ਚੋਣਵੀਆਂ ਲਿਖਤਾਂ » ਬੋਲਦੀਆਂ ਲਿਖਤਾਂ » ਲੇਖ

ਗੁਰਮੁਖੀ ਹੱਥ-ਲਿਖਤਾਂ ਦੀ ਸਾਂਭ-ਸੰਭਾਲ : ਦਸ਼ਾ ਅਤੇ ਦਿਸ਼ਾ

November 23, 2024 | By

-ਡਾ. ਚਮਕੌਰ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੱਥ-ਲਿਖਤ ਸਰੂਪਾਂ ਅਤੇ ਹੋਰ ਗੁਰਮੁਖੀ ਗ੍ਰੰਥਾਂ ਦੀਆਂ ਹੱਥ-ਲਿਖਤਾਂ, ਸਿੱਖ ਪੰਥ ਦਾ ਬਹੁਮੁੱਲਾ ਸਰਮਾਇਆ ਹਨ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਲਿਖਾਈ-ਪੜ੍ਹਾਈ ਦਾ ਸਾਰਾ ਕਾਰਜ ਹੱਥੀਂ ਹੁੰਦਾ ਰਿਹਾ ਹੈ। ਉਨ੍ਹੀਵੀਂ ਸਦੀ ਦੇ ਅੱਧ ਤਕ ਪੰਜਾਬ ਵਿਚ ਛਾਪੇਖਾਨੇ (ਪ੍ਰਿਟਿੰਗ ਪ੍ਰੈਸ) ਦੀ ਕੋਈ ਵਿਵਸਥਾ ਨਹੀਂ ਸੀ। ਹਰ ਲਿਖਤ ਜਾਂ ਪੁਸਤਕ ਦੇ ਵਿਤਰਣ ਲਈ ਉਤਾਰਾ ਕਰਨ ਦੀ ਤਕਨੀਕ ਵਰਤੀ ਜਾਂਦੀ ਸੀ। ਲਿਖਣ ਸਮਗਰੀ ਜਿਵੇਂ ਕਾਗਜ਼, ਸਿਆਹੀ, ਕਲਮ, ਦਵਾਤਾਂ ਆਦਿ ਦੀ ਉਪਲਬਧੀ ਅੱਜ ਵਾਂਗੂ ਸੁਖੈਣ ਨਹੀਂ ਸੀ। ਇਸ ਕਰਕੇ ਸਾਰਾ ਸਾਹਿਤਕ ਕਾਰਜ ਬੜਾ ਦੁਰਲਭ ਅਤੇ ਵਿਰਲਿਆਂ ਨੂੰ ਨਸੀਬ ਹੋਣ ਵਾਲਾ ਸੀ। ਲਿਖਤਾਂ ਦੇ ਉਤਾਰੇ ਭਾਵੇਂ ਲੋੜ ਅਨੁਸਾਰ ਹੁੰਦੇ ਸਨ ਪਰੰਤੂ ਫਿਰ ਵੀ ਕਿਸੇ ਅਹਿਮ ਲਿਖਤ ਜਿਵੇਂ ਗੁਰਬਾਣੀ ਦੇ ਉਤਾਰੇ ਸੈਂਕੜਿਆਂ ਦੀ ਗਿਣਤੀ ਤਕ ਚਲੇ ਜਾਂਦੇ ਸਨ।

ਪੁਰਾਤਨ ਸਮੇਂ ਤੋਂ ਸਾਡੇ ਪੁਰਖੇ ਹੱਥ-ਲਿਖਤਾਂ ਦੀ ਸਾਂਭ-ਸੰਭਾਲ ਬਾਰੇ ਬਹੁਤ ਸੁਚੇਤ ਅਤੇ ਸਤਰਕ ਸਨ। ਹੱਥ-ਲਿਖਤਾਂ ਨੂੰ ਸੰਭਾਲ ਕੇ ਵਰਤਣ ਲਈ ਇਕ ਖਾਸ ਤਰ੍ਹਾਂ ਦੀ ਮਰਯਾਦਾ ਨੂੰ ਨਿਭਾਉਣਾ ਯਕੀਨੀ ਬਣਾਇਆ ਜਾਂਦਾ ਸੀ, ਜਿਵੇਂ ਜੂਠੇ-ਮਿੱਠੇ ਹੱਥ ਨਾ ਲਗਾਉਣਾ, ਚੌਂਕੀ ਜਾਂ ਰੇਹਲ ਦੀ ਵਰਤੋਂ ਕਰਨਾ; ਕੱਪੜੇ ਦੇ ਰੁਮਾਲ ਵਿਚ ਲਪੇਟ ਕੇ ਰੱਖਣਾ; ਹਰ ਪੁਸਤਕ ਜਾਂ ਗ੍ਰੰਥ ਨੂੰ ਅਦਬ-ਸਤਿਕਾਰ ਨਾਲ ਪ੍ਰਕਾਸ਼ਣਾ ਜਾਂ ਸੰਤੋਖਣਾ; ਉੱਚੀ ਜਗ੍ਹਾ ਟਿਕਾਣਾ ਬਣਾ  ਤਾਂ ਜੋ ਸਤਿਕਾਰ ਬਣਿਆ ਰਹੇ ਅਤੇ ਕਿਸੇ ਬੱਚੇ ਜਾਂ ਅਨਾੜੀ ਦੇ ਹੱਥ ਨਾ ਲੱਗਣ ਆਦਿ। ਇਸ ਮਰਯਾਦਾ ਨੂੰ ਨਿਭਾਉਣ ਕਰਕੇ ਕਿਸੇ ਗ੍ਰੰਥ ਜਾਂ ਪੁਸਤਕ ਦਾ ਕਾਗਜ਼ ਅਤੇ ਜਿਲਦ, ਸਦੀਆਂ ਤਕ ਖਰਾਬ ਨਹੀਂ ਹੁੰਦੇ ਸਨ। ਇਸ ਸੰਬੰਧੀ ਬਹੁਤ ਸਾਰੇ ਦੇਸੀ ਨੁਸਖੇ ਈਜਾਦ ਕੀਤੇ ਗਏ; ਜਿਵੇਂ ਰੁਮਾਲ ਵਿਚ ਲਪੇਟ ਕੇ ਰੱਖਣ ਲਈ ਵਿਸ਼ੇਸ਼ ਕਰ ਲਾਲ ਰੰਗ ਦਾ ਕੱਪੜਾ ਵਰਤਿਆ ਜਾਂਦਾ ਸੀ, ਜਿਸ ਨੂੰ ਛੇਤੀ ਕੀੜਾ ਨਹੀਂ ਲਗਦਾ ਸੀ।

-2-

ਅੰਗਰੇਜ਼ਾਂ ਦੀ ਆਮਦ ਨਾਲ ਪੰਜਾਬ ਦੇ ਸਿੱਖਿਆ ਪ੍ਰਬੰਧ, ਪੜ੍ਹਾਈ-ਲਿਖਾਈ ਅਤੇ ਲਿਖਣ ਦੇ ਵਰਤਾਰਿਆਂ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਛਾਪੇਖਾਨੇ ਦੀ ਆਮਦ ਹੋਈ। ਕਾਗਜ਼ ਸਮੇਤ ਲਿਖਣ ਸਮਗਰੀ ਦਾ ਉਤਪਾਦਨ ਅਤੇ ਵਪਾਰ ਵਧਣ ਲੱਗਿਆ। ਪੁਸਤਕਾਂ, ਕਿਤਾਬਚਿਆਂ, ਰਸਾਲਿਆਂ, ਅਖ਼ਬਾਰਾਂ ਆਦਿ ਦੀ ਛਪਾਈ ਸ਼ੁਰੂ ਹੋਈ। ਭਾਵੇਂ ਹੱਥੀਂ ਲਿਖਣ ਦਾ ਰਿਵਾਜ ਅਤੇ ਵਰਤਾਰਾ ਵੀ ਜਾਰੀ ਰਿਹਾ, ਪਰੰਤੂ ਛਾਪੇਖਾਨੇ ਦੇ ਸ਼ੁਰੂ ਹੋਣ ਨਾਲ ਇਹ ਰੁਝਾਨ ਮੱਠਾ ਜ਼ਰੂਰ ਪੈਣਾ ਸ਼ੁਰੂ ਹੋ ਗਿਆ।

ਸਮੇਂ ਦੇ ਬਦਲਣ ਨਾਲ ਕਾਗਜ਼ ਅਤੇ ਲਿਖਣ ਸਮੱਗਰੀ ਦਾ ਉਤਪਾਦਨ ਅਤੇ ਵਾਪਾਰ ਦੀ ਬਹੁਲਤਾ ਕਾਰਨ ਪੁਸਤਕਾਂ ਦੀ ਛਪਾਈ ਵੱਡੀ ਗਿਣਤੀ ਵਿਚ ਹੋਣ ਲਗੀ। ਹੌਲੀ-ਹੌਲੀ ਹੱਥ-ਲਿਖਤਾਂ ਦਾ ਰਿਵਾਜ ਘਟ ਗਿਆ ਅਤੇ ਅਦਬ-ਸਤਿਕਾਰ ਵਿਚ ਵੀ ਕਮਜ਼ੋਰੀ ਆਉਣ ਲੱਗ ਪਈ। ਇਕ ਸਮਾਂ ਐਸਾ ਆਇਆ ਜਦ ਹੱਥ-ਲਿਖਤਾਂ ਨਾਲ ਘਰਾਂ ਵਿਚ ਫ਼ਾਲਤੂ ਚੀਜ਼ਾਂ ਵਾਂਗ ਵਿਵਹਾਰ ਹੋਣ ਲੱਗਾ। ਹੱਥ-ਲਿਖਤਾਂ ਦਾ ਅਧਿਐਨ ਕਰਨ ਵਾਲੇ ਖੋਜੀ ਜਾਣਦੇ ਹਨ ਕਿ ਕਿਵੇਂ ਇਸ ਅਨਮੋਲ ਖ਼ਜ਼ਾਨੇ ਨੂੰ ਦੋ-ਦੋ, ਚਾਰ-ਚਾਰ ਛਿੱਲੜਾਂ ਲਈ ਵੇਚ ਦਿੱਤਾ ਗਿਆ। ਚੁਲ੍ਹਿਆਂ ਅਤੇ ਤੰਦੂਰਾਂ ਵਿਚ ਅੱਗ ਬਾਲਣ ਲਈ ਪ੍ਰਯੋਗ ਕਰ ਲਿਆ ਗਿਆ ਅਤੇ ਗ਼ੈਰ-ਜ਼ਰੂਰੀ ਕੰਮਾਂ ਲਈ ਵਰਤ ਲਿਆ ਗਿਆ। ਇਸ ਤੋਂ ਇਲਾਵਾ ਸਮੇਂ ਦੀਆਂ ਜ਼ਾਲਮ ਸਰਕਾਰਾਂ ਵੱਲੋਂ ਪੰਜਾਬ ਦੀ ਬਿਹਤਰੀਨ ਧਾਰਮਿਕ ਵਿਚਾਰਧਾਰਾ, ਗੁਰਮਤਿ ਅਤੇ ਗੁਰਬਾਣੀ ਦੇ ਇਨਕਲਾਬੀ ਪ੍ਰਭਾਵ ਨੂੰ ਖਤਮ ਕਰਨ ਲਈ ਯੋਜਨਾਬੱਧ ਢੰਗ ਨਾਲ ਹੱਥ-ਲਿਖਤਾਂ ਨੂੰ ਸਾੜਿਆ ਅਤੇ ਬਰਬਾਦ ਕੀਤਾ ਗਿਆ। ਇਹ ਘਿਨਾਉਣਾ ਕਾਰਜ, ਹਰ ਸਦੀ ਵਿਚ, ਹਰ ਜਾਬਰ ਹਕੂਮਤ ਵੱਲੋਂ ਦੁਹਰਾਇਆ ਜਾਂਦਾ ਰਿਹਾ। ਮੁਗ਼ਲ ਹਕੂਮਤ, ਅੰਗਰੇਜ਼ੀ ਹਕੂਮਤ ਅਤੇ ਪਿਛਲੀ ਸਦੀ ਵਿਚ ‘ਅਜ਼ਾਦ’ ਭਾਰਤ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਸਿੱਖ ਗ੍ਰੰਥਾਂ ਅਤੇ ਧਾਰਮਿਕ ਲਿਖਤਾਂ ਨੂੰ ਸਾੜਿਆ ਅਤੇ ਬਰਬਾਦ ਕੀਤਾ ਗਿਆ, ਉਸ ਦਾ ਇਕ ਲੰਮਾ ਇਤਿਹਾਸ ਹੈ, ਜਿਸ ਨੂੰ ਵੱਖਰੇ ਤੌਰ ਉਤੇ ਲਿਖਿਆ, ਪੇਸ਼ ਕੀਤਾ ਜਾ ਸਕਦਾ ਹੈ। ਇੱਥੇ ਕੇਵਲ ਦੋ ਵਿਦਵਾਨਾਂ ਦੇ ਸ਼ਬਦਾਂ ਵਿਚ ਸੰਖੇਪ ਵਿਚਾਰ ਦੇਣਾ ਹੀ ਕਾਫੀ ਹੈ:-

