ਪਟਿਆਲਾ ( 6 ਜੁਲਾਈ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਫੇਲ ਹੋ ਚੁੱਕੀ ਸੀ। ਕਾਨੂੰਨੀ ਵਿਵਸਥਾ ਫੇਲ ਹੋਣ ਕਰਕੇ ਹੋਈ 1984 ਵਿੱਚ ਸਿੱਖ ਵਿਰੋਧੀ ਹਿੰਸਾ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲ ਹੋ ਗਿਆ ਸੀ।

ਪਟਿਆਲਾ ਜਿਲੇ ਦੇ ਸ਼ਹਿਰ ਭਾਦਸੋਂ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਛੇਤੀ ਹੀ ਦਿੱਲੀ ਗਿਆ ਸੀ ਅਤੇ ਦਿੱਲੀ ਵਿੱਚ ਹਰ ਪਾਸੇ ਪਸਰੀ ਮੌਤ ਅਤੇ ਤਬਾਹੀ ਉਸਨੇ ਖੁਦ ਅੱਖੀਂ ਦੇਖੀ ਸੀ।ਉਨ੍ਹਾਂ ਨੇ ਕਿਹਾ ਕਿ ਦਿੱਲੀ ਚੋਣਾਂ ਸਮੇਂ ਕਾਂਗਰਸੀ ਉਮੀਦਵਾਰ ਜਗਦੀਸ਼ ਟਾਇਟਲਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਉਨ੍ਹਾਂ ਨੇ ਇਸ ਲਈ ਇਨਕਾਰ ਕਰ ਦਿੱਤਾ ਸੀ ਕਿ ਉਸਦਾ ਨਾਮ 1984 ਦੀ ਸਿੱਖ ਵਿਰੋਧੀ ਹਿੰਸਾ ਨਾਲ ਜੁੜਿਆ ਹੋਇਆ ਸੀ।
ਦਿੱਲੀ ਸਿੱਖ ਕਤਲੇਆਮ ਕਾਨੂੰਨ ਵਿਵਸਥਾ ਫੇਲ ਹੋਣ ਦਾ ਨਤੀਜ਼ਾ ਸੀ ਜਾਂ ਸੋਚੀ ਵਿਚਾਰੀ ਨਸਲਕੁਸ਼ੀ ਸੀ?:
ਕੈਪਟਨ ਅਮਰਿੰਦਰ ਸਿੰਘ ਦਾ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਦਿੱਤਾ ਬਿਆਨ ਅਧੁਰਾ ਹੈ।ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਣ ਬੁੱਝ ਕੇ ਦਿੱਤਾ ਗਿਆ ਇਹ ਬਿਆਨ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਹੈ।ਦਿੱਲੀ ਵਿੱਚ ਵਾਪਰੀ ਸਿੱਖ ਨਸਲਕੁਸ਼ੀ ਕਾਨੂੰਨ ਵਿਵਸਥਾ ਦੇ ਫੇਲ ਹੋਣ ਕਰਕੇ ਨਹੀਂ, ਬਲਕਿ ਉਸਦੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਅਗਵਾਈ ਵਿੱਚ ਭਾਰਤੀ ਨਿਜ਼ਾਮ ਦੀ ਅਫਸਾਰਸ਼ਾਹੀ ਵੱਲੋਂ ਸੰਗਠਿਤ ਤਰੀਕੇ ਨਾਲ ਕੀਤਾ ਗਿਆ ਸੀ।
ਇਸਤੋਂ ਇਲਾਵਾ ਗਵਾਹੀਆਂ ਦੀ ਮੌਜੂਦਗੀ ਇਹ ਦੱਸਦੀ ਹੈ ਕਿ ਨਵੰਬਰ 1984 ਨਸਲਕੁਸ਼ੀ ਕਾਨੂੰਨ ਵਿਵਸਥਾ ਫੇਲ ਹੋਣ ਕਰਕੇ ਨਹੀਂ ਸੀ ਵਾਪਰੀ, ਬਲਕਿ ਇਹ ਸਮੁੱਚੇ ਭਾਰਤ ਵਿੱਚ ਸੋਚੀ ਸਮਝੀ ਸਾਜ਼ਿਸ਼ ਅਧੀਨ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸਿੱਖਾਂ ਦਾ ਕਤਲੇਆਮ ਸੀ।