ਲੰਡਨ: ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨਵੀ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆਂ ਵੱਲੋਂ ਸਿੱਖ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਵਿਦੇਸ਼ੀ ਧਰਤੀ ‘ਤੇ ਸਿੱਖਾਂ ਨੂੰ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਦਾ ਨਿਸ਼ਾਨਾ ਬਣਾਉਣ ਦੇ ਕਥਿਤ ਦੋਸ਼ਾਂ ‘ਤੇ ਪਾਰਦਰਸ਼ਤਾ ਨਾਲ ਕਾਰਵਾਈ ਕੀਤੀ ਜਾਵੇ। ਜਥੇਬੰਦੀ ਨੇ ਇਸ ਸਬੰਧੀ ਕਥਿਤ ਤੌਰ ਉੱਤੇ ਸਾਹਮਣੇ ਆਏ ਨਵੇਂ ਸਬੂਤਾਂ ਦਾ ਹਵਾਲਾ ਦਿੰਦਿਆਂ ਯੂ.ਕੇ. ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।
ਨਵੇਂ ਖੁਲਾਸੇ ਅਤੇ ਕਿਤਾਬ ‘ਦਿ ਦਿੱਲੀ ਡਾਇਰੈਕਟਿਵ’
ਸਿੱਖ ਫੈਡਰੇਸ਼ਨ (ਯੂ.ਕੇ.) ਨੇ 26 ਜਨਵਰੀ 2026 ਨੂੰ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਭਾਰਤੀ ਸੁਰੱਖਿਆ ਵਿਸ਼ਲੇਸ਼ਕ ਅਨਿਰੁਧ ਮਿਤਰਾ ਦੀ ਨਵੀਂ ਕਿਤਾਬ ‘ਦਿ ਦਿੱਲੀ ਡਾਇਰੈਕਟਿਵ: ਵਨਸ ਯੂ ਆਰ ਮਾਰਕਡ, ਦੇਅਰ ਇਜ਼ ਨੋ ਐਸਕੇਪ‘ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਲੇਖਕ ਨੇ ਇਸ ਕਿਤਾਬ ਨੂੰ ਗਲਪ (ਮਨੋਕਲਪਿਤ) ਦੱਸਿਆ ਹੈ, ਪਰ ਜਥੇਬੰਦੀ ਅਨੁਸਾਰ ਇਸ ਵਿੱਚ ਕਈ ਅਜਿਹੇ ਤੱਥ ਹਨ ਜੋ ਅਸਲ ਘਟਨਾਵਾਂ ਨਾਲ ਮੇਲ ਖਾਂਦੇ ਹਨ। ਜ਼ਿਕਰਯੋਗ ਹੈ ਕਿ ਕਿਤਾਬ ਦੇ ਸਿਰਲੇਖ ਉੱਤੇ ਇਹ ਟੂਕ ਲਿਖੀ ਹੋਈ ਹੈ ਕਿ “ਸੱਚਾਈ ਨੂੰ ਸਿਰਫ ਗਲਪ ਰਾਹੀਂ ਹੀ ਬਿਆਨ ਕੀਤਾ ਜਾ ਸਕਦਾ ਹੈ”। ਲੇਖਕ ਨੇ ਖਬਰਖਾਨੇ ਨਾਲ ਗੱਲਬਾਤ (ਮੀਡੀਆ ਇੰਟਰਵਿਊਜ਼) ਵਿੱਚ ਬਰਮਿੰਘਮ ਦੇ ਹਸਪਤਾਲ ਵਿੱਚ 15 ਜੂਨ 2023 ਨੂੰ ਹੋਈ ਸਿੱਖ ਕਾਰਕੁੰਨ ਅਵਤਾਰ ਸਿੰਘ ਖੰਡਾ ਦੀ ਮੌਤ ਬਾਰੇ ਵੀ ਚਰਚਾ ਕੀਤੀ ਹੈ। ਭਾਰਤੀ ਅਧਿਕਾਰਤ ਹਲਕਿਆਂ ਵਿੱਚ ਇਸ ਮਾਮਲੇ ‘ਤੇ ਕਾਫੀ ਭੇਤਭਰੀ ਚੁੱਪ ਹੈ ਅਤੇ ਕਥਿਤ ਤੌਰ ‘ਤੇ ਅਜਿਹੀਆਂ ਗੱਲਾਂ ਚੱਲ ਰਹੀਆਂ ਹਨ ਕਿ ਖੰਡਾ ਨੂੰ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ।

ਖੁਫੀਆ ਜਾਣਕਾਰੀ ਅਤੇ ਅੰਤਰਰਾਸ਼ਟਰੀ ਰਿਪੋਰਟਾਂ