(ੳ) ਪ੍ਰੋ. ਪ੍ਰੀਤਮ ਸਿੰਘ ਨੇ ਗੁਰਮੁਖੀ ਹੱਥ-ਲਿਖਤ ਪਰੰਪਰਾ ਦੇ ਅਰੰਭਕ ਵਰਤਾਰੇ ਨੂੰ ਇਸ ਤਰ੍ਹਾਂ ਸੂਤਰਬੱਧ ਕੀਤਾ ਹੈ:

“ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅੰਤਲੇ ਭਾਗ ਵਿਚ ਕਰਤਾਰਪੁਰ ਵਿਚ ਜੇਹੜਾ ਸਾਹਿਤ ਰਚਨ ਤੇ ਇਕੱਤਰ ਕਰਨ ਦੀ ਬੜੀ ਵੱਡੀ ਟਕਸਾਲ ਕਾਇਮ ਕੀਤੀ ਸੀ। ਸਾਡੇ ਪਾਸ ਉਨ੍ਹਾਂ ਵਿੱਚੋਂ ਬਹੁਤ ਥੋੜ੍ਹੀਆਂ ਰਚਨਾਵਾਂ ਹੀ ਬਚੀਆਂ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ। ਗੁਰੂ ਸਾਹਿਬ ਦੇ ਆਪਣੇ ਹਸਤ-ਕਮਲਾਂ ਦਾ ਲਿਖਿਆ ਹੋਇਆ ਇਕ ਵੀ ਪੁਰਜਾ ਸਾਡੇ ਤਕ ਨਹੀਂ ਅੱਪੜਿਆ। ਕਈ ਵਹੀਆਂ ਹੋਣਗੀਆਂ, ਕਈ ਰਫ ਕਾਪੀਆਂ ਹੋਣਗੀਆਂ, ਸੁਧਾਈ ਉਪਰੰਤ ਸੋਧ ਸਵਾਰ ਕੇ ਲਿਖੇ ਕਈ ਸੰਕਲਪ ਹੋਣਗੇ। ਦੂਰ ਦੂਰ ਤੋਂ ਪਹੁੰਚੇ ਜਾਂ ਆਪ ਇੱਕਠੇ ਕੀਤੇ ਵੱਖ-ਵੱਖ ਲਿਪੀਆਂ ਤੇ ਭਾਸ਼ਾਵਾਂ ਦੇ ਖਰੜੇ ਹੋਣਗੇ। ਲੋਕਾਂ ਵੱਲੋਂ ਆਈਆਂ ਚਿੱਠੀਆਂ ਹੋਣਗੀਆਂ, ਸਿੱਖਾਂ ਸੇਵਕਾਂ ਦੀਆਂ ਰਚਨਾਵਾਂ ਹੋਣਗੀਆਂ, ਗੁਰਮੁਖੀ ਦੇ ਵਿਕਾਸ ਲਈ ਕੀਤੇ ਲਿਖਤੀ ਤਜਰਬਿਆਂ ਦੇ ਸਬੂਤ ਹੋਣਗੇ ਪਰ ਇਹ ਸਭ ਕੁਝ ਸਮੇਂ ਦੇ ਕਾਲੇ ਬੋਲੇ ਢਿੱਡ ਵਿਚ ਸਦਾ ਲਈ ਲੋਪ ਹੋ ਚੁਕਾ ਹੈ।

ਸਮੇਂ ਦੀ ਬਦਲੀ ਨਾਲ ਹੱਥ-ਲਿਖਤਾਂ ਨੂੰ ਵਾਪਰਨ ਵਾਲਾ ਨੁਕਸਾਨ ਇਕ ਵੰਨਗੀ ਦਾ ਹੈ। ਨੁਕਸਾਨ ਪੁਚਾਉਣ ਵਾਲੀਆਂ ਹੋਰ ਧਿਰਾਂ ਵੀ ਬਥੇਰੀਆਂ ਸਨ। ਮਸਲਨ, ਮਕਾਨ ਆਮ ਤੌਰ ਉਤੇ ਕੱਚੇ ਹੁੰਦੇ ਸਨ ਜੋ ਬਰਸਾਤ ਵਿਚ ਡਿੱਗਣ ਤੋਂ ਬਚ ਰਹਿੰਦੇ ਤਾਂ ਚੋਣ ਤੋਂ ਨਹੀਂ ਸਨ ਬਚ ਸਕਦੇ; ਹੜ੍ਹ ਆਉਂਦਾ ਤਾਂ ਸਾਰਾ ਪਿੰਡ ਮਿੱਟੀ ਦੀ ਢੇਰੀ ਬਣ ਜਾਂਦਾ। ਕਾਲ ਪੈਂਦਾ ਜਾਂ ਮਹਾਂਮਾਰੀ ਆ ਪੈਂਦੀ ਤਾਂ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ; ਲੁੱਟ-ਮਾਰ ਹੁੰਦੀ, ਅੱਗਾਂ ਲਗਦੀਆਂ, ਘਰ ਛੱਡ ਕੇ ਨੱਸਣਾ ਪੈਂਦਾ ਅਤੇ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਕੁਝ ਹੱਥ-ਲਿਖਤਾਂ ਬਚ ਹੀ ਰਹਿੰਦੀਆਂ ਤਾਂ ਉਨ੍ਹਾਂ ਨੂੰ ਚਟਮ ਕਰਨ ਲਈ ਸਿਉਂਕ ਦੇ ਲੱਖਾਂ ਭੋਖੜੇ-ਮਾਰੇ ਕਾਮੇ, ਆਪਣੇ ਢਿੱਡ ਵਜਾਉਂਦੇ ਹਰ ਵੇਲੇ ਹਾਜ਼ਰ ਹੁੰਦੇ ਸਨ।

(ਅ) ਡਾ. ਦੇਵਿੰਦਰ ਸਿੰਘ ਵਿਦਿਆਰਥੀ ਨੇ ਗੁਰਮੁਖੀ ਲਿਖਤਾਂ ਦੀ ਬਰਬਾਦੀ ਬਾਰੇ ਆਪਣੇ ਭਾਵਾਂ ਨੂੰ ਇੰਜ ਸਮੇਟਿਆ ਹੈ:

ਨਿੱਤ ਦੇ ਧਾੜੇ, ਪਾੜੇ, ਪੁਆੜੇ, ਉਜਾੜੇ ਜਿਥੇ ਦੀ ਤਕਦੀਰ ਹੋ ਜਾਣ, ਓਸ ਥਾਂ ਗਰੰਥਾਂ ਦੀ ਚਿੰਤਾ ਕੌਣ ਕਰੇ, ਮੁਲਤਾਨ, ਕਸ਼ਮੀਰ, ਜੁਆਲਾ ਜੀ, ਲਖਪਤ ਦੇ ਹੁਕਮ ਨਾਲ ਲਾਹੌਰ ਸੂਬੇ ਦੇ ਘਰਾਂ ਵਿੱਚੋਂ ਤਲਾਸ਼ੀਆਂ ਕਰ ਕਰ ਕੇ, ਪੋਥੀਆਂ ਤੇ ਗਰੰਥ ਸਾੜੇ ਜਾਂ ਡੋਬੇ ਗਏ। ਸੰਨ ਸੰਤਾਲੀ ਦਾ ਉਜਾੜਾ ਅਤੇ ਦਰਬਾਰ ਸਾਹਿਬ ਦੀ ਲਾਇਬਰੇਰੀ ਦਾ ਸੜਨਾ ਤਾਂ ਕਲ੍ਹ ਦੀ ਗੱਲ ਹੈ।

ਸੋ ਸਿੱਖ ਹੱਥ-ਲਿਖਤਾਂ ਦਾ ਵੱਡਾ ਖ਼ਜ਼ਾਨਾ ਵੱਖ-ਵੱਖ ਜੁਗ-ਗਰਦੀਆਂ ਦੀ ਭੇਟ ਚੜ੍ਹ ਚੁੱਕਾ ਹੈ। ਵੱਡਾ ਨੁਕਸਾਨ 1947 ਈ. ਦੀ ਵੰਡ ਸਮੇਂ ਹੋਇਆ ਹੈ। ਘਰਾਂ, ਡੇਰਿਆਂ, ਸੰਸਥਾਵਾਂ ਵਿਚ ਵੱਖ-ਵੱਖ ਰੂਪਾਂ ਵਿਚ ਅਨੇਕ ਗੁਰਸਿੱਖਾਂ ਦੇ ਨਿੱਜੀ ਪੁਸਤਕਾਲੇ-ਭੰਡਾਰ ਪਾਕਿਸਤਾਨ ਵਿਚ ਰਹਿ ਗਏ ਅਤੇ ਉਨ੍ਹਾਂ ਦਾ ਕੋਈ ਵਾਲੀਵਾਰਸ ਨਾ ਹੋਣ ਕਾਰਨ ਸਮੇਂ ਨਾਲ ਉਹ ਨਸ਼ਟ/ਖਤਮ ਹੋ ਚੁੱਕੇ ਹਨ। ਚੰਗੇ ਭਾਗਾਂ ਨਾਲ ਜੇ ਕੋਈ ਬਚੇ ਵੀ ਹੋਣ ਤਾਂ ਅਜੇ ਤਕ ਸਾਡੀ ਪਹੁੰਚ ਨਹੀਂ ਹੋ ਸਕੀ। ਵਰਤਮਾਨ ਸਥਿਤੀ ਵੀ ਸੰਤੋਸ਼ਜਨਕ ਨਹੀਂ ਰਹੀ। ਵਿਚਾਰਵਾਨਾਂ ਨੂੰ ਦਹਾਕਿਆਂ ਤੋਂ ਪੰਥਕ ਪੱਧਰ ਦੀ ਕੋਈ ਐਸੀ ਵਿਉਂਤਬੰਦੀ ਉਲੀਕਣ ਦੀ ਵੱਡੀ ਲੋੜ ਮਹਿਸੂਸ ਹੋ ਰਹੀ ਹੈ ਕਿ ਵਿਧੀਵਤ ਜਾਂ ਗ਼ੈਰ-ਵਿਧੀਵਤ ਢੰਗ ਨਾਲ ਅਜਿਹੇ ਖ਼ਜ਼ਾਨੇ ਨੂੰ ਤਲਾਸ਼ਿਆ (ਟਰੇਸਿਆ), ਪ੍ਰਾਪਤ ਕੀਤਾ ਅਤੇ ਸੰਭਾਲਿਆ ਜਾ ਸਕੇ। 1984 ਈ. ਦੇ ਘੱਲੂਘਾਰੇ ਸਮੇਂ ਨਸ਼ਟ ਕੀਤੀ ਗਈ ਰੈਫਰੈਂਸ ਲਾਇਬ੍ਰੇਰੀ ਤੋਂ ਵੀ ਅਸੀਂ ਬਹੁਤਾ ਸਬਕ ਨਹੀਂ ਸਿੱਖਿਆ।

