ਚੰਡੀਗੜ੍ਹ (17 ਸਤੰਬਰ, 2014): ਪੰਜਾਬ ਵਿੱਚ ਨਗਰਪਾਲਿਕਾ ਚੋਣਾਂ ਸਬੰਧੀ ਗੱਲ ਕਰਦਿਆਂ ਪੰਜਾਬ ਰਾਜ ਦੇ ਚੋਣ ਕਮਿਸ਼ਨਰ ਐਸ.ਐਸ. ਬਰਾੜ ਨੇ ਕਿਹਾ ਹੈ ਕਿ ਰਾਜ ਵਿਚ ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ, ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਇਸ ਸਾਲ 2 ਦਸੰਬਰ ਤੋਂ ਪਹਿਲਾਂ ਲਾਜ਼ਮੀ ਤੌਰ ‘ਤੇ ਕਰਵਾ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ 6 ਨਗਰ ਨਿਗਮਾਂ, 23 ਨਗਰ ਪ੍ਰੀਸ਼ਦਾਂ, 66 ਨਗਰ ਪਾਲਿਕਾਵਾਂ ਤੇ 33 ਨਗਰ ਪੰਚਾਇਤਾਂ ਹਨ, ਜਿਨ੍ਹਾਂ ਦੀ ਨਵੀਂ ਵਾਰਡਬੰਦੀ ਤੇ ਵੋਟਰ ਸੂਚੀਆਂ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ।
‘ਅਜੀਤ’ ਵਿੱਚ ਛਪੀ ਖਬਰ ਮੁਤਾਬਿਕ ਸ. ਬਰਾੜ ਨੇ ਕਿਹਾ ਕਿ ਅਗਲੇ ਮਹੀਨੇ ਲੋਕਲ ਬਾਡੀਜ਼ ਦੇ ਚੋਣ ਪ੍ਰੋਗਰਾਮ ਦਾ ਵਿਸਥਾਰ ਪੂਰਵਕ ਐਲਾਨ ਕਰ ਦਿੱਤਾ ਜਾਏਗਾ। ਸ. ਬਰਾੜ ਨੇ ਕਿਹਾ ਕਿ ਵੋਟਾਂ ਸਾਰੇ ਪੰਜਾਬ ਵਿਚ ਇਕ ਦਿਨ ਹੀ ਪੈਣਗੀਆਂ।
ਇੱਥੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਲੋਕਲ ਬਾਡੀਜ਼ ਦੀਆਂ ਇਹ ਚੋਣਾਂ ਕਈ ਸਾਲ ਬਾਅਦ ਹੋ ਰਹੀਆਂ ਹਨ, ਜਿਨ੍ਹਾਂ ਵਿਚ ਅਕਾਲੀ ਭਾਜਪਾ ਗਠਜੋੜ ਦੀ ਟੱਕਰ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਹੋਏਗੀ। ਆਮ ਵਿਚਾਰ ਹੈ ਕਿ ਨਗਰ ਨਿਗਮਾਂ ਤੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਪ੍ਰਮੁੱਖ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ ‘ਤੇ ਲੜਨਗੀਆਂ।
ਇਨ੍ਹਾਂ ਨਗਰ ਪੰਚਾਇਤਾਂ ਨੂੰ ਪਹਿਲਾਂ ਨੋਟੀਫਾਈਡ ਏਰੀਆ ਕਮੇਟੀ ਕਿਹਾ ਜਾਂਦਾ ਸੀ ਪਰ ਕਾਨੂੰਨੀ ਤੌਰ ‘ਤੇ ਹੁਣ ਇਨ੍ਹਾਂ ਨੂੰ ਨਗਰ ਪੰਚਾਇਤਾਂ ਦਾ ਨਾਂਅ ਦਿੱਤਾ ਜਾ ਚੁੱਕਾ ਹੈ। ਇਸੇ ਦੌਰਾਨ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਆਈ.ਏ.ਐਸ. ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਜਾਰੀ ਹਨ ਤੇ ਛੇਤੀ ਹੀ ਰਾਜ ਦੇ ਚੋਣ ਕਮਿਸ਼ਨ ਨੂੰ ਲਿਖਤੀ ਰੂਪ ਵਿਚ ਬੇਨਤੀ ਕਰ ਦਿੱਤੀ ਜਾਏਗੀ ਕਿ ਉਹ ਚੋਣ ਪ੍ਰੋਗਰਾਮ ਦਾ ਵਿਸਥਾਰ ਪੂਰਵਕ ਐਲਾਨ ਕਰ ਦੇਣ।