ਲੰਡਨ (8 ਫਰਵਰੀ, 2016): ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੌਰਾਨ ਬਰਤਾਨੀਆ ਸਰਕਾਰ ਵੱਲੋਂ ਫੌਜ ਦੀ ਹਮਲੇ ਵਿੱਚ ਮੱਦਦ ਕਰਨ ਅਤੇ ਵਪਾਰਕ ਸੌਦਿਆਂ ਦੌਰਾਨ ਤਤਕਾਲੀ ਬਰਤਾਨੀਆਂ ਸਰਕਾਰ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਵਧੀਕੀਆਂ ਦੇ ਸਬੂਤ ‘ਇਨਸਾਫ ਲਈ ਯਤਨ’ ਮੁਹਿੰਮ ਤਹਿਤ ਸਿੱਖ ਜੱਥੇਬੰਦੀ ਸਿੱਖ ਫੈੱਡਰੇਸ਼ਨ ਯੂਕੇ ਬਰਤਾਨੀਆ ਦੀ ਸੰਸਦ ਵਿੱਚ ਪੇਸ਼ ਕਰੇਗੀ।
ਸਿੱਖ ਫੈਡਰੇਸ਼ਨ ਯੂਕੇ ਵੱਲੋਂ ਬਰਤਾਨੀਆਂ ਦੇ ਸਿੱਖਾਂ ਨਾਲ ਸਰਕਾਰ ਵੱਲੋਂ ਹੋਈਆਂ ਵਧੀਕੀਆਂ ਦੇ ਸਬੂਤ ਭਾਈ ਦਬਿੰਦਰਜੀਤ ਸਿੰਘ ਮੁੱਖ ਸਲਾਹਕਾਰ ਸਿੱਖ ਫੈੱਡਰੇਸ਼ਨ ਯੂ.ਕੇ. ਸਿੱਖਾਂ ਨਾਲ ਹੋਈਆਂ ਵਧੀਕੀਆਂ ਸਬੰਧੀ ਕੁਝ ਸਬੂਤ ਸੰਸਦ ਸਾਹਮਣੇ ਪੇਸ਼ ਕਰਨਗੇ, ਜਿਸ ‘ਚ ਬਰਤਾਨਵੀ ਸਰਕਾਰ ਦੀ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਵਿਚ ਭੂਮਿਕਾ ਵੀ ਸ਼ਾਮਿਲ ਹੋਵੇਗੀ

ਸਿੱਖ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਰਕਾਰ ਦੇ ਮੁੱਖ ਅਦਾਰਿਆਂ ਵੱਲੋਂ ਲੋਕਾਂ ਨੂੰ ਬਚਾਉਣਾਂ ਚਾਹੀਦਾ ਹੈ, ਨਾਕਿ ਕਿਸੇ ਹੋਰ ਦੀ ਖਾਤਰ ਕਿਸੇ ਨੂੰ ਬਲੀ ਬੱਕਰਾ ਬਣਾ ਦਿੱਤਾ ਜਾਏ।
1984 ਵੇਲੇ ਦੇ ਘਟਨਾਕ੍ਰਮ ਤੋਂ ਬਾਅਦ ਸਿੱਖਾਂ ਨੂੰ ਰਾਜਸੀ ਸ਼ਰਨ ਦਿੱਤੀ ਗਈ ਤੇ ਸਿੱਖਾਂ ਨੇ ਇਸ ਮੌਕੇ ਵੀ ਬਰਤਾਨੀਆਂ ਦੀ ਸਰਕਾਰ ਦੀਆਂ ਨੀਤੀਆਂ ਨੂੰ ਆਪਣਾ ਹਮਾਇਤੀ ਸਮਝਿਆ ਪਰ ਬਰਤਾਨੀਆਂ ਦੀ ਥੈਚਰ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵਲੋਂ ਕੀਤੇ ਹਮਲੇ ‘ਚ ਸ਼ਮੂਲੀਅਤ ਹੋਣ ਦਾ ਭਾਂਡਾ ਭੱਜਣ ਤੋਂ ਬਾਅਦ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਹਮੇਸ਼ਾਂ ਵਪਾਰਕ ਸਮਝੌਤਿਆਂ ਜਾਂ ਕੁਰਸੀਆਂ ਲਈ ਕਿਸ ਤਰ੍ਹਾਂ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ।