-3-

ਗੁਰਮੁਖੀ ਹੱਥ-ਲਿਖਤ ਸਾਹਿਤ ਦੀ ਸਾਂਭ-ਸੰਭਾਲ ਦਾ ਪਹਿਲਾ ਕਾਰਜ, ਇਨ੍ਹਾਂ ਦੇ ਥਹੁ-ਪਤੇ ਅਤੇ ਤਲਾਸ਼ ਨਾਲ ਜੁੜਿਆ ਹੋਇਆ ਹੈ। ਇਸ ਸੰਬੰਧ ਵਿਚ ਸ. ਸ਼ਮਸ਼ੇਰ ਸਿੰਘ ਅਸ਼ੋਕ, ਡਾ. ਗੰਡਾ ਸਿੰਘ, ਡਾ. ਕਿਰਪਾਲ ਸਿੰਘ, ਕ੍ਰਿਸਟੌਫਰ ਸ਼ੈਕਲ ਸਮੇਤ ਕਈ ਵਿਦਵਾਨਾਂ ਨੇ ਪੁਸਤਕ ਸੂਚੀਆਂ (ਕੈਟਾਲੋਗ, ਬਿਬਲਿਓ ਗ੍ਰਾਫਿਕਸ) ਦੇ ਰੂਪ ਵਿਚ ਗੁਰਮੁਖੀ ਹੱਥ-ਲਿਖਤਾਂ ਬਾਰੇ ਟੋਹ ਦੇਣ ਵਾਲੇ ਮਹੱਤਵਪੂਰਨ ਕਾਰਜ ਕੀਤੇ ਹਨ। ਪ੍ਰੋ. ਗੁਰਮੁਖ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ, ਕਰਮ ਸਿੰਘ ਹਿਸਟੋਰੀਅਨ, ਅਕਾਲੀ ਕੌਰ ਸਿੰਘ ਨਿਹੰਗ, ਸ. ਰਣਧੀਰ ਸਿੰਘ (ਡੂਮਛੇੜੀ), ਗਿਆਨੀ ਗਰਜਾ ਸਿੰਘ ਸਮੇਤ ਕੁਝ ਚੋਣਵੇਂ ਵਿਦਵਾਨ ਐਸੇ ਹਨ ਜਿਨ੍ਹਾਂ ਪੁਰਾਤਨ ਗੁਰਮੁਖੀ ਹੱਥ-ਲਿਖਤਾਂ ਦਾ ਵਿਗਿਆਨਕ ਢੰਗ ਨਾਲ ਬਾਖੂਬੀ ਸੰਪਾਦਨ ਕਰਕੇ ਪ੍ਰਕਾਸ਼ਿਤ ਕਰਨ/ਕਰਾਉਣ ਦੀ ਰੀਤ ਤੋਰੀ।

ਦੂਜਾ, ਅਹਿਮ ਸਰੋਕਾਰ ਉਪਲਬਧ ਗੁਰਮੁਖੀ ਲਿਖਤਾਂ ਦੇ ਸੰਪਾਦਨ ਅਤੇ ਪ੍ਰਕਾਸ਼ਨ ਦੇ ਵਿਧੀ-ਵਿਧਾਨ ਬਾਰੇ ਹੈ। ਹੱਥ-ਲਿਖਤਾਂ ਦੀ ਖੋਜ ਅਤੇ ਸੰਪਾਦਨ ਦੇ ਸੰਬੰਧ ਵਿਚ ਡਾ. ਦੇਵਿੰਦਰ ਸਿੰਘ ਵਿਦਿਆਰਥੀ, ਡਾ. ਪਿਆਰ ਸਿੰਘ, ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਡਾ. ਗੋਬਿੰਦ ਸਿੰਘ ਲਾਂਬਾ ਆਦਿ ਵਿਦਵਾਨਾਂ ਵੱਲੋਂ ਸੰਪਾਦਨ ਦੇ ਵਿਧੀ-ਵਿਧਾਨ ਬਾਰੇ ਕੀਤਾ ਕਾਰਜ, ਯਾਦ ਰੱਖਣਯੋਗ ਅਤੇ ਨਵੀਂ ਪੀੜ੍ਹੀ ਦੇ ਖੋਜਾਰਥੀਆਂ ਲਈ ਮਾਰਗ-ਦਰਸ਼ਕ ਹੈ। ਇਸ ਦਿਸ਼ਾ ਵਿਚ ਪ੍ਰੋ. ਗੁਰਮੁਖ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾ. ਰਤਨ ਸਿੰਘ ਜੱਗੀ, ਡਾ. ਬਲਵੰਤ ਸਿੰਘ ਢਿੱਲੋਂ ਸਮੇਤ ਦਰਜਨਾਂ ਹੋਰ ਵਿਦਵਾਨਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ, ਜਾਂ ਪਾ ਰਹੇ ਹਨ।

ਸ. ਮਨੋਹਰ ਸਿੰਘ ਮਾਰਕੋ, ਡਾ. ਦਰਸ਼ਨ ਸਿੰਘ ਤਾਤਲਾ ਵਰਗੇ ਸੰਸਾਰ ਪ੍ਰਸਿੱਧ ਸਿੱਖ ਵਿਦਵਾਨਾਂ ਨੂੰ ਇਸ ਮਲਾਲ ਵਿਚ ਹੀ ਦੁਨੀਆ ਤੋਂ ਰੁਖਸਤ ਹੋਣਾ ਪਿਆ ਕਿ ਸਿੱਖ ਰੈਂਫਰੈਂਸ ਲਾਇਬ੍ਰੇਰੀ ਵਰਗੀਆਂ ਅਹਿਮ ਧਰੋਹਰਾਂ ਦੀਆਂ 1984 ਈ. ਤੋਂ ਪਹਿਲਾਂ ਮਾਈਕਰੋਫਿਲਮਾਂ ਕਿਉਂ ਨਹੀਂ ਬਣ ਸਕੀਆਂ। ਅਜਿਹੇ ਮਹੱਤਵਪੂਰਨ ਕਾਰਜਾਂ ਦੀ ਅਹਿਮੀਅਤ ਬਾਰੇ ਅਸੀਂ ਗੰਭੀਰਤਾ ਨਾਲ ਨਹੀਂ ਸੋਚਿਆ। ਅਜਿਹੇ ਅਹਿਮ ਕਾਰਜ, ਸਾਡੀਆਂ ਪੰਥਕ ਪਹਿਲਤਾਵਾਂ (ਪਰਿਓਰਿਟੀ) ਤੋਂ ਬਹੁਤ ਪਰ੍ਹੇ ਰਹਿ ਜਾਂਦੇ ਹਨ। ਇਸ ਪ੍ਰਤੀ ਥੋੜ੍ਹੀ-ਬਹੁਤ ਹੋਸ਼, ਵੱਡੇ ਨੁਕਸਾਨ ਹੋ ਜਾਣ ਤੋਂ ਬਾਅਦ ਹੀ ਆਉਂਦੀ ਹੈ।

ਡਾ. ਗੰਡਾ ਸਿੰਘ, ਸ. ਸ਼ਮਸ਼ੇਰ ਸਿੰਘ ਅਸ਼ੋਕ, ਪ੍ਰੋ. ਪ੍ਰੀਤਮ ਸਿੰਘ, ਡਾ. ਦੇਵਿੰਦਰ ਸਿੰਘ ਵਿਦਿਆਰਥੀ ਵਰਗੇ ਵਿਦਵਾਨ ਪੰਜਾਬ ਵਿਚਲੀ ਹੱਥ-ਲਿਖਤਾਂ ਦੀ ਪਰੰਪਰਾ ਬਾਰੇ ਦਹਾਕਿਆਂ ਤਕ ਢੰਡੋਰਾ ਦੇ ਕੇ ਜਗਾਉਂਦੇ ਰਹੇ ਹਨ। ਉਨ੍ਹਾਂ ਵਿਦਵਾਨਾਂ ਨੇ ਜਿੱਥੇ ਪੰਜਾਬ ਦੀ ਇਸ ਅਮੀਰ ਪਰੰਪਰਾ ਦੀ ਟੋਹ ਦਿੱਤੀ, ਉੱਥੇ ਇਸ ਵਿਰਾਸਤ ਦੀ ਸਾਂਭ-ਸੰਭਾਲ ਦਾ ਨਿਰੰਤਰ ਹੋਕਾ ਵੀ ਦਿੰਦੇ ਰਹੇ।

ਜ਼ਿਮੇਵਾਰੀਆਂ ਤੋਂ ਅਣਦੇਖੀ ਅਤੇ ਅਣਜਾਣਤਾ ਦੀ ਭੇਟ ਚੜ੍ਹੀਆਂ ਜਿਹੜੀਆਂ ਅਣਗਿਣਤ ਵਿਰਾਸਤੀ ਲਿਖਤਾਂ ਸਾਡੇ ਧਿਆਨ ਤੋਂ ਪਰ੍ਹੇ ਰਹਿ ਗਈਆਂ, ਡਾ. ਵਿਦਿਆਰਥੀ ਉਨ੍ਹਾਂ ਦੇ ਵੇਰਵੇ ਬਹੁਤ ਹੀ ਸੰਜੀਦਗੀ ਨਾਲ ਸਾਹਮਣੇ ਲਿਆਉਂਦੇ ਹਨ:

ਪੰਜਾਬੀ ਲਿਖਤਾਂ ਦਾ ਇਕ ਅਜਿਹਾ ਭੰਡਾਰ ਵੀ ਹੈ ਜਿਸ ਨੂੰ ਪੰਜਾਬੀ ਸਾਹਿਤ ਵਿਚ ਕੋਈ ਥਾਂ ਨਹੀਂ ਮਿਲੀ। ਜਿਹਾ ਕਿ ਪੁਰਾਤਨ ਲਿਖਤੀ ਡਾਇਰੀਆਂ, ਰੋਜ਼ਨਾਮਚੇ, ਚਿੱਠੀਆਂ, ਦੁਕਾਨਦਾਰਾਂ ਦੇ ਲੇਖੇ-ਪੱਤੇ ਅਤੇ ਘਰੇਲੂ ਹਿਸਾਬ ਕਿਤਾਬ ਦੀਆਂ ਬਹੀਆਂ-ਚੁਪੱਤੀਆਂ; ਸਾਂਸੀਆਂ, ਭੱਟਾਂ, ਡੂਮਾਂ, ਭਿਰਾਈਆਂ ਦੀਆਂ ਨਿੰਦਾ ਉਸਤਤੀਆਂ, ਕੁਰਸੀ-ਨਾਮੇ, ਬੰਸਾਵਲੀਆਂ, ਵਾਹਰਾਂ-ਭੇੜਿਆਂ ਦੀਆਂ ਪੌੜੀਆਂ, ਬਾਤਾਂ, ਘਰੋਗੀ ਤੇ ਕਾਰੋਬਾਰੀ ਲੈਣ ਦੇਣ ਦੀਆਂ ਲਿਖਤਾਂ, ਵਿਆਹਾਂ ਢੰਗਾਂ ਸਮੇਂ ਦੇ ਰਸਮਾਂ-ਰੀਤਾਂ ਦੇ ਲੇਖੇ, ਜਾਇਦਾਦਾਂ ਦੇ ਪੱਟੇ, ਸਾਧਾਂ-ਸੰਤਾਂ ਦੀਆਂ ਗੋਸ਼ਟੀਆਂ ਤੇ ਪਰਿਚਈਆਂ, ਪਿੰਡਾਂ ਜਾਂ ਪੱਤੀਆਂ ਠੁਲ੍ਹਿਆਂ, ਭਾਈਚਾਰਿਆਂ ਦੀਆਂ ਪੰਚੈਤਾਂ ਇਕੱਠਾਂ ਦੇ ਵੇਰਵੇ, ਫੁਟਕਲ ਯਾਦਦਾਸ਼ਤਾਂ, ਝਗੜਿਆਂ-ਝੇੜਿਆਂ ਦੇ ਮਹਿਜ਼ਰਨਾਮੇ, ਕਰਾਰਨਾਮੇਂ ਆਦਿ ਅਤੇ ਸਰਲ ਸਾਧਾਰਣ ਪੇਂਡੂ ਕਵੀਆਂ ਦੀਆਂ ਖੁੱਲ੍ਹੀਆਂ ਠੁਲ੍ਹੀਆਂ ਰਚਨਾਵਾਂ, (ਜਿਨ੍ਹਾਂ ਵਿਚੋਂ ਸਾਹਿਤਿਕ ਕਲਾ-ਕਾਰੀਆਂ ਦੀ ਭਾਲ ਵਿਅਰਥ ਹੋਵੇਗੀ), ਹੋਰ ਭਾਵੇਂ ਕਿਸੇ ਦੇ ਕੁਝ ਕੰਮ ਨਾ ਆ ਸਕਣ, ਦਰਿਆਵਾਂ ਵਿਚ ਰੋੜ੍ਹੀਆਂ ਜਾਣ ਜਾਂ ਬੁੱਢੀਆਂ ਹੱਥੋਂ ਗਾਲੀਆਂ ਜਾ ਕੇ ਗੋਹਲੇ ਬਣਾਉਣ ਤੋਂ ਕਿਧਰੇ ਵੱਧ ਖੋਜੀਆਂ ਦੇ ਕੰਮ ਦੀਆਂ ਹਨ। ਉਨ੍ਹਾਂ ਵਿਚੋਂ ਖੋਜੀਆਂ ਲਈ ਦੁਰਲੱਭ ਤੱਥਾਂ ਤੇ ਤੱਤਾਂ ਦਾ ਖ਼ਜ਼ਾਨਾ ਲੁਕਿਆ ਹੋਇਆ ਹੈ ਅਤੇ ਅਨੇਕਾਂ ਘਟਨਾਵਾਂ ਦੀਆਂ ਵਿਸ਼ਵਾਸ ਯੋਗ ਤਿੱਥਾਂ-ਤਾਰੀਖ਼ਾਂ ਦਰਜ ਹਨ, ਅਨੇਕਾਂ ਹੋਈਆਂ-ਅਣਹੋਈਆਂ ਦੇ ਕਿੱਸੇ ਸਾਂਭੇ ਹੋਏ ਹਨ ਅਤੇ ਅਨੇਕਾਂ ਕਵੀਆਂ ਲੇਖਕਾਂ ਦੇ ਜਨਮ-ਸਥਾਨਾਂ ਤੇ ਜੰਮਣ-ਮਰਨ ਦੇ ਵੇਰਵੇ ਅੰਕਿਤ ਹਨ।4

