ਚੰਡੀਗੜ੍ਹ( 24 ਅਗਸਤ, 2015): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਕਿਸੇ ਵੀ ਤਖ਼ਤ ਤੋਂ ਕਿਸੇ ਗੈਰ ਸਿੱਖ ਨੂੰ ਸਿਰੋਪਾ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਤਖ਼ਤ ਸਿੱਖ ਭਾਈਚਾਰੇ ਦੇ ਅੰਦਰੂਨੀ ਮਾਮਲਿਆਂ ਨੂੰ ਨਜਿੱਠਣ ਅਤੇ ਵਿਚਾਰਨ ਲਈ ਹਨ। ਗੁਰਦੁਆਰੇ ਸਭ ਲਈ ਸਾਂਝੇ ਹਨ ਅਤੇ ਉਨ੍ਹਾਂ ਵਿੱਚ ਕਿਸੇ ਨੂੰ ਵੀ ਸਿਰੋਪਾ ਦਿੱਤਾ ਜਾ ਸਕਦਾ ਹੈ।

ਮੱਕੜ ਨੇ ਕਿਹਾ ਕਿ ਦਮਦਮਾ ਸਾਹਿਬ ਵਿਖੇ ਜਿਨ੍ਹਾਂ ਮੁਲਾਜ਼ਮਾਂ ਨੇ ਗਲਤੀ ਕੀਤੀ ਹੈ, ਹੋ ਸਕਦਾ ਹੈ ਕਿ ੳੁਨ੍ਹਾਂ ਨੇ ਕਿਸੇ ਦੇ ਪ੍ਰਭਾਵ ਵਿੱਚ ਆ ਕੇ ਸਿਰੋਪਾ ਦੇ ਦਿੱਤਾ ਹੋਵੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਲੲੀ ਆਏ ਆਰ.ਐਸ.ਐਸ. ਦੇ ਕੌਮੀ ਸਕੱਤਰ ਵਿਜੇ ਕੁਮਾਰ ਨੂੰ ਸਿਰੋਪਾ ਦਿੱਤੇ ਜਾਣ ਕਾਰਨ ਐਸ.ਜੀ.ਪੀ.ਸੀ. ਦੇ ਦੋ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਗਿਅਾ ਸੀ ਅਤੇ ਉਹ ਧਾਰਮਿਕ ਸਜ਼ਾ ਵੀ ਭੁਗਤ ਚੁੱਕੇ ਹਨ।
ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਕਿਹਾ ਕਿ ੲੇਨੇ ਲੰਬੇ ਸਮੇਂ ਤੱਕ ਵੀ ਅਸਪੱਸ਼ਟਤਾ ਰਹਿਣ ਦੀ ਜ਼ਿੰਮੇਵਾਰੀ ਸਿੱਖ ਭਾਈਚਾਰੇ ਅਤੇ ਸ਼੍ਰੋਮਣੀ ਕਮੇਟੀ ਦੀ ਹੈ। ਗੁਰਦੁਆਰਾ ਅਤੇ ਤਖ਼ਤ ਦੋ ਅਲੱਗ ਅਲੱਗ ਥਾਵਾਂ ਹਨ। ਗੁਰਦੁਆਰਾ ਸਰਬਸਾਂਝੀ ਜਗ੍ਹਾ ਹੈ ਜਦਕਿ ਤਖ਼ਤ ਨਿਰੋਲ ਸਿੱਖ ਭਾਈਚਾਰੇ ਲਈ ਰਾਖਵੀਂ ਜਗ੍ਹਾ ਹੈ। ਦੋ ਅਲੱਗ ਅਲੱਗ ਮਰਿਆਦਾਵਾਂ ਹਨ।
ਤਖ਼ਤ ਭਾਈਚਾਰੇ ਦੀ ਅੰਦਰੂਨੀ ਅਥਾਰਟੀ ਦਾ ਪ੍ਰਤੀਕ ਹਨ। ਦਰਬਾਰ ਸਾਹਿਬ ਦੇ ਚਾਰੋ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ ਪਰ ਇਹ ਵੱਖ ਗੱਲ ਹੈ ਕਿ ਉੱਥੇ ਵੀ ਪੱਖਪਾਤ ਹੋ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸਿਰੋਪਾ ਦੇਣ ਤੋਂ ਗੁਰੇਜ਼ ਕੀਤਾ ਗਿਆ ਪਰ ਭਾਜਪਾ ਆਗੂਆਂ ਸਮੇਤ ਹੋਰਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾ ਦਿੱਤੇ ਜਾਂਦੇ ਰਹੇ ਹਨ।
ਤਖ਼ਤ ਦਮਦਮਾ ਸਾਹਿਬ ਵਿਖੇ ਜੇਕਰ ਮੁਲਾਜ਼ਮਾਂ ਨੇ ਸਿਰੋਪਾ ਦਿੱਤਾ ਹੈ ਤਾਂ ਉਹ ਨਹੀਂ ਬਲਕਿ ਉੱਥੋਂ ਦੇ ਪ੍ਰਬੰਧਕ ਵੱਧ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਮੁਲਾਜ਼ਮਾਂ ਨੂੰ ਸਿਖਲਾਈ ਨਹੀਂ ਦਿੱਤੀ ਗੲੀ।
ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟ ਮਰਿਅਾਦਾ ਦਾ ਐਲਾਨ ਕਰਨਾ ਚਾਹੀਦਾ ਹੈ। ਜਿਨ੍ਹਾਂ ਜਥੇਬੰਦੀਆਂ ’ਤੇ ਸਿੱਖ ਧਰਮ ਨੂੰ ਸਿਧਾਂਤਕ ਜਾਂ ਅਮਲੀ ਪੱਧਰ ਉੱਤੇ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਹੋਵੇ, ਉਨ੍ਹਾਂ ਦੀ ਦਰਜਾਬੰਦੀ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਮੁਲਾਜ਼ਮਾਂ ਨੂੰ ਸਪੱਸ਼ਟ ਹੋਵੇਗਾ ਕਿ ਸਿਰੋਪਾ ਦੇਣ ਦੇ ਘੇਰੇ ਵਿੱਚ ਕਿਹਡ਼ੀਅਾਂ ਸ਼ਖ਼ਸੀਅਤਾਂ ਆਉਂਦੀਅਾਂ ਹਨ।