ਚੰਡੀਗੜ੍ਹ (22 ਦਸੰਬਰ, 204): ਡੇਰਾ ਸਰਸਾ ਦੇ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਅਤੇ ਬਦਨਾਮ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਬਨਾਈ ਗਈ ਫਿਲਮ ‘ਤੇ ਰੋਕ ਲਾਉਣ ਦੀ ਮੰਗ ਕਰਦਿਆਂ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਈ ਅਪਰਾਧਕ ਮਾਮਲਿਆਂ ਵਿਚ ਲੋੜੀਂਦੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਵਲੋਂ ਬਣਾਈ ਗਈ ਫ਼ਿਲਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਹੈ।

ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਫ਼ਿਲਮ ਨੂੰ ਪੰਜਾਬ ਦੀ ਸ਼ਾਂਤੀ ਦੇ ਲਈ ਖ਼ਤਰਾ ਦੱਸਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੋਗਲੀ ਨੀਤੀ ਛੱਡ ਕੇ ਇਸ ਫ਼ਿਲਮ ‘ਤੇ ਪਾਬੰਦੀ ਲਾਵੇ।
ਇਸਦੇ ਨਾਲ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਤ ਨੇ ਤਾਂ ਬਕਾਇਦਾ ਤੌਰ ‘ਤੇ ਅੰਮ੍ਰਿਤਸਰ ਵਿਚ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਸਰਕਾਰ ਇਸ ਗੱਲ ਦਾ ਪਤਾ ਕਰੇ ਕਿ ਕਿ ਫ਼ਿਲਮ ਬਣਾਉਣ ਲਈ ਬਾਬੇ ਨੇ ਕਿੱਥੋਂ ਪੈਸਾ ਲਿਆ। ਉਨ੍ਹਾਂ ਕਿਹਾ ਕਿ ਪੈਸਾ ਭੋਲੇ ਭਾਲੇ ਲੋਕਾਂ ਦਾ ਹੈ। ਇਸ ‘ਤੇ ਇਸ ਨੇ ਟੈਕਸ ਤੋਂ ਛੋਟ ਲਈ ਹੈ।
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੈਂਸਰ ਬੋਰਡ ਇਸ ਫ਼ਿਲਮ ਨੂੰ ਪੂਰੇ ਹਿੰਦੋਸਤਾਨ ਵਿਚ ਬੈਨ ਕਰੇ। ਕਿਉਂਕਿ ਗੁਰਮੀਤ ਰਾਮ ਰਹੀਮ ਨੇ ਗੁਰਬਾਣੀ ਨੂੰ ਠੇਸ ਪਹੁੰਚਾਈ ਹੈ। ਰਾਮ ਰਹੀਮ ਸਿੱਖਾਂ ਨੂੰ ਚਿੜਾ ਰਹੇ ਹਨ। ਇਹ ਫ਼ਿਲਮ ਨੂੰ ਚਲਣ ਨਹੀਂ ਦੇਣਗੇ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਦੇ ਪਿੱਛੇ ਆਰਐਸਐਸ ਵੀ ਹੈ। ਕਿਉਂਕਿ ਪ੍ਰਧਾਨ ਮੰਤਰੀ ਮੋਦੀ ਖੁਦ ਇਸ ਦੇ ਡੇਰੇ ‘ਤੇ ਆਏ ਸੀ।
ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਕੇ ਬ੍ਰਾਹਮਣੀ ਕੈਲੰਡਰ ਲਾਗੂ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਲੇ ਇਸ ‘ਤੇ ਕੁਝ ਕਹਿਣ ਤੋਂ ਮਨ੍ਹਾ ਕਰ ਦਿੱਤਾ।