ਹੋਰਨਾਂ ਦੇਸ਼ਾਂ ਦੇ ਪੜ੍ਹਿਆਂ ਲਿਖਿਆਂ ਨੇ ਸਭ ਤੋਂ ਪਹਿਲਾਂ ਆਪਣੇ ਵਿਰਸੇ ਨੂੰ ਸਾਂਭਣ ਅਤੇ ਉਸ ਦੀਆਂ ਸੂਚੀਆਂ ਆਦਿ ਸੰਪਾਦਿਤ ਕਰਨ ਵੱਲ ਧਿਆਨ ਦਿੱਤਾ ਹੈ ਅਤੇ ਨਵੇਂ ਖੋਜਾਰਥੀ ਨੂੰ ਬਹੁਤਾ ਹਨੇਰੇ ਵਿਚ ਭਟਕਣਾ ਨਹੀਂ ਪੈਂਦਾ। ਸਾਡੇ ਅਜੇ ਇਸ ਪਾਸੇ ਪਹਿਲ, ਸ਼ਾਇਦ, ਡਾ. ਗੰਡਾ ਸਿੰਘ ਨੇ ‘ਸਿੱਖ ਇਤਿਹਾਸ ਦੇ ਸ੍ਰੋਤਾਂ’ ਬਾਰੇ ਉਰਦੂ ਅਤੇ ਅੰਗਰੇਜ਼ੀ ਵਿਚ ਸੂਚੀਆਂ ਪ੍ਰਕਾਸ਼ਤ ਕਰਵਾ ਕੇ ਕੀਤੀ ਹੈ। ਪੰਜਾਬ ਸਰਕਾਰ ਦੀਆਂ ਰੀਕਾਰਡ ਸੂਚੀਆਂ 1945 ਤਕ ਬਕਾਇਦਾ ਛਪਦੀਆਂ ਰਹੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਕੁਝ ਰੀਕਾਰਡ ਦੀ ਸੂਚੀ ਡਾ. ਸੀਤਾ ਰਾਮ ਕੋਹਲੀ ਨੇ ਅੰਗਰੇਜ਼ੀ ਵਿਚ ਸੰਪਾਦਿਤ ਕਰ ਕੇ ਛਾਪੀ ਹੈ। ਹੱਥ-ਲਿਖਤ ਪੰਜਾਬੀ ਪੋਥੀਆਂ ਅਤੇ ਗ੍ਰੰਥਾਂ ਦੀਆਂ ਸੂਚੀਆਂ ਤਿਆਰ ਕਰਨ ਦੀ ਪਹਿਲ ਪੈਪਸੂ ਦੇ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ) ਲਈ ਗਿ. ਸ਼ਮਸ਼ੇਰ ਸਿੰਘ ‘ਅਸ਼ੋਕ’ ਨੇ ਕੀਤੀ। ਇਹ ਸੂਚੀ ਦੋ ਜਿਲਦਾਂ ਵਿਚ ਪ੍ਰਕਾਸ਼ਿਤ ਮਿਲਦੀ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸੰਗ੍ਰਹਿ ਵਿਚ ਸਾਂਭੀਆਂ ਲਿਖਤਾਂ ਦੀ ਸੂਚੀ ਵੀ ‘ਅਸ਼ੋਕ’ ਵੱਲੋਂ ਸੰਪਾਦਿਤ ਹੋ ਕੇ ਛਪ ਚੁੱਕੀ ਹੋਈ ਹੈ। ਖਾਲਸਾ ਕਾਲਜ ਦੇ ‘ਸਿੱਖ’ ਇਤਿਹਾਸ ਖੋਜ ਵਿਭਾਗ’ ਵਿਚ ਪਈਆਂ ਪੰਜਾਬੀ ਅਤੇ ਫ਼ਾਰਸੀ ਲਿਖਤਾਂ ਦਾ ਸੂਚੀ ਪੱਤ੍ਰ ਛਪਿਆ ਹੋਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਸੂਚੀਆਂ ਵੀ ਮਿਲ ਜਾਂਦੀਆਂ ਹਨ, ਪੰਜਾਬ ਪੁਰਾਤਤਵ ਵਿਭਾਗ, ਪਟਿਆਲਾ ਦੀ ਸੂਚੀ, ਸਾਈਕਲੋ ਸਟਾਈਲ ਕੀਤੀ ਹੋਈ, ਮੌਜੂਦ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਜਾਂ ਪਬਲਿਕ ਲਾਇਬਰੇਰੀ, ਪਟਿਆਲਾ ਦੀਆਂ ਬਹੁਤੀਆਂ ਹੱਥ-ਲਿਖਤਾਂ ਦਾ ਵੇਰਵਾ ਭਾਸ਼ਾ ਵਿਭਾਗ ਵੱਲੋਂ ਛਪਵਾਈਆਂ ‘ਪੰਜਾਬੀ ਹੱਥ-ਲਿਖਤਾਂ ਦੀ ਸੂਚੀ’ ਦੀਆਂ ਦੋਹਾਂ ਜਿਲਦਾਂ ਵਿਚ ਆ ਗਿਆ ਸਮਝਿਆ ਜਾਂਦਾ ਹੈ। ਇਨ੍ਹਾਂ ਸੂਚੀਆਂ ਵਿਚ ਪੁਸਤਕਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੋਈ ਹੈ, ਪਰ ਪੁਸਤਕਾਂ ਦੇ ਲੇਖਕਾਂ ਬਾਰੇ ਜਾਣਕਾਰੀ ਦੇਣ ਵਾਲੇ ਸ੍ਰੋਤਾਂ ਦੀ ਥੁੜ੍ਹ ਅਣਹੋਂਦ ਤਕ ਅੱਪੜੀ ਹੋਈ ਹੈ। ਅਜੇ ਵੀ ਕਈ ਨਿੱਜੀ-ਸੰਗ੍ਰਹਿ ਖੋਜੀਆਂ ਦੀਆਂ ਨਜ਼ਰਾਂ ਤੋਂ ਉਹਲੇ ਹੀ ਹਨ, ਜਿਵੇਂ ਕਿ ਪ੍ਰੋ. ਪ੍ਰੀਤਮ ਸਿੰਘ ਦਾ ਅਤੇ ਡਾ. ਗੰਡਾ ਸਿੰਘ ਜਾਂ ਗਿਆਨੀ ਗੁਰਦਿਤ ਸਿੰਘ ਦਾ ਸੰਗ੍ਰਹਿ, ਪਟਿਆਲੇ ਵਿਚ ਹਨ।5

ਡਾ. ਦੇਵਿੰਦਰ ਸਿੰਘ ਵਿਦਿਆਰਥੀ ਨੇ ਹੱਥ-ਲਿਖਤਾਂ ਦੀ ਟੋਹ (ਥਹੁ-ਪਤਾ) ਦੱਸਣ ਵਾਲੇ ਖੋਜ ਕਾਰਜਾਂ ਸੰਬੰਧੀ ਸੰਖੇਪ ਵੇਰਵਾ ਦਿੰਦਿਆਂ, ਹੋਣਯੋਗ ਰਹਿੰਦੇ ਕਾਰਜਾਂ ਬਾਰੇ ਇਸ ਖੇਤਰ ਦੇ ਖੋਜਕਾਰਾਂ ਦੀ ਅਗਵਾਈ ਵੀ ਕੀਤੀ ਹੈ। ਉਨ੍ਹਾਂ ਬੜੇ ਵਿਸਥਾਰ ਨਾਲ ਖੋਜਕਾਰਾਂ ਨੂੰ ਇਸ ਦਿਸ਼ਾ ਵਿਚ ਕਾਰਜ ਕਰਨ ਲਈ ਪ੍ਰੇਰਨਾ ਦਿੰਦਿਆਂ ਲਿਖਿਆ ਹੈ:

“ਖੋਜੀਆਂ ਲਈ ਮੇਰਾ ਸੁਝਾਅ ਹੈ ਕਿ ਤੁਹਾਡੀ ਪਹੁੰਚ ਦੇ ਦਾਇਰੇ ਵਿਚ, ਜਿੱਥੇ ਕਿਧਰੇ ਕਿਸੇ ਜਨਤਕ ਜਾਂ ਨਿੱਜੀ ਸੰਗ੍ਰਹਿ ਵਿਚ ਕੋਈ ਵੀ ਲਿਖਤਾਂ ਸਾਂਭੀਆਂ ਹੋਣ ਉੱਥੇ ਲਗਦੀ ਵਾਹ ਹੇਠ ਲਿਖੇ ਚਾਰ ਕੰਮ ਜ਼ਰੂਰ ਕਰੋ:

1. ਜਿੰਨੀਆਂ ਲਿਖਤਾਂ ਮਿਲ ਸਕਣ ਉਨ੍ਹਾਂ ਦੀ ਕਾਲਕ੍ਰਮ ਅਨੁਸਾਰ ਸੂਚੀ ਬਣਾਉ।
2 .ਉਨ੍ਹਾਂ ਵਿਚ ਨਾਵਾਂ-ਥਾਵਾਂ ਦੀਆਂ ਫਰਦਾਂ ਬਣਾਉ ਅਤੇ ਲਿਖਤਾਂ ਦੀ ਸੰਭਾਲ ਕਰੋ।
3. ਉਨ੍ਹਾਂ ਵਿਚ ਵਰਣਿਤ ਤੱਥਾਂ ਦਾ ਵੇਰਵਾ ਤਿਆਰ ਕਰੋ, ਕਰਤਾ ਬਾਰੇ ਜਾਣਕਾਰੀ ਨੋਟ ਕਰੋ।
4. ਜਿੱਥੋਂ ਤਕ ਹੋ ਸਕੇ, ਉਨ੍ਹਾਂ ਲਿਖਤਾਂ ਤੋਂ ਪ੍ਰਾਪਤ ਸੂਚਨਾਵਾਂ ਨੂੰ, ਇਕੱਤਰ ਕਰ ਕੇ, ਵਰ੍ਹੇ ਵੰਡ ਅਨੁਸਾਰ ਜਾਂ ਵਿਸ਼ੇ ਵੰਡ ਅਨੁਸਾਰ ਤਰਤੀਬ ਦੇ ਕੇ ਪ੍ਰਕਾਸ਼ਿਤ ਕਰਵਾਓ। ਸਾਡੀਆਂ ਤਿੰਨਾਂ ਯੂਨੀਵਰਸਿਟੀਆਂ ਦੇ ਖੋਜ-ਪੱਤਰ ਛਾਪਣ ਵਿਚ ਤੁਹਾਡੇ ਸਹਾਇਕ ਹੋਣਗੇ।
ਉਹ ਅੱਗੇ ਲਿਖਦੇ ਹਨ ਕਿ ਵਿਭਾਗੀ ਤੌਰ ਉੱਤੇ ਭਾਸ਼ਾ ਵਿਭਾਗ ਦਾ ਅਜਿਹੇ ਸਾਰੇ ਉੱਦਮਾਂ ਵਿਚ ਹੱਥ ਵੰਡਾਉਣਾ ਵਿਭਾਗ ਦੇ ਮੰਤਵਾਂ ਵਿਚ ਸ਼ਾਮਿਲ ਹੈ। ਮੈਂ ਬੇਨਤੀ ਕਰਾਂਗਾ:
1. ਪਿੰਡ ਪਿੰਡ ਅਜਿਹੀਆਂ ਪੁਰਾਣੀਆਂ ਲਿਖਤਾਂ ਜੋ ਸਾਹਿਤਿਕ, ਸਮਾਜਿਕ, ਇਤਿਹਾਸਿਕ, ਭੂਗੋਲਿਕ, ਆਰਥਿਕ ਤੱਤਾਂ ਅਤੇ ਤੱਥਾਂ ਉੱਤੇ ਰੋਸ਼ਨੀ ਪਾਉਂਦੀਆਂ ਹੋਣ, ਡੱਕ ਕੇ ਰੱਖੇ ਬਸਤਿਆਂ, ਭੰਡਾਰਾਂ, ਸੰਦੂਕਾਂ ਵਿੱਚੋਂ ਕਢਵਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਵਿਗਿਆਨਕ ਢੰਗਾਂ ਨਾਲ ਕਰਵਾਉਣ ਦੀਆਂ ਯੋਜਨਾਵਾਂ ਤਿਆਰ ਕਰੋ;
2. ਗੌਰਮਿੰਟ ਰੀਕਾਰਡ ਆਫਿਸਾਂ, ਰਜਿਸਟਰੇਸ਼ਨ ਦੇ ਦਫਤਰਾਂ ਆਦਿ ਵਿੱਚੋਂ ਪੁਰਾਣੀਆਂ ਦਸਤਾਵੇਜ਼ਾਂ ਦੇ ਕਲੰਦਰੇ ਬਣਵਾਉਣ ਦਾ ਕੋਈ ਜਤਨ ਅਰੰਭ ਕਰੋ;
3. ਖਰਾਬ ਹੋ ਰਹੇ ਦਸਤਾਵੇਜ਼ਾਂ, ਪੁਸਤਕਾਂ, ਗ੍ਰੰਥਾਂ, ਗੁਟਕਿਆਂ ਦੀ ਮੁਰੰਮਤ ਵਿਚ ਸਹਾਈ ਹੋ ਕੇ, ਇਸ ਅਮੋਲਕ ਵਿਰਸੇ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਗੱਲ ਤੋਰੋ;
4. ਜ਼ਰੂਰੀ ਦਸਤਾਵੇਜ਼ਾਂ ਦੀਆਂ ਮਾਈਕਰੋ-ਫਿਲਮਾਂ, ਜ਼ੀਰਾਕਸ ਕਾਪੀਆਂ, ਕਲਰ ਸਲਾਈਡਾਂ ਆਦਿ ਪ੍ਰਾਪਤ ਕਰਨ ਅਤੇ ਸੰਭਾਲਣ ਦਾ ਪ੍ਰਬੰਧ ਕਰਨ ਲਈ ਯੋਜਨਾਵਾਂ ਬਣਾਓ।

