ਅੰਮਿ੍ਤਸਰ (5 ਜੁਲਾਈ 2014): ਭਾਰਤੀ ਫੋਜ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਹੋਏ ਸ਼ਹੀਦੀ ਸਮਾਗਮ ਸਮੇਂ ਹੋਈ ਹਿੰਸਕ ਘਟਨਾ ਸਬੰਧੀ ਪੁਲਿਸ ਵੱਲੋਂ ਗ੍ਰਿਫਤਰ ਕੀਤੇ ਗਏ ਨੌਜਵਾਨਾ ਨੂੰ ਸ਼ੋਮਣੀ ਕਮੁਟੀ ਵੱਲੋਂ ਬਣਾਈ ਹੋਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਉਕਤ ਜੇਲ ਵਿੱਚ ਬੰਦ ਨੌਜਵਾਨਾ ਨੂੰ ਮੁਆਫ ਕਰ ਦੇਣ ਦੀ ਸਿਫਾਰਸ਼ ਕੀਤੀ ਸੀ।ਇਸਤੇ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਕੀਤੇ ਹਨ ਕਿ ਉਹ ਨੌਜਵਾਨਾਂ ਵਿਰੁੱਧ ਕੇਸ ਦਰਜ਼ ਵਾਪਸ ਲਵੇ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੰਘ ਸਾਹਿਬ ਦੇ ਨਿਰਦੇਸ਼ਾਂ ‘ਤੇ ਸ਼ੋ੍ਰਮਣੀ ਕਮੇਟੀ ਨੌਜਵਾਨਾਂ ਵਿਰੁੱਧ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਦਰਜ ਕਰਵਾਇਆ ਮਾਮਲਾ ਵਾਪਸ ਲੈਣ ਲਈ ਤਿਆਰ ਹੈ ਪਰ ਕਾਨੂੰਨੀ ਪੇਚੀਦਗੀਆਂ ਕਾਰਨ ਅਜੇ ਇਸ ਲਈ ਕੁੱਝ ਸਮਾਂ ਲੱਗੇਗਾ ।
ਉਨ੍ਹਾਂ ਦੱਸਿਆ ਕਿ ਮਾਮਲਾ 307 ਦਾ ਹੋਣ ਕਾਰਨ ਦਰਜ਼ ਪਰਚਾ ਰੱਦ ਕਰਵਾਉਣ ਲਈ ਹਾਈਕੋਰਟ ਵਿੱਚ ਪਹੁੰਚ ਕਰਨੀ ਪਵੇਗੀ।ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬ ਵੱਲੋਂ ਨੌਜਵਾਨਾਂ ਦੇ ਗਲਤੀ ਸਵੀਕਾਰਨ ‘ਤੇ ਉਨ੍ਹਾਂ ਨੂੰ ਆਮ ਮੁਆਫ਼ੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ । ਜਿਸ ਸਬੰਧੀ ਸ਼ੋ੍ਰਮਣੀ ਕਮੇਟੀ ਨੇ ਮਾਮਲਾ ਰੱਦ ਕਰਵਾਉਣ ਦੀ ਕਵਾਇਦ ਆਰੰਭ ਦਿੱਤੀ ਹੈ।
ਇਸ ਸਬੰਧੀ ਕਾਨੂੰਨੀ ਨੁਕਤਿਆਂ ਦੀ ਜਾਣਕਾਰੀ ਲੈਣ ‘ਤੇ ਪਤਾ ਲੱਗਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਕੇਸ ਵਾਪਸ ਲੈਣ ਮਨਸ਼ਾ ਤੋਂ ਜਾਣੂੰ ਕਰਵਾਉਣ ਉਪਰੰਤ ਇਸ ‘ਤੇ ਕਾਨੂੰਨੀ ਪ੍ਰਕਿਰਿਆ ਆਰੰਭ ਹੋਵੇਗੀ ਅਤੇ ਇਸ ਮਾਮਲੇ ‘ਚੋਂ ਨੌਜਵਾਨਾਂ ਦੇ ਛੁਟਕਾਰੇ ‘ਤੇ ਕਾਨੂੰਨੀ ਮੋਹਰ ਉੱਚ ਅਦਾਲਤ ਵੱਲੋਂ ਲਗਾਈ ਜਾਵੇਗੀ ।