ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਢਾਡੀ ਦਰਬਾਰ ਸਜਾਉਣ ਲਈ ਜਿੰਮੇਵਾਰ ਦੋ ਢਾਡੀ ਸਭਾਵਾਂ ਦਰਮਿਆਨ ਆਪਸੀ ਖਿੱਚੋਤਾਣ ਦੇ ਚਲਦਿਆਂ ਪ੍ਰਬੰਧਕਾਂ ਵਲੋਂ ਇਹ ਢਾਡੀ ਦਰਬਾਰ ਅਗਲੇ ਹੁਕਮਾਂ ਤੀਕ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਦੋਸ਼ ਲਾਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਢਾਡੀ ਦਰਬਾਰ ਸਜਾਉਣ ਤੇ ਸਦਾ ਲਈ ਪਾਬੰਦੀ ਦਾ ਹੁਕਮ ਗਿਆਨੀ ਗੁਰਬਚਨ ਸਿੰਘ ਨੇ ਜਾਰੀ ਕੀਤਾ ਹੈ। ਜਦੋਂਕਿ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਢਾਡੀ ਸਭਾ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਮੰਜੀ ਸਾਹਿਬ ਵਿਖੇ ਢਾਡੀ ਦੀਵਾਨ ਸਜਾਏ ਜਾਣ ਦਾ ਫੈਸਲਾ ਵਕਤੀ ਹੈ, ਝਗੜਾ ਢਾਡੀ ਸਭਾਵਾਂ ਦਰਮਿਆਨ ਹੈ, ਜੇਕਰ ਦੋਨਾਂ ਧਿਰਾਂ ਦਰਮਿਆਨ ਕੋਈ ਸਹਿਮਤੀ ਨਾ ਬਣੀ ਤਾਂ ਛੇਤੀ ਹੀ ਬਦਲਵੇਂ ਪ੍ਰਬੰਧ ਕੀਤੇ ਜਾਣਗੇ ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸਜਾਏ ਜਾਣ ਵਾਲੇ ਢਾਡੀ ਦਰਬਾਰਾਂ ਵਿੱਚ ਹਾਜਰੀ ਭਰਨ (ਡਿਊਟੀ ਵੰਡ) ਨੂੰ ਲੈਕੇ ਦੋ ਵੱਖ ਵੱਖ ਢਾਡੀ ਸਭਾਵਾਂ ਦਰਮਿਆਨ ਬੀਤੇ ਕੁਝ ਸਾਲਾਂ ਤੋਂ ਨਿਰੰਤਰ ਖਿਚੋਤਾਣ ਦਾ ਮਾਹੌਲ ਬਣਿਆ ਹੋਇਆ ਹੈ। ਕੋਈ ਦੋ ਕੁ ਸਾਲ ਪਹਿਲਾਂ ਦੋਨਾਂ ਸਭਾਵਾਂ ਦਰਮਆਨ ਸਹਿਮਤੀ ਵੀ ਬਣ ਗਈ ਸੀ ਪਰ ਪਿਛਲੇ ਹਫਤੇ ਖਿੱਚੋਤਾਣ ਵੱਧ ਗਈ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਪ੍ਰਬੰਧਕਾਂ ਨੇ ਢਾਡੀ ਦਰਬਾਰ ਸਜਾਏ ਜਾਣ ਦੀ ਜਗ੍ਹਾ ਮੰਜੀ ਸਾਹਿਬ ਦੀਵਾਨ ਅਸਥਾਨ ਤੇ ਤਬਦੀਲ ਕਰ ਦਿੱਤੀ। ਪਹਿਲੀ ਮਈ ਤੋਂ ਲਾਗੂ ਹੋਏ ਇਸ ਪ੍ਰਬੰਧਕੀ ਹੁਕਮ ਤੋਂ ਖਫਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਢਾਡੀ ਸਭਾ ਨੇ ਅੱਜ ਇੱਕ ਇਕਤਰਤਾ ਬੁਲਾ ਲਈ। ਦੀਰਘ ਵਿਚਾਰਾਂ ਉਪਰੰਤ ਮੀਡੀਆ ਦੇ ਨਾਮ ਜਾਰੀ ਪਰੈਸ ਰਲੀਜ ਵਿੱਚ ਦੱਸਿਆ ਗਿਆ ਕਿ ਢਾਡੀ ਦਰਬਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਤੋਂ ਸਦਾ ਲਈ ਬੰਦ ਕੀਤੇ ਜਾਣ ਦੇ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਾਰੀ ਕੀਤੇ ਹਨ।
ਢਾਡੀ ਸਭਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਅਤੇ ਧਰਮ ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਗਾ ਪਾਸ ਗੁਹਾਰ ਵੀ ਲਗਾਈ ਹੈ ਪਰ ਜਵਾਬ ਮਿਲ ਰਿਹਾ ਹੈ ਕਿ ਇਹ ਹੁਕਮ ਗਿਆਨੀ ਗੁਰਬਚਨ ਸਿੰਘ ਹੁਰਾਂ ਦਾ ਹੈ। ਢਾਡੀ ਸਭਾ ਨੇ ਐਲਾਨ ਕੀਤਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਨਵੇਂ ਹੁਕਮ ਦੇ ਖਿਲਾਫ, ਰੋਸ ਵਜੋਂ ਉਹ ਹੁਣ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਉਪਰੰਤ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਦੇ ਬਾਹਰ ਢਾਡੀ ਦਰਬਾਰ ਲਗਾਇਆ ਕਰੇਗੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਅਤੇ ਗਿਆਨੀ ਗੁਰਬਚਨ ਸਿੰਘ ਨੇ ਮਾਮਲਾ ਸਪਸ਼ਟ ਕਰਦਿਆਂ ਕਿਹਾ ਹੈ ਕਿ ਮੰਜੀ ਸਾਹਿਬ ਵਿਖੇ ਢਾਡੀ ਦੀਵਾਨ ਸਜਾਏ ਜਾਣ ਦਾ ਫੈਸਲਾ ਵਕਤੀ ਹੈ, ਝਗੜਾ ਢਾਡੀ ਸਭਾਵਾਂ ਦਰਮਿਆਨ ਹੈ, ਜੇਕਰ ਦੋਨਾਂ ਧਿਰਾਂ ਦਰਮਿਆਨ ਕੋਈ ਸਹਿਮਤੀ ਨਾ ਬਣੀ ਤਾਂ ਛੇਤੀ ਹੀ ਬਦਲਵੇਂ ਪ੍ਰਬੰਧ ਕੀਤੇ ਜਾਣਗੇ ।