ਸਰਕਾਰ ਨੂੰ ਮੇਰੀ ਪ੍ਰਾਰਥਨਾ ਹੋਵੇਗੀ ਕਿ:

(ੳ) ਸਾਰੀਆਂ ਹੱਥ-ਲਿਖਤਾਂ, ਖ਼ਾਸ ਕਰਕੇ ਜਿਨ੍ਹਾਂ ਦੇ ਇੱਕੋ ਇਕ ਉਤਾਰੇ ਮਿਲਦੇ ਹਨ, ਜ਼ੀਰਾਕਸ ਕਰਵਾ ਕੇ ਜ਼ਿਲ੍ਹਾ ਲਾਇਬ੍ਰੇਰੀਆਂ ਵਿਚ ਖੋਜੀਆਂ ਨੂੰ ਮੁਹੱਈਆ ਕਰਵਾਉਣਾ;
(ਅ) ਪ੍ਰਮਾਣਿਕ ਵਿਦਵਾਨਾਂ ਪਾਸ ਸੂਚੀਆਂ ਭੇਜੀਆਂ ਜਾਣ ਅਤੇ ਜਿਨ੍ਹਾਂ ਰਚਨਾਵਾਂ ਵਿਚ ਉਹ ਰੁਚੀ ਲੈਣ, ਉਨ੍ਹਾਂ ਦੇ ਜ਼ੀਰਾਕਸ ਭੇਜ ਕੇ ਖੋਜ ਲਈ ਪ੍ਰੇਰਨਾ ਕੀਤੀ ਜਾਵੇ;
(ੲ) ਖੋਜ-ਪੁਸਤਕਾਂ ਦੇ ਪ੍ਰਕਾਸ਼ਨ ਲਈ ਬੈਂਕ-ਕਰਜ਼ਿਆਂ ਸਬਸਿਡੀਆਂ ਦੀ ਸਹੂਲਤ ਦਿੱਤੀ ਜਾਵੇ;
(ਸ) ਲਾਗਲੀਆਂ ਰਾਜ-ਸਰਕਾਰਾਂ ਨਾਲ ਵਿਚਾਰ ਕਰਕੇ ਗਿਆਨ-ਬੈਂਕ ਬਣਾਏ ਜਾਣ, ਜਿੱਥੋਂ ਇਲਾਕਾਈ ਜਾਣਕਾਰੀ ਸੂਚਨਾ ਕੇਂਦਰਾਂ ਨੂੰ ਭੇਜੀ ਅਤੇ ਹਾਸਿਲ ਕੀਤੀ ਜਾ ਸਕੇ। ਲਿਖਤਾਂ ਦੇ ਜ਼ੀਰਾਕਸ ਉਤਾਰੇ ਲਾਗਤ ਮਾਤਰ ਉਤੇ ਬਿਨਾਂ ਕਿਸੇ ਹਾਣ ਲਾਭ ਦੇ, ਖੋਜਾਰਥੀਆਂ ਨੂੰ ਮੁਹੱਈਆ ਕਰਾਏ ਜਾਣ ਦਾ ਆਦੇਸ਼ ਦਿੱਤਾ ਜਾਵੇ”।6

-4-

ਵਰਤਮਾਨ ਦੌਰ ਵਿਚ ਕਈ ਥਾਂਵਾਂ ਉਤੇ ਸ਼ਰਧਾਵਾਨ ਸਿੱਖਾਂ ਵੱਲੋਂ ਸ਼ਰਧਾਵੱਸ ਗੁਰਮੁਖੀ ਹੱਥ-ਲਿਖਤਾਂ ਬਿਰਧ ਸਰੂਪਾਂ, ਪੋਥੀਆਂ ਅਤੇ ਗੁਟਕਾ ਸਾਹਿਬਾਨ ਸਮੇਤ ਵੱਖ ਵੱਖ ਖਸਤਾ ਹਾਲਤ ਲਿਖਤਾਂ ਦੀ ਸਸਕਾਰ-ਸੇਵਾ ਹਿਤ ਅੰਗੀਠੇ ਬਣਾ ਰੱਖੇ ਹਨ। ਪਹਿਲਾਂ ਪਹਿਲ ਇਨ੍ਹਾਂ ਸਥਾਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਜਾਂ ਫਟੇ ਹੋਏ ਪਤਰਿਆਂ ਵਾਲੀਆਂ ਪੋਥੀਆਂ, ਗੁਟਕਿਆਂ ਦਾ ਸਸਕਾਰ ਕੀਤਾ ਜਾਂਦਾ ਸੀ। ਹੌਲੀ-ਹੌਲੀ ਹੋਰ ਧਾਰਮਿਕ ਅਤੇ ਸਾਹਿਤਕ ਪੁਸਤਕਾਂ, ਰਸਾਲੇ ਆਦਿ ਵੀ ਆਉਣੇ ਸ਼ੁਰੂ ਹੋ ਗਏ। ਹੁਣ ਹਾਲਾਤ ਇਹ ਹਨ ਕਿ ਸਸਕਾਰ ਸੇਵਾ ਦੇ ਇਨ੍ਹਾਂ ਅਸਥਾਨਾਂ (ਅੰਗੀਠਿਆਂ) ਨਾਲ ਸੰਭਾਲ ਹਿੱਤ ਬਣਾਏ ਕੋਠਿਆਂ ਅਤੇ ਹਾਲ-ਕਮਰਿਆਂ ਵਿਚ ਸਸਕਾਰ ਹਿਤ ਨਵੀਆਂ-ਪੁਰਾਣੀਆਂ ਧਾਰਮਿਕ ਲਿਖਤਾਂ, ਪੁਸਤਕਾਂ ਇੰਨੀ ਵੱਡੀ ਮਾਤਰਾ ਵਿਚ ਆ ਰਹੀਆਂ ਹਨ ਕਿ ਉਨ੍ਹਾਂ ਦੇ ਭੰਡਾਰਣ ਲਈ ਰੱਖਣ-ਸੰਭਾਲਣ ਦੀ ਜਗ੍ਹਾ ਹੀ ਨਹੀਂ ਬਚ ਰਹੀ।

ਧਿਆਨਯੋਗ ਗੱਲ ਇਹ ਵੀ ਹੈ ਕਿ ਸਸਕਾਰ ਹਿੱਤ ਪਹੁੰਚੇ ਗ੍ਰੰਥਾਂ, ਪੁਸਤਕਾਂ, ਰਸਾਲੇ ਆਦਿ ਜ਼ਿਆਦਾਤਰ ਨਵੇਂ ਅਤੇ ਵਰਤੋਂ ਯੋਗ ਹੁੰਦੇ ਹਨ; ਪਰ ਪ੍ਰਬੰਧਕਾਂ ਪਾਸ ਇਨ੍ਹਾਂ ਦੀ ਛਾਂਟੀ ਕਰਨ ਜਾਂ ਨਿਰਣਾਇਕ ਫੈਸਲਾ ਲੈਣ/ਕਰਨ ਦੀ ਕੋਈ ਵਿਧੀਵਤ ਵਿਵਸਥਾ, ਸਮਾਂ ਜਾਂ ਸਮਝ ਨਹੀਂ ਹੈ। ਆਮ ਲੋਕਾਂ ਅਤੇ ਸੰਗਤ ਨੂੰ ਜਾਗਰੂਕ ਕਰਨ ਦਾ ਕੋਈ ਢੰਗ-ਤਰੀਕਾ ਵੀ ਨਹੀਂ ਅਪਣਾਇਆ ਜਾ ਰਿਹਾ। ਇਨ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਪੁੱਜ ਰਹੇ ਧਾਰਮਿਕ ਸਾਹਿਤ ਵਿਚ ਕਾਫੀ ਗਿਣਤੀ, ਐਸੀਆਂ ਦੁਰਲਭ ਲਿਖਤਾਂ ਦੀ ਵੀ ਹੁੰਦੀ ਹੈ, ਜਿਨ੍ਹਾਂ ਨੂੰ ਆਰਕਾਈਵਜ਼ ਬਣਾ ਕੇ ਸੰਭਾਲੇ ਜਾਣ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਭਾਵੇਂ ਹੁਣ ਹੌਲੀ-ਹੌਲੀ ਚੇਤਨਾ ਵਧ ਤਾਂ ਰਹੀ ਹੈ ਪਰੰਤੂ ਇਸ ਵਰਤਾਰੇ ਪ੍ਰਤੀ ਸੁਚੇਤਤਾ ਦੀ ਅਣਹੋਂਦ ਦੇ ਚਲਦਿਆਂ ਬੀਤੇ ਸਮੇਂ ਪਤਾ ਨਹੀਂ ਕਿੰਨਾ ਅਨਮੋਲ ਖ਼ਜ਼ਾਨਾ ਸਸਕਾਰਿਆ ਜਾ ਚੁੱਕਾ ਹੈ; ਇਹ ਡੂੰਘੀ ਸੰਜੀਦਾ ਘੋਖ-ਪੜਚੋਲ ਦਾ ਵਿਸ਼ਾ ਹੈ। ਸਾਡੇ ਕੋਲ ਇਸ ਦੇ ਬਚਾਉ ਦੀ ਕੋਈ ਟਿਕਾਊ ਅਤੇ ਠੋਸ ਯੋਜਨਾ ਨਹੀਂ ਹੈ।

ਹੱਥ-ਲਿਖਤਾਂ ਦੇ ਨਸ਼ਟ ਹੋਣ ਦੇ ਇਸ ਵਰਤਾਰੇ ਵਿਚ ਕੁਝ ਮੁੱਠੀ-ਭਰ ਅਗਿਆਨੀਆਂ ਅਤੇ ਅਗਿਆਨ ਫੈਲਾਉਣ ਵਾਲਿਆਂ ਦੀ ਵੀ ਸ਼ਮੂਲੀਅਤ ਰਹੀ ਹੈ। ਧਾਰਮਿਕ ਸ਼ਰਧਾ ਦੇ ਨਾਂ ਥੱਲੇ ਬਿਰਧ ਹੋ ਚੁੱਕੀਆਂ ਹੱਥ-ਲਿਖਤਾਂ ਨੂੰ ਚੰਗੀ-ਭਲੀ ਹਾਲਤ ਵਿਚ ਹੋਣ ਦੇ ਬਾਵਜੂਦ ਦਰਿਆਵਾਂ ਅਤੇ ਨਦੀ-ਨਾਲਿਆਂ ਵਿਚ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਰਿਹਾ ਹੈ। ਇਹ ਵਰਤਾਰਾ ਅਜੇ ਵੀ ਜਾਰੀ ਹੈ। ਇਥੇ ਕੇਵਲ ਇੰਨਾ ਹੀ ਜ਼ਿਕਰ ਕਰਨਾ ਕਾਫੀ ਹੈ ਕਿ ਅਸੀਂ ਹੱਥ-ਲਿਖਤਾਂ ਦੇ ਰੂਪ ਵਿਚ ਅਨਮੋਲ ਪੰਥਕ ਸਰਮਾਏ ਦੀ ਕੀਮਤ/ਅਹਿਮੀਅਤ ਤੋਂ ਬੇਖ਼ਬਰ ਅਤੇ ਸਾਂਭ-ਸੰਭਾਲ ਦੇ ਮਾਮਲੇ ਵਿਚ ਬੇਹੱਦ ਗ਼ੈਰ-ਜ਼ਿੰਮੇਵਾਰ ਸਿਧ ਹੋਏ ਹਾਂ। ਦੁਖਦ ਹਾਲਾਤ ਇਹ ਹਨ ਕਿ ਨੇੜ ਭਵਿੱਖ ਵਿਚ ਇਸ ਬਾਰੇ ਧਿਆਨ ਦੇਣ ਦੇ ਆਸਾਰ ਵੀ ਨਜ਼ਰ ਨਹੀਂ ਆ ਰਹੇ।