ਪ੍ਰੈਸ ਬਿਆਨ ਵਿੱਚ ਨਵੰਬਰ 2025 ਦੀ ਖਬਰ ਅਦਾਰੇ ਬਲੂਮਬਰਗ ਦੇ ਉਸ ਵਿਸਤਾਰਤ ਲੇਖੇ (ਰਿਪੋਰਟ) ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਅਨੁਸਾਰ ਬ੍ਰਿਟਿਸ਼ ਖੁਫੀਆ ਏਜੰਸੀ ਜੀ.ਸੀ.ਐਚ.ਕਿਊ. ਕੋਲ ਅਜਿਹੇ ਸਬੂਤ ਸਨ ਕਿ ਭਾਰਤੀ ਏਜੰਟਾਂ ਨੇ ਕੈਨੇਡਾ, ਅਮਰੀਕਾ ਅਤੇ ਯੂ.ਕੇ. ਵਿੱਚ ਸਿੱਖ ਕਾਰਕੁੰਨਾਂ ਦੇ ਕਤਲ ਦੀਆਂ ਸਾਜ਼ਿਸ਼ਾਂ ਘੜੀਆਂ ਸਨ। ਇਹ ਜਾਣਕਾਰੀ ਜੁਲਾਈ 2023 ਵਿੱਚ ਕੈਨੇਡੀਅਨ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ ਸੀ, ਜੋ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਤੁਰੰਤ ਬਾਅਦ ਸਾਂਝੀ ਕੀਤੀ ਗਈ ਸੀ। ਸਿੱਖ ਫੈਡਰੇਸ਼ਨ (ਯੂ.ਕੇ.) ਦੇ ਆਗੂ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੂੰ ਚਿੱਠੀ ਲਿਖ ਕੇ ਇਨ੍ਹਾਂ ਖੁਲਾਸਿਆਂ ‘ਤੇ ਜਵਾਬ ਮੰਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਯੂ.ਕੇ. ਵੱਲੋਂ ਜਾਣਕਾਰੀ ਸਾਂਝੀ ਕੀਤੇ ਜਾਣ ‘ਤੇ ਭਾਰਤੀ ਅਧਿਕਾਰੀ ਨਾਰਾਜ਼ ਸਨ ਅਤੇ ਇਸੇ ਦੌਰਾਨ ਇੱਕ ਭਾਰਤੀ ਖੁਫੀਆ ਅਧਿਕਾਰੀ ਸਰਵੇਸ਼ ਰਾਜ ਨੂੰ ਯੂ.ਕੇ. ਵਿੱਚੋਂ ਕੱਢ ਦਿੱਤਾ ਗਿਆ ਸੀ।
ਅਵਤਾਰ ਸਿੰਘ ਖੰਡਾ ਦੀ ਮੌਤ ‘ਤੇ ਸਵਾਲ
ਯੂ.ਕੇ. ਦੀ ਇਸ ਸਿੱਖ ਜਥੇਬੰਦੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਖੁਫੀਆ ਸਰੋਤਾਂ ਅਨੁਸਾਰ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦੇਣ ਵਿੱਚ ਭਾਰਤੀ ਏਜੰਟਾਂ ਅਤੇ ਸ਼ਾਇਦ ਰੂਸੀ ਕਾਰਿੰਦਿਆਂ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਨਤਕ ਜਾਂਚ ਹੋਣੀ ਚਾਹੀਦੀ ਹੈ। ਬੈਰਿਸਟਰ ਮਾਈਕਲ ਪੋਲਕ, ਜੋ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਵੱਲੋਂ ਕੇਸ ਲੜ ਰਹੇ ਹਨ, ਨੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਲਿਖ ਕੇ ਨਵੀਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਮਿੰਘਮ ਸਥਿਤ ਇੱਕ ਭਾਰਤੀ ਖੁਫੀਆ ਅਧਿਕਾਰੀ ਨੇ ਅਵਤਾਰ ਸਿੰਘ ਖੰਡਾ ਨੂੰ ਧਮਕੀਆਂ ਦਿੱਤੀਆਂ ਸਨ।
