ਮੁੰਬਈ (19 ਸਤੰਬਰ, 2014): ਮਹਾਂਰਾਸ਼ਟਰ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸੀਟਾਂ ਦੀ ਮੰਗ ਨੂੰ ਲੈਕੇ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਵਧੀ ਖਿਚੋਤਾਣ ਕੁਝ ਘਟਦੀ ਨਜ਼ਰ ਆ ਰਹੀ ਹੈ।
ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਇੱਕ ਵਾਰ ਤਾਂ ਤਨਾਅ ਇਸ ਪੱਧਰ ‘ਤੇ ਪਹੁੰਚ ਗਿਆ ਸੀ, ਕਿ ਦੋਵੇਂ ਹਮ ਖਿਆਲੀ ਪਾਰਟੀਆਂ ਦੇ ਆਗੂ ਇੱਕ ਦੂਜੇ ਨਾਲੋਂ ਤੋੜ ਵਿਛੋੜਾ ਕਰਨ ਬਾਰੇ ਸੋਚ ਰਹੇ ਸਨ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਇਕ ਦੂਜੇ ਦੇ ਆਹਮੋ ਸਾਹਮਣੇ ਹੋਈਆਂ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਨੇ ਅੱਜ ਸਪਸ਼ਟ ਕੀਤਾ ਹੈ ਕਿ ਮਹਾਰਾਸ਼ਟਰ ਦੀ ਜਨਤਾ ਨੂੰ ਕਾਂਗਰਸ ਨੂੰ ਸੱਤਾ ਤੋਂ ਪਾਸੇ ਕਰਨ ਲਈ ਉਨ੍ਹਾਂ ਦਾ ਗਠਜੋੜ ਜਾਰੀ ਰਹੇਗਾ ਅਤੇ ਦੋਵਾਂ ਪਾਰਟੀਆਂ ਦੇ ਆਗੂ ਸੀਟਾਂ ਦੀ ਵੰਡ ਲਈ ਮੁੜ ਗੱਲਬਾਤ ਸ਼ੁਰੂ ਕਰਨਗੇ ।
ਅੱਜ ਦੇਰ ਸ਼ਾਮ ਸ਼ਿਵ ਸੈਨਾ ਯੁਵਾ ਮੋਰਚਾ ਦੇ ਪ੍ਰਧਾਨ ਅਦਿਤਿਆ ਠਾਕਰੇ ਅਤੇ ਪਾਰਟੀ ਨੇਤਾ ਸੁਭਾਸ਼ ਦੇਸਾਈ ਨੇ ਭਾਜਪਾ ਦੇ ਸੂਬਾ ਇੰਚਾਰਜ ਓ ਪੀ ਨਾਲ ਮੁਲਾਕਾਤ ਕੀਤੀ ਅਤੇ ਗਠਜੋੜ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ ।
ਬੈਠਕ ਤੋਂ ਬਾਅਦ ਅਦਿਤਿਆ ਠਾਕਰੇ ਨੇ ਕਿਹਾ ਕਿ ਦੋਵੇ ਪਾਰਟੀਆਂ ਇਕ ਪਰਿਵਾਰ ਵਾਂਗ ਹਨ ਅਤੇ ਪਰਿਵਾਰ ਵਿਚ ਕਈ ਵਾਰ ਮਤਭੇਦ ਪੈਦਾ ਹੋ ਜਾਇਆ ਕਰਦੇ ਹਨ । ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਮਿਲ ਕੇ ਸੂਬੇ ‘ਚੋਂ ਕਾਂਗਰਸ ਐਨ ਸੀ ਪੀ ਸਰਕਾਰ ਦਾ ਖਾਤਮਾ ਕਰਨਗੀਆਂ ।