-5-

ਇੱਥੇ ਇਕ ਤੱਥ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਪੁਰਾਤਨ ਸਿੱਖ/ਗੁਰਬਾਣੀ ਨਾਲ ਸੰਬੰਧਿਤ ਹੱਥ-ਲਿਖਤਾਂ, ਦੁਰਲੱਭ ਦਸਤਾਵੇਜ਼ਾਂ ਅਤੇ ਸਮਗਰੀ ਨੂੰ ‘ਬੇਅਦਬੀ’ ਤੋਂ ਬਚਾਉਣ ਦੇ ਨਾਂ ਉਤੇ ਅੰਗੀਠੇ ਬਣਾ ਕੇ ਸਸਕਾਰਨ ਦੇ ਰੁਝਾਨ ਨੂੰ ਰੋਕਣ ਲਈ 31 ਮਾਰਚ, 2021 ਈ. ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਕ ਮਤਾ (ਹੁਕਮਨਾਮਾ) ਜਾਰੀ ਹੋ ਚੁੱਕਾ ਹੈ, ਜਿਸ ਵਿਚ ਢੁਕਵੀਆਂ ਸਖਤ ਹਦਾਇਤਾਂ ਹੇਠ ਲਿਖੇ ਅਨੁਸਾਰ ਜਾਰੀ ਕੀਤੀਆਂ ਜਾ ਚੁਕੀਆਂ ਹਨ:

1. ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿਗਰਾਨੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਗਏ ਅੰਗੀਠਾ ਸਾਹਿਬ ਵਿਖੇ ਫਿਲਹਾਲ ਬਿਰਧ ਪਾਵਨ ਸਰੂਪ ਅਗਨ ਭੇਟ ਕਰਨ ਦੀ ਆਗਿਆ ਹੈ। ਹਾਲ ਦੀ ਘੜੀ ਇਸ ਤੋਂ ਬਿਨਾਂ ਸੰਸਾਰ ਭਰ ਵਿਚ ਕਿਸੇ ਵੀ ਸੰਸਥਾ ਨੂੰ ਬਿਰਧ ਸਰੂਪ ਅਗਨ ਭੇਟ ਕਰਨ ਦੀ ਆਗਿਆ ਨਹੀਂ ਹੈ।

2. ਕੇਵਲ ਪੂਰਨ ਰੂਪ ਵਿਚ ਬਿਰਧ ਪਾਵਨ ਸਰੂਪ ਨੂੰ ਹੀ ਅਗਨ ਭੇਟ ਕੀਤਾ ਜਾਵੇ। ਯਤਨ ਇਹ ਕੀਤਾ ਜਾਵੇ ਕਿ ਸਸਕਾਰ ਕਰਨ ਲਈ ਪੁੱਜੇ ਪਾਵਨ ਸਰੂਪਾਂ ਦੀ ਸੇਵਾ ਕਰਕੇ ਕੁਝ ਬਿਰਧ ਅੰਗ ਨਵੇਂ ਲਗਾ ਕੇ ਜਾਂ ਜਿਲਦਬੰਦੀ ਨਵੀਂ ਕਰਕੇ, ਪ੍ਰਕਾਸ਼ ਕਰਨ ਲਈ ਸੰਗਤ ਨੂੰ ਮੁਹੱਈਆ ਕਰਵਾਏ ਜਾਣ।

3. ਹੱਥ-ਲਿਖਤ ਪਾਵਨ ਬਿਰਧ ਸਰੂਪ, ਗੁਟਕਾ ਸਾਹਿਬ ਅਤੇ ਪੋਥੀਆਂ ਨੂੰ ਕਿਸੇ ਵੀ ਕੀਮਤ ’ਤੇ ਅਗਨ ਭੇਟ ਕਰਨ ਦੀ ਆਗਿਆ ਨਹੀਂ ਹੈ।

4. ਸੰਗਤ ਹੱਥ-ਲਿਖਤ ਪਾਵਨ ਬਿਰਧ ਸਰੂਪ, ਗੁਟਕਾ ਸਾਹਿਬ ਅਤੇ ਪੋਥੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਭੇਜ ਸਕਦੀਆਂ ਹਨ। ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਸੇਵਾ ਦੇ ਨਾਮ ’ਤੇ ਪਾਵਨ ਬਿਰਧ ਸਰੂਪ ਨਾ ਦਿੱਤੇ ਜਾਣ।

5. ਅਗਨ ਭੇਟ ਕਰਨ ਵਾਲੇ ਬਿਰਧ ਸਰੂਪਾਂ ਦਾ ਪੂਰਾ ਰਿਕਾਰਡ ਲਿਖਤੀ ਤੌਰ ’ਤੇ ਰੱਖਣਾ ਅਤੀ ਜ਼ਰੂਰੀ ਹੈ।

6. ਸੰਗਤ ਬਿਰਧ ਸਰੂਪ, ਗੁਟਕੇ, ਪੋਥੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨਾਂ ਵਿਖੇ ਪਹੁੰਚਾਉਣ, ਜਿਥੋਂ ਸਤਿਕਾਰ ਸਹਿਤ ਨਿਰਧਾਰਿਤ ਅੰਗੀਠਾ ਸਾਹਿਬ ਅਸਥਾਨਾਂ ’ਤੇ ਪਹੁੰਚਾਏ ਜਾਣ।

7. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲੋੜ ਅਨੁਸਾਰ ਹੀ ਕੀਤੀ ਜਾਵੇ।

ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਆਮ ਜਨਤਾ ਵਿਚ ਜਾਗਰੂਕਤਾ ਦੀ ਵੱਡੀ ਘਾਟ ਹੈ, ਕਿਉਂਕਿ ਅਜਿਹੇ ਅਹਿਮ ਹੁਕਮਨਾਮਿਆਂ ਦੀ ਪੈਰਵੀ ਅਤੇ ਪ੍ਰਸਾਰ ਲਈ ਸਾਡੇ ਕੋਲ ਪੁਖਤਾ ਵਿਧੀ-ਵਿਵਸਥਾ ਨਾ ਹੋਣ ਕਾਰਨ ਪੰਥਕ ਵਿਰਾਸਤ ਨਸ਼ਟ ਹੋਣ ਦੀ ਪ੍ਰਕਿਰਿਆ ਨੂੰ ਰੋਕਣ ਦਾ ਕਾਰਜ ਬੇਹੱਦ ਮੁਸ਼ਕਲਾਂ ਭਰਿਆ ਬਣਿਆ ਹੋਇਆ ਹੈ।

-6-

ਪੁਰਾਤਨ ਹੱਥ-ਲਿਖਤਾਂ, ਖਰੜਿਆਂ, ਇਤਿਹਾਸਿਕ ਸਮਗਰੀ ਜਾਂ ਦਸਤਾਵੇਜ਼ਾਂ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਬਾਕਾਇਦਾ ਰਿਕਾਰਡ ਲਈ ਸਿੱਖ ਆਰਕਾਈਵਜ਼ ਸਥਾਪਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਆਰਕਾਈਵਜ਼ ਵਿਚ ਉਹ ਸਾਰੀਆਂ ਵਸਤੂਆਂ ਸ਼ਾਮਿਲ ਹੁੰਦੀਆਂ ਹਨ ਜੋ ਇਤਿਹਾਸਿਕ ਮਹੱਤਤਾ ਰਖਦੀਆਂ ਹੋਣ ਅਤੇ ਵਿਰਾਸਤ ਦੇ ਤੌਰ ’ਤੇ ਸੰਭਾਲੀਆਂ ਜਾਣ ਵਾਲੀਆਂ ਹੋਣ। ਇਨ੍ਹਾਂ ਵਸਤਾਂ ਵਿਚ ਇਤਿਹਾਸਿਕ ਮਹੱਤਤਾ ਵਾਲੀਆਂ ਹੱਥ-ਲਿਖਤਾਂ, ਦਸਤਾਵੇਜ਼, ਇਤਿਹਾਸਿਕ ਮਹੱਤਤਾ ਰੱਖਣ ਵਾਲੇ ਵਿਅਕਤੀ ਵਿਸ਼ੇਸ਼ ਨਾਲ ਜੁੜੀਆਂ ਵਸਤੂਆਂ ਜਿਵੇਂ- ਲਿਬਾਸ, ਸ਼ਸਤਰ ਆਦਿ। ਇਨ੍ਹਾਂ ਵਿੱਚੋਂ ਜੋ ਵਸਤੂਆਂ ਆਮ ਲੋਕਾਂ ਦੇ ਵੇਖਣ ਲਈ ਰੱਖੀਆਂ ਜਾ ਸਕਦੀਆਂ ਹੋਣ, ਉਨ੍ਹਾਂ ਨੂੰ ਪ੍ਰਦਰਸ਼ਨੀ ਹਾਲ ਵਿਚ ਰੱਖਿਆ ਜਾਂਦਾ ਹੈ ਅਤੇ ਜੋ ਲਿਖਤਾਂ ਜਾਂ ਵਸਤੂਆਂ ਪ੍ਰਦਰਸ਼ਿਤ ਨਾ ਕੀਤੀਆਂ ਜਾ ਸਕਣ, ਉਨ੍ਹਾਂ ਨੂੰ ਨਵੀਨਤਮ (ੁਪਦੳਟੲਦ) ਤਰੀਕਿਆਂ ਨਾਲ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ਮੰਤਵ ਲਈ ਬਣੇ ਉਸ ਸੰਗ੍ਰਹਿ-ਘਰ ਜਾਂ ਪੁਰਾਲੇਖ ਭਵਨ ਨੂੰ ਆਰਕਾਈਵਜ਼ ਕਿਹਾ ਜਾਂਦਾ ਹੈ, ਜਿਸ ਵਿਚ ਲਿਖਤੀ ਦਸਤਾਵੇਜ਼ਾਂ ਤੋਂ ਇਲਾਵਾ ਫੋਟੋਆਂ, ਨਕਸ਼ੇ, ਡਿਜੀਟਲ ਫਾਈਲਾਂ ਅਤੇ ਰਿਕਾਰਡ ਆਦਿ ਦੀ ਸੰਭਾਲ ਕੀਤੀ ਜਾਂਦੀ ਹੈ। ਆਰਕਾਈਵ ਵਿਚਲੀ ਸਮਗਰੀ ਅਤੇ ਦਸਤਾਵੇਜ਼, ਇਤਿਹਾਸਿਕ ਮਹੱਤਤਾ ਵਾਲੇ ਉਪਯੋਗੀ ਮੁਢਲੇ ਸਰੋਤ (ਪਰਮਿੳਰੇ ਸੋੁਰਚੲਸ) ਹੁੰਦੇ ਹਨ, ਜਿਨ੍ਹਾਂ ਦੀ ਆਮ ਤੌਰ ’ਤੇ ਰੁਟੀਨ ਵਰਤੋਂ ਦੀ ਇਜਾਜ਼ਤ ਨਹੀਂ ਹੁੰਦੀ। ਇਨ੍ਹਾਂ ਨੂੰ ਆਮ ਲਾਇਬ੍ਰੇਰੀ ਪੁਸਤਕਾਂ ਵਾਂਗ ਕਢਵਾਇਆ/ਜਾਰੀ ਨਹੀਂ ਕਰਵਾਇਆ ਜਾ ਸਕਦਾ। ਇਨ੍ਹਾਂ ਨੂੰ ਵਰਤਣ ਦੀ ਪ੍ਰਕਿਰਿਆ ਜਾਂ ਵਿਧੀ-ਵਿਧਾਨ, ਆਮ ਲਾਇਬ੍ਰੇਰੀ ਪੁਸਤਕਾਂ ਨਾਲੋਂ ਸਖਤ ਹੁੰਦਾ ਹੈ। ਕੁਝ ਹਾਲਤਾਂ ਵਿਚ ਮਨਾਹੀ ਵਰਗੀ ਸਥਿਤੀ ਵੀ ਹੋ ਸਕਦੀ ਹੈ।

