ਸਮੇਂ ਅਖ਼ਬਾਰ ਪੜ੍ਹਕੇ ਬਹੁਤ ਵੱਡਾ ਝੱਟਕਾ ਲਗਾ ਕਿ ਝੁੱਠੇ ਪੁਲਿਸ ਮੁਕਾਬਲੇ ਦੀ ਚਲ ਰਹੀ ਜਾਂਚ ਦੇ ਦੋਰਾਨ ਹੀ ਪਰਮਰਾਜ ਸਿੰਘ ਊਮਰਾਨੰਗਲ ਨੂੰ ਤਰਕੀ ਦੇ ਕੇ ਡੀ ਆਈ ਜੀ ਬਣਾ ਦਿਤਾ ਗਿਆ ਹੈ । ਇਸਦੇ ਨਾਲ ਹੀ ਕੁੱਝ ਮਹੀਨੇਂ ਬਾਅਦ ਊਮਰਾਨੰਗਲ ਦਾ ਨਾਂਅ ਪੁਲਿਸ ਮੈਡਲ ਲਈ ਵੀ ਭੇਜ ਦਿਤਾ ਗਿਆ ਅਤੇ ਹੁਣ ਉਸਨੂੰ ਪੰਜਾਬ ਸਰਕਾਰ ਨੇ ਹੋਰ ਤਰਕੀ ਦਿੰਦਿਆਂ ਆਈ ਜੀ ਦੇ ਅਹੁੱਦੇ ਤੇ ਤਾਇਨਾਤ ਕਰ ਦਿੱਤਾ ਹੈ।
ਇਥੇ ਜ਼ਿਕਰਯੋਗ ਹੈ ਕਿ ਮਾਝਾ ਐਕਸ ਸਰਵਿਸਮੈਨ ਹਿਊਮਨ ਰਾਇਟਸ ਫਰੰਟ ਦੇ ਚੇਅਰਮੈਨ ਰਿਟਾਇਰਡ ਕਰਨਲ ਸ. ਜੀ ਐਸ ਸੰਧੂ ਅਤੇ ਸੁਖਪਾਲ ਸਿੰਘ ਦੇ ਪਰਿਵਾਰ ਵਲੋਂ ਇੰਨਸਾਫ਼ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸਾਂਝੇ ਤੋਰ ਤੇ ਪਟੀਸ਼ਨ ਪਹਿਲਾਂ ਹੀ ਲਗਾਈ ਹੋਈ ਹੈ ਜਿਸ ਵਿਚ ਉਕਤ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੋਈ ਹੈ ਜਿਸਦੀ ਸੁਣਵਾਈ ਅੱਜੇ ਹਾਈਕੋਰਟ ਵਿਚ ਚੱਲ ਰਹੀ ਹੈ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:
Fake Encounter case against IG Paramraj Umaranangal: No significant progress in Punjab police probe