ਅੰਮ੍ਰਿਤਸਰ (12 ਜੂਨ 2014): ਉੱਘੇ ਸਮਾਜ ਸੇਵਕ , ਤੇ ਸਾਬਕਾ ਸੰਸਦ ਮੈਂਬਰ , ਬਾਬੂ ਕਾਂਸ਼ੀ ਰਾਮ ਦੇ ਅਤਿ ਨੇੜਲੇ ਸਾਥੀ, ਬਹੁਜਨ ਸਮਾਜ ਪਾਰਟੀ ਦੇ ਮੁਢਲੇ ਆਗੂ ਸ.ਹਰਭਜਨ ਸਿੰਘ ਲਾਖਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ.ਲਾਖਾ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ ਅਤੇ ਉਨ੍ਹਾਂ ਦੀ ਦਲਿਤ ਸਮਾਜ ਨੂੰ ਵਡਮੁੱਲੀ ਦੇਣ ਹੈ।
ਉਨ੍ਹਾਂ ਕਿਹਾ ਕਿ ਸ.ਲਾਖਾ ਨੇ ਸਮਾਜ ਭਲਾਈ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ।
ਉਨ੍ਹਾਂ ਕਿਹਾ ਕਿ ਉਹ ਆਪਣੀ ਮਿਹਨਤ, ਦਿਆਨਤਦਾਰੀ ਅਤੇ ਪਾਰਦਰਸ਼ੀ ਸੋਚ ਕਾਰਣ ਦੋ ਵਾਰ ਸੰਸਦ ਦੇ ਮੈਂਬਰ ਚੁਣੇ ਗਏ। ਸ.ਲਾਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਸਨ ਅਤੇ ਬੀਤੀ 6 ਜੂਨ ਨੂੰ ਉਨ੍ਹਾਂ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਣ ਕੀਤਾ ਅਤੇ ਗੁਰੂ ਵਾਲੇ ਬਣੇ।
ਉਨ੍ਹਾਂ ਕਿਹਾ ਕਿ ਸ.ਲਾਖਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਮੁੱਚੇ ਸਮਾਜ ਨੂੰ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਪਿੱਛੇ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।