ਆਰਕਾਈਵ ਦਸਤਾਵੇਜ਼, ਵਿਸ਼ੇਸ਼ ਅਤੇ ਦੁਰਲੱਭ ਹੋਣ ਕਰਕੇ ਇਨ੍ਹਾਂ ਦੀ ਸਾਂਭ-ਸੰਭਾਲ ਦੇ ਤਰੀਕੇ ਆਮ ਦਸਤਾਵੇਜ਼ਾਂ/ਪੁਸਤਕਾਂ ਨੂੰ ਰੱਖਣ ਵਰਗੇ ਨਹੀਂ ਹੁੰਦੇ। ਸਿੱਲ, ਕੀੜੇ, ਸਿਉਂਕ, ਧੂੜ-ਘੱਟੇ, ਚੋਰੀ ਆਦਿ ਤੋਂ ਬਚਾਉ ਲਈ ਵਿਸ਼ੇਸ਼ ਨਵੀਨਤਮ (ੁਪਦੳਟੲਦ) ਵਿਗਿਆਨਕ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਵਿਚ ਸੰਗ੍ਰਹਿ ਕੀਤੇ ਰਿਕਾਰਡ ਦੀ ਸੁਰੱਖਿਆ ਦਾ ਪੂਰਾ ਬੰਦੋਬਸਤ ਕੀਤਾ ਜਾਂਦਾ ਹੈ।

ਪੰਜਾਬ ਅਤੇ ਭਾਰਤ ਵਿਚ ਸਰਕਾਰੀ ਪੱਧਰ ਦੇ ਆਰਕਾਈਵਜ਼ ਤੋਂ ਇਲਾਵਾ ਕੁਝ ਪ੍ਰਾਈਵੇਟ ਅਖ਼ਬਾਰਾਂ, ਚੈਨਲਾਂ ਆਦਿ ਵੱਲੋਂ ਵੀ ਕੁਝ ਜਤਨ ਹੋਏ ਹਨ। ਸਿੱਖ ਸੰਸਥਾਵਾਂ ਇਸ ਮਾਮਲੇ ਵਿਚ ਕਾਫੀ ਪਿੱਛੇ ਹਨ। ਭਾਵੇਂ ਕੁਝ ਸੱਜਣਾਂ/ਸੰਸਥਾਵਾਂ ਨੇ ਡਿਜੀਟਲ ਰੂਪ ਵਿਚ ਲਾਇਬ੍ਰੇਰੀਆਂ ਸਥਾਪਿਤ ਕਰਕੇ ਇਸ ਦਿਸ਼ਾ ਵਿਚ ਮੁਢਲੇ ਕਦਮ ਜ਼ਰੂਰ ਚੁੱਕੇ ਹਨ, ਪਰ ਪੰਥਕ ਪੱਧਰ ਉੱਤੇ ਵੱਡੀਆਂ ਸੰਸਥਾਵਾਂ ਵਲੋਂ ਇਸ ਦਿਸ਼ਾ ਵਿਚ ਵੱਡੇ ਕਦਮ ਉਠਾਏ ਜਾਣ ਦੀ ਬੇਹੱਦ ਜ਼ਰੂਰਤ ਬਣੀ ਹੋਈ ਹੈ।

ਬੀਤੇ ਕੱਲ੍ਹ ਤੋਂ ਸਿੱਖਿਆ ਲੈ ਕੇ ਆਪਣੇ ਅੱਜ ਨੂੰ ਸਵਾਰਨਾ ਅਤੇ ਆਪਣੇ ਅੱਜ ਨੂੰ ਸਵਾਰ ਕੇ ਆਉਣ ਵਾਲੇ ਕੱਲ੍ਹ ਨੂੰ ਸਵਾਰਨ ਤੇ ਸੰਭਾਲਣ ਦੀ ਪ੍ਰਕਿਰਿਆ, ਦੂਰਦਰਸ਼ੀ ਸੂਝ ਦਾ ਲਖਾਇਕ ਹੁੰਦੀ ਹੈ। ਸਿੱਖ ਆਰਕਾਈਵਜ਼ ਆਪਣੇ ਵਿਰਸੇ ਦੀ ਸੰਭਾਲ ਦੇ ਨਾਲ, ਬੀਤੇ ਕੱਲ੍ਹ ਨੂੰ ਅਜੋਕੇ ਸੰਦਰਭ ਵਿਚ ਸਮਝਣ ਦਾ ਜਤਨ ਹੋਵੇਗਾ। ਅਮਲ ਅਭਿਆਸ ਦੀ ਦ੍ਰਿਸ਼ਟੀ ਤੋਂ ਇਹ ਆਰਕਾਈਵਜ਼ ਸਿੱਖ ਪੰਥ ਦੇ ਅੰਦਰ ਆਂਤਰਿਕ-ਧਰਮੀ (ੀਨਟਰੳ-੍ਰੲਲਗਿੋਿੁਸ) ਅਤੇ ਗੈਰ-ਸਿੱਖਾਂ ਨਾਲ ਅੰਤਰ-ਧਰਮੀ (ੀਨਟੲਰ-੍ਰੲਲਗਿੋਿੁਸ) ਸਾਂਝ-ਸੰਵਾਦ ਰਚਾਉਣ/ਵਧਾਉਣ ਦਾ ਜ਼ਰੀਆ ਬਣੇਗਾ। ਦੂਜਿਆਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਦੇ ਸਿਲਸਿਲੇ ਵਿਚ ਸਿੱਖ ਵਿਰਸੇ ਦੀ ਸੰਭਾਲ ਦਾ ਇਹ ਨਿਵੇਕਲਾ ਉਪਰਾਲਾ ਨਵੀਂ ਪੀੜ੍ਹੀ ਲਈ ਮਾਰਗ-ਦਰਸ਼ਨ ਦਾ ਕੰਮ ਕਰੇਗਾ। ਆਪਣੇ ਗੌਰਵਮਈ ਵਿਰਸੇ ਨੂੰ ਆਪਣੀਆਂ ਨਵੀਆਂ ਨਸਲਾਂ ਤਕ ਲਿਜਾਣ ਲਈ ਪੁਰਾਤਨ ਹੱਥ-ਲਿਖਤਾਂ ਅਤੇ ਹੋਰ ਵਿਰਾਸਤੀ ਸਮਗਰੀ ਦੀ ਸੰਭਾਲ ਬੇਹੱਦ ਜ਼ਰੂਰੀ ਹੈ, ਕਿਉਂਕਿ ਵਿਰਸਾ ਹੀ ਆਉਣ ਵਾਲੀਆਂ ਪੀੜ੍ਹੀਆਂ ਦੀ ਅਗਵਾਈ ਕਰਦਾ ਹੈ। ਇਸ ਲਈ ਸਿੱਖ ਆਰਕਾਈਵਜ਼ ਰਾਹੀਂ ਸਿੱਖ ਵਿਰਸੇ ਨੂੰ ਖਾਸ ਕਰ ਪਰਵਾਸੀ ਵਿਰਸੇ ਸਮੇਤ ਨਜ਼ਰਅੰਦਾਜ਼ ਹੋ ਰਹੇ ਵਿਰਾਸਤੀ ਖ਼ਜ਼ਾਨੇ ਨੂੰ ਪਹਿਲ ਦੇ ਆਧਾਰ ਉੱਪਰ ਸੰਭਾਲਿਆ ਜਾਣਾ ਲੋੜੀਂਦਾ ਹੈ।

ਸਿੱਖ ਆਰਕਾਈਵਜ਼ ਵਿਚ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਜਾਂ ਸਮਗਰੀ ਦੁਆਰਾ ਜਨ-ਸਧਾਰਨ ਅਤੇ ਨਵੀਂ ਪੀੜ੍ਹੀ ਤਕ ਸਿੱਖ ਵਿਰਾਸਤ, ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਦਾ ਸੰਚਾਰ ਪ੍ਰਸਾਰ ਹੋਵੇਗਾ। ਸਿੱਖ ਆਰਕਾਈਵਜ਼ ਵਿਚ ਆਪਣੀ ਵਿਰਾਸਤ ਨਾਲ ਸੰਬੰਧਿਤ ਬਹੁਮੁਲੀਆਂ ਦੁਰਲਭ ਲਿਖਤਾਂ, ਇਤਿਹਾਸਿਕ ਵਸਤੂਆਂ ਅਤੇ ਦਸਤਾਵੇਜ਼ ਸੰਭਾਲ ਕੇ ਰੱਖੇ ਜਾ ਸਕਣਗੇ। ਇਸ ਪ੍ਰਾਜੈਕਟ ਰਾਹੀਂ ਅਸੀਂ ਆਪਣੇ ਇਤਿਹਾਸਿਕ ਧਰੋਹਰ ਨੂੰ ਨਸ਼ਟ ਹੋਣ ਅਤੇ ਇਸ ਦੇ ਮੂਲ ਸਰੂਪ ਨੂੰ ਵਿਗਾੜਾਂ ਤੋਂ ਬਚਾ ਕੇ ਸੁਰੱਖਿਅਤ ਰੱਖ ਸਕਾਂਗੇ।

-7-

ਸੰਸਾਰ ਵਿਚ ਗਿਆਨ-ਪ੍ਰਬੰਧ ਦਾ ਆਦਾਨ-ਪ੍ਰਦਾਨ, ਪੀੜ੍ਹੀ ਦਰ ਪੀੜ੍ਹੀ, ਮੌਖਿਕ ਅਤੇ ਲਿਖਤ ਰੂਪ ਵਿਚ ਹੁੰਦਾ ਆਇਆ ਹੈ। ਹੁਣ ਜੁਗ ਬਦਲ ਗਿਆ ਹੈ। ਦਸਤਾਵੇਜ਼ਾਂ/ਲਿਖਤਾਂ ਨੂੰ ਠੋਸ (ਕਾਗਜ਼ੀ, ਲਿਖਤੀ ਜਾਂ ਪ੍ਰਕਾਸ਼ਿਤ ਪੁਸਤਕਾਂ ਦੇ) ਰੂਪ ਵਿਚ ਰਵਾਇਤੀ ਲਾਇਬ੍ਰੇਰੀਆਂ ਅਤੇ ਸਥੂਲ ਆਰਕਾਈਵਜ਼ (ਫਹੇਸਚਿੳਲ ਅਰਚਹਵਿੲਸ) ਰਾਹੀਂ ਸੰਭਾਲਣ ਅਤੇ ਸੁਰੱਖਿਅਤ ਰੱਖਣ ਦੇ ਤਰੀਕੇ ਦੇ ਨਾਲ ਨਾਲ ਹੁਣ ਡਿਜ਼ੀਟਲ ਤਕਨੀਕ ਨਾਲ ਸੰਭਾਲਣ ਦੇ ਨਵੀਨਤਮ ਤਰੀਕੇ ਇਜਾਦ ਹੋ ਚੁੱਕੇ ਹਨ। ਇਸ ਤਰੀਕੇ ਨਾਲ ਦਸਤਾਵੇਜ਼ਾਂ, ਲਿਖਤਾਂ ਜਾਂ ਤਸਵੀਰਾਂ ਆਦਿ ਸਮੱਗਰੀ ਨੂੰ ਸਕੈਨ/ਫੋਟੋ ਕਰਕੇ ਡਿਜ਼ੀਟਲ ਰੂਪ ਵਿਚ ਸੰਭਾਲਿਆ ਜਾਂਦਾ ਹੈ ਅਤੇ ਵਰਤੋਂ ਲਈ ਆਨਲਾਈਨ ਸੁਵਿਧਾਵਾਂ ਰਾਹੀਂ ਮੁਹੱਈਆ ਕਰਵਾਇਆ ਜਾਂਦਾ ਹੈ। ਸੰਸਾਰ ਭਰ ਵਿਚ ਇਹ ਤਕਨੀਕ ਇੰਨੀ ਪ੍ਰਚਲਿਤ ਹੋ ਚੁੱਕੀ ਹੈ ਕਿ ਨਵੀਂ ਪੀੜ੍ਹੀ ਨੂੰ ਸਥੂਲ ਸਮਗਰੀ (ਹੳਰਦ ਚੋਪਇਸ) ਦੇ ਰੂਪ ਵਿਚ ਰਵਾਇਤੀ ਲਾਇਬ੍ਰੇਰੀਆਂ ਦੀ ਵਰਤੋਂ/ਲੋੜ ਬਹੁਤ ਘੱਟ ਮਹਿਸੂਸ ਹੋਣ ਲਗੀ ਹੈ।

