ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਦਾਖਲ ਹੋਈਆਂ ਕੁੱਲ 1941 ਨਾਮਜ਼ਦਗੀਆਂ ਦੀ ਵੀਰਵਾਰ ਨੂੰ ਕੀਤੀ ਗਈ ਪੜਤਾਲ ਦੌਰਾਨ 695 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ, ਜਦੋਂਕਿ 1243 ਸਹੀ ਪਾਈਆਂ ਗਈਆਂ। ਇਸ ਦੌਰਾਨ ਤਿੰਨ ਕੇਸਾਂ ਨੂੰ ਹਾਲੇ ਵਿਚਾਰਨ ਲਈ ਰਾਖਵਾਂ ਰੱਖਿਆ ਗਿਆ ਹੈ।
ਮੁੱਖ ਚੋਣ ਅਫਸਰ ਦੇ ਬੁਲਾਰੇ ਨੇ ਦੱਸਿਆ ਕਿ 18 ਜਨਵਰੀ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਜਦੋਂ ਕਿ ਵੀਰਵਾਰ ਦਾ ਦਿਨ ਕਾਗਜ਼ਾਂ ਦੀ ਪੜਤਾਲ ਲਈ ਸੀ। ਇਸੇ ਤਰ੍ਹਾਂ 21 ਜਨਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਦਾਖਲ ਹੋਈਆਂ ਕੁੱਲ 15 ਨਾਮਜ਼ਦਗੀਆਂ ਵਿੱਚੋਂ 10 ਸਹੀ ਪਾਈਆਂ ਗਈਆਂ ਤੇ ਪੰਜ ਰੱਦ ਹੋ ਗਈਆਂ। ਪੰਜਾਬ ਵਿਧਾਨ ਸਭਾ ਤੇ ਅੰਮ੍ਰਿਤਸਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ 4 ਫਰਵਰੀ ਨੂੰ ਪੈਣਗੀਆਂ।

ਬੁਲਾਰੇ ਨੇ ਜ਼ਿਲ੍ਹਾਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਦਾਖਲ ਕੁੱਲ 58 ਨਾਮਜ਼ਦਗੀਆਂ ਵਿੱਚੋਂ 46 ਸਹੀ ਪਾਈਆਂ ਗਈਆਂ। ਗੁਰਦਾਸਪੁਰ ਵਿੱਚ 106 ਵਿੱਚੋਂ 73, ਅੰਮ੍ਰਿਤਸਰ ਵਿੱਚ 196 ਵਿੱਚੋਂ 121, ਤਰਨ ਤਾਰਨ ਵਿੱਚ 55 ਵਿੱਚੋਂ 34, ਕਪੂਰਥਲਾ ਵਿੱਚ 76 ਵਿੱਚੋਂ 37, ਜਲੰਧਰ ਵਿੱਚ 146 ਵਿੱਚੋਂ 91, ਹੁਸ਼ਿਆਰਪੁਰ ਵਿੱਚ 119 ਵਿੱਚੋਂ 79 ਤੇ ਇਕ ਪੈਂਡਿੰਗ, ਨਵਾਂਸ਼ਹਿਰ ਵਿੱਚ 45 ਵਿੱਚੋਂ 31, ਰੂਪਨਗਰ ਵਿੱਚ 41 ਵਿੱਚੋਂ 27, ਮੁਹਾਲੀ ਵਿੱਚ 69 ਵਿੱਚੋਂ 37, ਫਤਿਹਗੜ੍ਹ ਸਾਹਿਬ ਵਿੱਚ 37 ਵਿੱਚੋਂ 27, ਲੁਧਿਆਣਾ ਵਿੱਚ 222 ਵਿੱਚੋਂ 138, ਮੋਗਾ ਵਿੱਚ 61 ਵਿੱਚੋਂ 49, ਫਿਰੋਜ਼ਪੁਰ ਵਿੱਚ 70 ਵਿੱਚੋਂ 51, ਫਾਜ਼ਿਲਕਾ ਵਿੱਚ 66 ਵਿੱਚੋਂ 48, ਮੁਕਤਸਰ ਵਿੱਚ 68 ਵਿੱਚੋਂ 31, ਫਰੀਦਕੋਟ ਵਿੱਚ 41 ਵਿੱਚੋਂ 28, ਬਠਿੰਡਾ ਵਿੱਚ 110 ਵਿੱਚੋਂ 63, ਮਾਨਸਾ ਵਿੱਚ 48 ਵਿੱਚੋਂ 32 ਤੇ ਦੋ ਪੈਂਡਿੰਗ, ਸੰਗਰੂਰ ਵਿੱਚ 115 ਵਿੱਚੋਂ 71, ਬਰਨਾਲਾ ਵਿੱਚ 44 ਵਿੱਚੋਂ 31 ਅਤੇ ਪਟਿਆਲਾ ਵਿੱਚ ਕੁੱਲ 148 ਨਾਮਜ਼ਦਗੀਆਂ ਵਿੱਚੋਂ 98 ਸਹੀ ਪਾਈਆਂ ਗਈਆਂ।
ਪੰਜਾਬ ਚੋਣਾਂ ਵਿਚ ਇਸ ਵਾਰ ਨਾਮਜ਼ਦਗੀਆਂ ਰੱਦ ਹੋਣ ਦਾ ਨਵਾਂ ਰਿਕਾਰਡ ਬਣਿਆ ਹੈ। ਪੰਜਾਬੀ ਸੂਬਾ ਬਣਨ ਮਗਰੋਂ ਪਹਿਲੀ ਦਫ਼ਾ ਇੰਨੀ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਚੋਣ ਕਮਿਸ਼ਨ ਅਨੁਸਾਰ 1941 ਨਾਮਜ਼ਦਗੀਆਂ ’ਚੋਂ 695 ਪੱਤਰ ਰੱਦ ਹੋ ਗਏ, ਜੋ 35.80 ਫੀਸਦੀ ਬਣਦੇ ਹਨ। ਸਾਲ 1997 ਤੋਂ ਪਹਿਲਾਂ ਕਦੇ ਵੀ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਦਰ ਤਿੰਨ ਫੀਸਦੀ ਤੱਕ ਵੀ ਨਹੀਂ ਪੁੱਜੀ ਸੀ। ਸਾਲ 2012 ਵਿਚ 464 ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ ਜੋ 26.80 ਫੀਸਦੀ ਬਣਦੇ ਹਨ। ਸਾਲ 2007 ਵਿਚ 27.03 ਫੀਸਦੀ, 2002 ਵਿਚ 24.88 ਫੀਸਦੀ ਤੇ 1997 ਵਿਚ 23.84 ਫੀਸਦੀ ਕਾਗ਼ਜ਼ ਰੱਦ ਹੋਏ ਸਨ। ਪੰਜਾਬੀ ਸੂਬਾ ਬਣਨ ਮਗਰੋਂ ਸਾਲ 1967 ਦੀ ਪਹਿਲੀ ਚੋਣ ਵਿਚ 2.41 ਫੀਸਦੀ ਕਾਗ਼ਜ਼ ਰੱਦ ਹੋਏ ਸਨ, ਜਦੋਂ ਕਿ 1969 ਦੀਆਂ ਚੋਣਾਂ ਵਿਚ 1.59 ਫੀਸਦੀ ਕਾਗ਼ਜ਼ ਰੱਦ ਹੋਏ ਸਨ।