ਚੰਡੀਗੜ੍ਹ – ਭਲਕੇ ਲੌਂਗੋਵਾਲ ਦੇ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਹੋਣ ਜਾ ਰਹੇ ‘ਜਫਰਨਾਮਾ’ ਨਾਟਕ ਬਾਰੇ ਪਤਾ ਚੱਲਦਿਆਂ ਇਲਾਕੇ ਦੇ ਸਿੱਖ ਜਥਿਆਂ ਨੇ ਪ੍ਰਬੰਧਕਾਂ ਨੂੰ ਸਿੱਖ ਸਿਧਾਤਾਂ ਤੋਂ ਜਾਣੂ ਕਰਵਾਉਂਦਿਆਂ ਇਤਿਹਾਸ ਦੀ ਨਾਟਕੀ ਪੇਸ਼ਕਾਰੀ ਰੋਕਣ ਲਈ ਕਿਹਾ। ਵੱਖ ਵੱਖ ਜਥਿਆਂ ਜਿੰਨ੍ਹਾਂ ਵਿੱਚ ਸਿੱਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ ਜਥਾ, ਸਿੱਖ ਜਥਾ ਝੰਡੂਕੇ, ਸਿੱਖ ਸੰਗਤ ਪਿੰਡ ਕੋਟ ਫੱਤਾ, ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਦੇ ਸਾਂਝੇ ਉੱਦਮ ਸਦਕਾ ਪ੍ਰਬੰਧਕਾਂ ਵੱਲੋਂ ਭਲਕੇ ਹੋਣ ਵਾਲਾ ਨਾਟਕ ਰੱਦ ਕਰ ਦਿੱਤਾ ਗਿਆ ਹੈ।
ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਕਲਚਰਲ ਕਲੱਬ ਲੋਂਗੋਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੋ ਪ੍ਰੋਗਰਾਮ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਦਵਾਰਾ ਸਾਹਿਬ ਲੋਂਗੋਵਾਲ ਵਿਖੇ ਮਿਤੀ 29/12/2024 ਦੀ ਸ਼ਾਮ ਨੂੰ ਹੋਣਾ ਸੀ ਉਹ ਕੁੱਝ ਕਾਰਨਾਂ ਕਰਕੇ ਕੱਲ੍ਹ ਨੂੰ ਨਹੀਂ ਕੀਤਾ ਜਾ ਰਿਹਾ।
ਜਿਕਰਯੋਗ ਹੈ ਕਿ ‘ਜਫਰਨਾਮਾ’ ਨਾਟਕ ਪੰਜਾਬ ਅਤੇ ਹੋਰ ਅਨੇਕਾਂ ਥਾਵਾਂ ‘ਤੇ ਲਗਾਤਾਰ ਵਿਖਾਇਆ ਜਾ ਰਿਹਾ ਹੈ ਜਿਸ ਵਿਚ ਗੁਰੂ ਸਾਹਿਬ ਦੇ ਨੇੜਲੇ ਮਹਾਨ ਸਿੱਖਾਂ ਦੀਆਂ ਨਕਲਾਂ ਲਾਹੀਆਂ ਗਈਆਂ ਹਨ। ਲੰਘੇ ਸਮੇਂ ਜਦੋਂ ਜੰਮੂ ਵਿਖੇ ਇਹ ਨਾਟਕ ਕੀਤਾ ਗਿਆ ਤਾਂ ਉਥੋਂ ਦੇ ਸੁਹਿਰਦ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਪ੍ਰਬੰਧਕਾਂ ਨੇ ਵਿਰੋਧ ਦੇ ਬਾਵਜੂਦ ਨਾਟਕ ਵਿਖਾਇਆ ਸੀ। ਹੁਣ ਮਾਲਵੇ ਇਲਾਕੇ ਦੇ ਜਥਿਆਂ ਦੀ ਪਹਿਲਕਦਮੀ ਸਦਕਾ ਇਹ ਨਾਟਕ ਨੂੰ ਬੰਦ ਕਰਵਾਇਆ ਗਿਆ ਹੈ।
ਇਹ ਵੀ ਜਿਕਰਯੋਗ ਹੈ ਕਿ ਮਾਲਵੇ ਦੇ ਇਹਨਾਂ ਜਥਿਆਂ ਨੇ ਪਿਛਲੇ ਸਮੇਂ ਪਹਿਲਕਦਮੀ ਕਰਦਿਆਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਨਕਲ ਲਾਹੁੰਦੀਆਂ ਫਿਲਮਾਂ ਨੂੰ ਬੰਦ ਕਰਵਾਉਣ ਵਿਚ ਵੀ ਮੋਹਰੀ ਭੂਮਿਕਾ ਨਿਭਾਈ ਸੀ।