ਸਿੱਖੀ/ਗੁਰਮਤਿ ਨਾਲ ਸੰਬੰਧਿਤ ਪੁਸਤਕਾਂ, ਲਿਖਤਾਂ, ਦਸਤਾਵੇਜ਼ਾਂ ਦੀ ਡਿਜ਼ੀਟਲ ਸਾਂਭ-ਸੰਭਾਲ ਦਾ ਵਰਤਾਰਾ ਹੌਲੀ-ਹੌਲੀ ਸ਼ੁਰੂ ਹੋ ਰਿਹਾ ਹੈ। ਬਹੁਤ ਸਾਰੇ ਨਿਜੀ ਆਨਲਾਈਨ ਯਤਨ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ। ਸਿੱਖ ਡਿਜੀਟਲ ਲਾਇਬ੍ਰੇਰੀ, ਪੰਜਾਬ ਡਿਜੀਟਲ ਲਾਇਬ੍ਰੇਰੀ, ਸਿੱਖ ਬੁਕ ਕਲੱਬ, ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਸਮੇਤ ਅਨੇਕ ਡਿਜੀਟਲ ਪਲੇਟਫਾਰਮ ਅਤੇ ਸਾਈਟਾਂ ਉਤੇ ਉਪਲਬਧ ਕਰਵਾਈ ਜਾ ਰਹੀ ਸਮਗਰੀ ਨੂੰ ਨਵੇਂ-ਪੁਰਾਣੇ ਸਿੱਖ ਖੋਜਾਰਥੀਆਂ, ਉਪਦੇਸ਼ਕਾਂ, ਪ੍ਰਵਚਨਕਾਰਾਂ, ਵਿਆਖਿਆਕਾਰਾਂ, ਪ੍ਰੇਰਨਾਤਮਕ ਬੁਲਾਰਿਆਂ (ਮੋਟਵਿੳਟੋਿਨੳਲ ਸਪੲੳਕੲਰਸ) ਅਤੇ ਅਧਿਆਪਕਾਂ ਵੱਲੋਂ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ।

ਪੁਰਾਤਨ ਲਿਖਤਾਂ ਅਤੇ ਦਸਤਾਵੇਜ਼ਾਂ ਨੂੰ ਡਿਜ਼ੀਟਲ ਰੂਪ ਵਿਚ ਸਕੈਨ/ਫੋਟੋ ਕਰ ਕੇ ਸੰਭਾਲਣ ਦਾ ਵਰਤਾਰਾ ਨਿੱਜੀ ਜਤਨਾਂ ਵਜੋਂ ਕਾਫੀ ਨਜ਼ਰ ਆ ਰਿਹਾ ਹੈ। ਬਹੁਤ ਸਾਰੇ ਸੱਜਣ (ਨਿੱਜੀ ਜਤਨਾਂ ਵਜੋਂ) ਅਤੇ ਕੁਝ ਕੁ ਸੰਸਥਾਵਾਂ, ਇਸ ਪਾਸੇ ਆਪਣੀ ਸਮਝ-ਸਮਰਥਾ ਅਨੁਸਾਰ ਲੱਗੇ ਹੋਏ ਹਨ। … ਇਸ ਰੁਝਾਨ/ਪ੍ਰਕਿਰਿਆ ਨੂੰ ਹੋਰ ਅਗੇ ਵਧਾਉਂਦਿਆਂ ਪੁਰਾਤਨ ਹੱਥ-ਲਿਖਤਾਂ ਅਤੇ ਦੁਰਲਭ ਪੁਸਤਕਾਂ ਨੂੰ ਸਥੂਲ (ਹੳਰਦ) ਰੂਪ ਵਿਚ ਜਿਲਦਬੰਦੀ (ਬਨਿਦ) ਕਰਵਾ ਕੇ ਲਾਇਬ੍ਰੇਰੀਆਂ/ਆਰਕਾਈਵਜ਼ ਵਿਖੇ ਸੰਭਾਲਣ/ਸੁਰੱਖਿਅਤ ਰੱਖਣ ਦੇ ਰੁਝਾਨ ਨੂੰ ਵੀ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਲਿਖਤਾਂ ਦੇ ਪ੍ਰਤਿਰੂਪ, ਪ੍ਰਤਿਲਿਪੀ (ਰੲਪਲਚਿੳ) ਰੂਪ ਵਿਚ ਤਿਆਰ ਕਰਵਾ ਕੇ ਵੱਖ-ਵੱਖ ਲਾਇਬ੍ਰੇਰੀਆਂ/ਆਰਕਾਈਵਜ਼ ਵਿਖੇ ਵੱਖਰੇ ਸੈਕਸ਼ਨ ਬਣਾ ਕੇ ਸੰਭਾਲੇ ਜਾਣੇ ਚਾਹੀਦੇ ਹਨ। ਪਹਿਲੇ/ਪੁਰਾਤਨ ਰੂਪ ਵਿਚ ਹੂਬਹੂ ਛਪਵਾਇਆ (ਪਰਨਿਟ) ਵੀ ਜਾ ਸਕਦਾ ਹੈ। ਮੌਜੂਦਾ ਸਮੇਂ ਇਹ ਰੁਝਾਨ ਵਿਕੋਲਿਤਰੇ ਰੂਪ ਵਿਚ ਵੇਖਣ ਵਿਚ ਆ ਵੀ ਰਿਹਾ ਹੈ। ਪਰ ਪੰਥ ਦੀਆਂ ਜ਼ਿਮੇਵਾਰ ਧਿਰਾਂ ਨੂੰ ਇਸ ਬਾਰੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਸਾਰ ਵਿਚਾਰ ਵਜੋਂ ਇਹ ਤਹੱਈਆ ਸ਼ਿੱਦਤ ਨਾਲ ਕਰਨਾ ਬਣਦਾ ਹੈ ਕਿ ਅਸੀਂ ਸਾਰੇ ਗੁਰਮੁਖੀ ਹੱਥ-ਲਿਖਤਾਂ ਸਮੇਤ ਸਿੱਖੀ ਦੇ ਵਿਰਾਸਤੀ ਖ਼ਜ਼ਾਨੇ ਨੂੰ ਸੰਭਾਲਣ ਪ੍ਰਤੀ ਜਾਗਰੂਕ ਹੋਈਏ! ਪੰਥਕ ਪੱਧਰ ਉਤੇ ਜ਼ਿੰਮੇਵਾਰ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਹਲੂਣਾ ਦੇ ਕੇ ਜਗਾਉਣ ਲਈ ਹੰਭਲਾ ਮਾਰੀਏ! ਆਪਣੇ ਅਨਮੋਲ ਪੰਥਕ ਖ਼ਜ਼ਾਨੇ ਦਾ ਬਚਾਅ, ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਵਿਹਾਰਕ ਅਮਲ-ਅਭਿਆਸ ਵਾਸਤੇ ਸਾਰਥਕ ਅਤੇ ਕਾਰਗਰ ਉਪਰਾਲੇ ਕਰੀਏ! ਰਵਾਇਤੀ ਲਾਇਬਰੇਰੀਆਂ ਅਤੇ ਸਥੂਲ ਆਰਕਾਈਵਜ਼ (ਫਹੇਸਚਿੳਲ ਅਰਚਹਵਿੲਸ) ਦੇ ਨਾਲ ਨਾਲ ਡਿਜੀਟਲ ਲਾਇਬ੍ਰੇਰੀਆਂ ਅਤੇ ਡਿਜੀਟਲ ਆਰਕਾਈਵਜ਼ ਸਮੇਤ ਹਰ ਤਰ੍ਹਾਂ ਦੇ ਲੋੜੀਂਦੇ ਕਾਰਜ, ਬਿਨਾਂ ਦੇਰੀ ਸ਼ੁਰੂ ਕਰਨੇ ਗੁਰੂ-ਪੰਥ ਅਤੇ ਭਵਿੱਖੀ ਪੀੜ੍ਹੀਆਂ ਪ੍ਰਤੀ ਸਾਡੀ ਪੀੜ੍ਹੀ ਦਾ ਨੈਤਿਕ ਫਰਜ਼ ਹੈ। ਹੁਣ ਤਕ ਨਸ਼ਟ ਹੋ ਚੁਕੇ ਵਿਰਾਸਤੀ ਖ਼ਜ਼ਾਨੇ ਪ੍ਰਤੀ ਸਾਡੀਆਂ ਅਣਗਹਿਲੀਆਂ ਅਤੇ ਗੈਰਜ਼ਿੰਮੇਵਾਰਾਨਾ ਵਤੀਰਿਆਂ ਦੀ ਖਿਮਾ-ਜਾਚਨਾ, ਅਜਿਹੇ ਵਿਹਾਰਕ ਕਾਰਜਾਂ ਨੂੰ ਸ਼ੁਰੂ ਅਤੇ ਸਾਕਾਰ ਕਰਕੇ ਹੀ ਸੰਭਵ ਹੋ ਸਕੇਗੀ! ਵਾਹਿਗੁਰੂ ਇਹ ਕਾਰਜ ਕਰਨ-ਕਰਵਾਉਣ ਲਈ ਸਾਨੂੰ ਸਭ ਨੂੰ ਸੁਮੱਤ, ਸਮਰਥਾ ਅਤੇ ਸੋਝੀ ਬਖਸ਼ੇ!

ਪੁਸਤਕ ਸੂਚੀ:

1. ਡਾ. ਰਾਜਿੰਦਰ ਸਿੰਘ ਲਾਂਬਾ (ਮੁੱਖ ਸੰਪਾਦਕ), ਖੋਜ ਪਤ੍ਰਿਕਾ, “ਹੱਥ-ਲਿਖਤ ਸੰਪਾਦਨ ਕਲਾ” ਵਿਸ਼ੇਸ਼ ਅੰਕ, ਅੰਕ 39 ਮਾਰਚ 1994, ਪੰਜਾਬੀ ਯੂਨੀਵਰਸਿਟੀ, ਪਟਿਆਲਾ.
2. ਪ੍ਰੋ. ਪ੍ਰੀਤਮ ਸਿੰਘ, ਪੰਜਾਬ ਪੰਜਾਬੀ ਪੰਜਾਬੀਅਤ, ਸਿੰਘ ਬ੍ਰਦਰਜ਼, ਦੂਸਰੀ ਵਾਰ, 2017.
3. ਡਾ. ਦੇਵਿੰਦਰ ਸਿੰਘ ਵਿਦਿਆਰਥੀ, ਪੰਜਾਬੀ ਵਿਚ ਖੋਜ: ਸੰਭਾਵਨਾ ਤੇ ਸੇਧ, ਡਾ. ਗੁਰਮੁਖ ਸਿੰਘ (ਸੰਪਾਦਕ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1979.

ਹਵਾਲੇ:

1. ਮੁੱਖ ਸੰਪਾਦਕ: ਰਾਜਿੰਦਰ ਸਿੰਘ ਲਾਂਬਾ, ਖੋਜ ਪਤ੍ਰਿਕਾ, ਵਿਸ਼ੇਸ਼ ਅੰਕ 39, ਮਾਰਚ 1994, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 3.
2. ਪ੍ਰੋ. ਪ੍ਰੀਤਮ ਸਿੰਘ, ਪੰਜਾਬ ਪੰਜਾਬੀ ਪੰਜਾਬੀਅਤ, ਪ੍ਰਕਾਸ਼ਕ ਸਿੰਘ ਬ੍ਰਦਰਜ਼, ਦੂਸਰੀ ਵਾਰ 2017, ਪੰਨਾ 229.
3. ਮੁੱਖ ਸੰਪਾਦਕ ਰਾਜਿੰਦਰ ਸਿੰਘ ਲਾਂਬਾ, ਖੋਜ ਪਤ੍ਰਿਕਾ, ਵਿਸ਼ੇਸ਼ ਅੰਕ 39, ਮਾਰਚ 1994, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 8.
4. ਡਾ. ਦੇਵਿੰਦਰ ਸਿੰਘ ਵਿਦਿਆਰਥੀ, ਸੰਪਾਦਕ ਡਾ. ਗੁਰਮੁਖ ਸਿੰਘ, ਪੰਜਾਬੀ ਵਿਚ ਖੋਜ: ਸੰਭਾਵਨਾ ਤੇ ਸੇਧ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1979, ਪੰਨਾ 61-62.
5. ਉਹੀ, ਪੰਨਾ 150-51.
6. ਉਹੀ, ਪੰਨਾ 165.

* ਡਾਇਰੈਕਟਰ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ)-147021; ਮੋ. 8727077725

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,