ਇਨ੍ਹਾਂ ਗੁਪਤ ਸਮਝੌਤਿਆਂ ਦਾ ਪਰਦਾ ਫਾਸ਼ ਉਸ ਵੇਲੇ ਹੋਇਆ ਜਦੋਂ ਬਰਤਾਨਵੀ ਕਾਨੂੰਨ ਅਨੁਸਾਰ ਹਰ 30 ਸਾਲ ਬਾਅਦ ਸਰਕਾਰੀ ਦਸਤਾਵੇਜ਼ ਜਾਰੀ ਹੋਏ, ਜਿਸ ਵਿਚ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ‘ਚ ਬਰਤਾਨਵੀ ਸਰਕਾਰ ਵਲੋਂ ਆਪਣੇ ਦੋ ਫੌਜੀ ਅਧਿਕਾਰੀਆਂ ਨੂੰ ਭੇਜ ਕੇ ਦਿੱਤੀ ਸਲਾਹ ਵੀ ਸ਼ਾਮਿਲ ਸੀ ਪਰ ਇਸ ਉਪਰੰਤ ਸਿੱਖਾਂ ਵਲੋਂ ਪ੍ਰਗਟਾਏ ਰੋਸ ਤੋਂ ਬਾਅਦ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਵਲੋਂ ਇਸ ਸਬੰਧੀ ਜਾਂਚ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬਰਤਾਨਵੀ ਸਰਕਾਰ ਵਲੋਂ ਇੰਦਰਾਂ ਗਾਂਧੀ ਸਰਕਾਰ ਦੀ ਮਦਦ ਲਈ ਫੌਜ ਦੇ ਅਧਿਕਾਰੀ ਭੇਜੇ ਗਏ ਸਨ । ਉਨ੍ਹਾਂ ਵਲੋਂ ਸੁਝਾਅ ਜ਼ਰੂਰ ਦਿੱਤੇ ਗਏ ਸਨ ਪਰ ਉਸ ਨੂੰ ਲਾਗੂ ਨਹੀਂ ਸੀ ਕੀਤਾ ਗਿਆ ।
ਪਰ ਅਫਸੋਸ ਇਹ ਹੈ ਕਿ ਸਰ ਐਲੈਕਸ ਐਲਨ ਵਲੋਂ ਅਗਸਤ, 2014 ਵਿਚ ਕੀਤੀ ਗਈ ਇਸ ਜਾਂਚ ‘ਚ ਇਕ ਹੋਰ ਗੱਲ ਤੋਂ ਵੀ ਹੁਣ ਪਰਦਾ ਹਟਿਆ ਹੈ, ਜਿਸ ਨੇ ਆਪਣੀ ਰਿਪੋਰਟ ਦੇ ਪੈਰਾ ਨੰਬਰ 52 ਵਿਚ ਇਹ ਵੀ ਕਿਹਾ ਹੈ ਕਿ ਇਹ ਦਸਤਾਵੇਜ਼ ਜਾਰੀ ਹੋਣੇ ਇਕ ਗਲਤੀ ਸੀ ।ਇਸ ਦਾ ਮਤਲਬ ਜੇ ਇਨ੍ਹਾਂ ਦਸਤਾਵੇਜ਼ਾਂ ਨੂੰ ਧਿਆਨ ਨਾਲ ਵੇਖ ਲਿਆ ਜਾਂਦਾ ਤਾਂ ਸ਼ਾਇਦ ਜਾਰੀ ਹੋਣ ਤੋਂ ਰੋਕ ਲਏ ਜਾਣੇ ਸਨ।
ਥੈਚਰ ਸਰਕਾਰ ਵੇਲੇ 15 ਅਪ੍ਰੈਲ, 1989 ਨੂੰ ਹੈਲਸਬਾਰੋ ‘ਚ ਫੁੱਟਬਾਲ ਮੈਚ ਦੌਰਾਨ ਭੜਕੇ ਲੋਕਾਂ ਵਿਚ 96 ਲੋਕਾਂ ਦੀ ਮੌਤ ਤੇ 766 ਲੋਕ ਜਖ਼ਮੀ ਹੋ ਗਏ ਸਨ, ਇਸ ਘਟਨਾ ਸਮੇਤ ਵਾਪਰੀਆਂ 5 ਅਹਿਮ ਘਟਨਾਵਾਂ ਜਿਨਾਂ ਵਿਚ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਸਬੰਧੀ ‘ਇਨਸਾਫ ਲਈ ਯਤਨ’ ਨਾਂਅ ਤਹਿਤ ਸ਼ੈਡੋ ਮਨਿਸਟਰ ਐਾਡੀ ਬਰਨਹੈਮ ਦੀ ਅਗਵਾਈ ‘ਚ ਸੰਸਦ ਵਿਚ ਅੱਜ ਸਮਾਗਮ ਹੋ ਰਿਹਾ ਹੈ।