ਪੁਲਿਸ ਦੀ ਕਾਰਵਾਈ ‘ਤੇ ਇਤਰਾਜ਼
ਸਿੱਖ ਫੈਡਰੇਸ਼ਨ ਯੁ.ਕੇ. ਨੇ ਵੈਸਟ ਮਿਡਲੈਂਡਜ਼ ਪੁਲਿਸ ਦੀ ਭੂਮਿਕਾ ‘ਤੇ ਵੀ ਸਵਾਲ ਚੁੱਕੇ ਹਨ। ਜਥੇਬੰਦੀ ਦਾ ਕਹਿਣਾ ਹੈ ਕਿ ਪੁਲਿਸ ਨੇ ਨਾ ਤਾਂ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਜਾਂ ਦੋਸਤਾਂ ਦੇ ਬਿਆਨ ਲਏ ਅਤੇ ਨਾ ਹੀ ਉਨ੍ਹਾਂ ਦੇ ਮੋਬਾਈਲ ਜਾਂ ਲੈਪਟਾਪ ਦੀ ਜਾਂਚ ਕੀਤੀ। ਪੁਲਿਸ ਨੇ ਪਹਿਲਾਂ ਇਸ ਮੌਤ ਨੂੰ ‘ਗੈਰ-ਸ਼ੱਕੀ’ ਕਰਾਰ ਦਿੱਤਾ ਸੀ, ਪਰ ਜਥੇਬੰਦੀ ਦਾ ਮੰਨਣਾ ਹੈ ਕਿ ਮੌਤ ਤੋਂ ਪਹਿਲਾਂ ਅਤੇ ਬਾਅਦ ਦੇ ਹਾਲਾਤ ਬੇਹੱਦ ਸ਼ੱਕੀ ਸਨ। ਇਸ ਸਬੰਧੀ ‘ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ’ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਜਿਸ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ।
ਯੂ.ਕੇ. ਸਰਕਾਰ ਦਾ ਪੱਖ
ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਜਥੇਬੰਦੀ ਨੂੰ ਦਿੱਤੇ ਜਵਾਬ ਵਿੱਚ ਭਰੋਸਾ ਦਿੱਤਾ ਹੈ ਕਿ ਬ੍ਰਿਟਿਸ਼ ਸਿੱਖਾਂ ਦੀ ਸੁਰੱਖਿਆ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦੇਸ਼ੀ ਸਰਕਾਰ ਵੱਲੋਂ ਯੂ.ਕੇ. ਦੇ ਨਾਗਰਿਕਾਂ ਨੂੰ ਡਰਾਉਣ-ਧਮਕਾਉਣ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਖੁਫੀਆ ਜਾਣਕਾਰੀ ਸਾਂਝੀ ਕਰਨ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਰਤ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਚੱਲ ਰਹੀਆਂ ਜਾਂਚਾਂ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਸਿੱਖ ਫੈਡਰੇਸ਼ਨ (ਯੂ.ਕੇ.) ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਸਹੀ ਕਾਰਨ ਅਤੇ ਭਾਰਤੀ ਏਜੰਟਾਂ ਦੀ ਕਥਿਤ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਨਹੀਂ ਹੁੰਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।