ਆਰ.ਐੱਸ.ਐੱਸ., ਭਾਜਪਾ, ਕਾਂਗਰਸ, ਮਨੁੱਖਤਾ ਦੋਖੀ ਪਾਰਟੀਆਂ; ਲੋਕ ਰਾਏ ਦਾ ਸਤਿਕਾਰ ਕਰਦਿਆਂ ਕਸ਼ਮੀਰ ਅੰਦਰ ਹੋਏ ਰਾਏਸ਼ੁਮਾਰੀ
ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ, ਸਪੋਕਸਮੈਨ ਸਤਵਿੰਦਰ ਸਿੰਘ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਮਿਹਣਾ ਮਾਰਿਆ ਹੈ ਕਿ ਉਹ ਆਪਣੇ ਵਸਨੀਕਾਂ ਉਪਰ ਬੰਬ ਵਰ੍ਹਾ ਰਹੇ ਹਨ ਉਹ ਦੱਸਣ ਕਿ ਕਾਂਗਰਸ, ਆਰ.ਐੱਸ.ਐੱਸ. ਭਾਜਪਾ, ਬਾਦਲਕਿਆਂ ਦੀ ਸਾਂਝੀ ਯੋਜਨਾਬੰਦੀ ਕਾਰਨ ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਜੂਨ 84 ਵਿੱਚ ਹਮਲਾ, ਗੁਜਰਾਤ ਅੰਦਰ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀ ਸੀ?

ਕਸ਼ਮੀਰ ਅੰਦਰ 5 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਅੱਖਾਂ ਤੋਂ ਅੰਨਿਆਂ ਕਰ ਦੇਣਾ ਕਿਹੜੀ ਦੇਸ਼ ਭਗਤੀ ਹੈ? ਉਹਨਾਂ ਕਿਹਾ ਕਿ ਐਟਮ ਬੰਬਾਂ ਦੀਆਂ ਮਾਲਕ ਸਰਕਾਰਾਂ ਬੱਚਿਆਂ ਦੇ ਹੱਥ ਰੋੜਿਆਂ ਉੱਪਰ ਇਤਰਾਜ਼ ਜਤਾ ਰਹੀਆਂ ਹਨ। ਖਾਲੜਾ ਮਿਸ਼ਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਲੋਕਤੰਤਰ ਦੇ ਯੁੱਗ ਵਿੱਚ ਲੋਕ-ਰਾਇ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕਸ਼ਮੀਰ ਵਿਚ ਹੀ ਨਹੀਂ ਪੰਜਾਬ ਵਿਚ ਵੀ ਰਾਏਸ਼ੁਮਾਰੀ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਭਾਰਤ-ਪਾਕਿ ਨੂੰ ਗੱਲਬਾਤ ਰਾਹੀਂ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ। ਖਾਲੜਾ ਮਿਸ਼ਨ ਨੇ ਕਿਹਾ ਕਿ ਆਰ.ਐੱਸ.ਐੱਸ. ਇਕ ਅੱਤਵਾਦੀ ਸੰਗਠਨ ਹੈ ਅਤੇ ਮਾਲੇਗਾਓਂ, ਅਜਮੇਰ ਸ਼ਰੀਫ, ਸਮਝੌਤਾ ਐਕਸਪ੍ਰੈਸ ਵਿੱਚ ਹੋਏ ਬੰਬ ਧਮਾਕਿਆਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਇਸ ਉੱਪਰ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਹਾਈ ਕੋਰਟ ਵੱਲੋਂ 18 ਮੁੱਖ ਪਾਰਲੀਮਾਨੀ ਸਕੱਤਰਾਂ ਨੂੰ ਹਟਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਬਾਦਲ ਭਾਜਪਾ ਸਰਕਾਰ ਲਈ ਵੱਡੀ ਫਿਟਕਾਰ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਐੱਚ.ਸੀ. ਅਰੋੜਾ ਇਸ ਮਾਮਲੇ ਵਿੱਚ ਵਧਾਈ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਗਰੀਬ-ਖੁਦਕਸ਼ੀਆਂ ਕਰ ਰਿਹਾ ਹੈ ਪਰ ਬਾਦਲਕੇ ਐਸ ਕਰ ਰਹੇ ਹਨ। ਪੰਜਾਬ ਅੰਦਰ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਰੋਲਣ ਵਾਲੇ ਕਸ਼ਮੀਰ ਅੰਦਰ ਸਿੱਖਾਂ ਦੀ ਰਾਖੀ ਦੇ ਦਾਅਵੇ ਕਰਕੇ ਸਿੱਖ ਪੰਥ ਨੂੰ ਗੁਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਝੂਠੇ ਮੁਕਾਬਲਿਆਂ ਦੇ ਮਹਾਂ ਦੋਸ਼ੀ ਇਜ਼ਹਾਰ ਆਲਮ ਨੂੰ ਬਾਦਲ ਦਲ ਦਾ ਮੀਤ ਪ੍ਰਧਾਨ ਬਣਾਇਆ ਹੋਵੇ ਉਹ ਕਸ਼ਮੀਰ ਦੇ ਸਿੱਖਾਂ ਨੂੰ ਕੀ ਨਿਆਂ ਦਵਾਉਣਗੇ।